ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫਤਾਰ
Monday, Apr 05, 2021 - 05:59 PM (IST)
ਗੁਰੂਹਰਸਹਾਏ (ਆਵਲਾ): ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਗਸ਼ਤ ਦੌਰਾਨ ਮਿਲੀ ਸੂਚਨਾ ਦੇ ਆਧਾਰ ’ਤੇ ਛਾਪਾਮਾਰੀ ਕਰਦਿਆਂ ਕੁਟੀ ਮੋੜ ਮੁਕਤਸਰ ਰੋਡ ਤੋਂ ਭੋਲੇ-ਭਾਲੇ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਠੱਗਣ ਵਾਲੇ ਤੇ ਰਾਤ ਦੇ ਸਮੇਂ ਪੁਲਸ ਦੀਆਂ ਵਰਦੀਆਂ ਪਾ ਕੇ ਨਾਕੇ ਲਗਾ ਕੇ ਲੋਕਾਂ ਤੋਂ ਪੈਸੇ ਇਕੱਠੇ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਇਕ ਲੱਖ 20 ਹਜ਼ਾਰ ਦੀ ਜਾਅਲੀ ਕਰੰਸੀ, ਕਾਰ, ਦੇਸੀ ਕੱਟਾ, ਜਿੰਦਾ ਕਾਰਤੂਸ ਤੇ ਹੋਰ ਧਾਰਮਿਕ ਸਮੱਗਰੀ ਵਾਲੇ ਅਟੈਚੀ ਨਾਲ ਗ੍ਰਿਫਤਾਰ ਕੀਤਾ ਹੈ, ਜਦਕਿ 3 ਹੋਰ ਗਿਰੋਹ ਦੇ ਮੈਂਬਰ ਫਰਾਰ ਹੋ ਗਏ ਹਨ, ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਗੁਰੂਹਰਸਹਾਏ ਦੇ ਮੁੱਖ ਅਫਸਰ ਜਸਵਰਿੰਦਰ ਸਿੰਘ ਅਤੇ ਮੁਨਸ਼ੀ ਤਿਲਕ ਰਾਜ ਨੇ ਦੱਸਿਆ ਕਿ ਬੀਤੇ ਦਿਨ ਏ.ਐੱਸ.ਆਈ. ਮਲਕੀਤ ਦੀ ਅਗਵਾਈ ਹੇਠ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਓਮ ਪ੍ਰਕਾਸ਼ ਪੁੱਤਰ ਕਾਤੂ ਰਾਮ, ਅਸ਼ੋਕ ਕੁਮਾਰ ਪੁੱਤਰ ਹਰਬੰਸ ਸਿੰਘ, ਇਕਬਾਲ ਸਿੰਘ ਪੁੱਤਰ ਸੁਖਦੇਵ ਸਿੰਘ, ਗੋਰਾ ਸਿੰਘ ਪੁੱਤਰ ਅਸ਼ੋਕ ਕੁਮਾਰ, ਮਨਜੀਤ ਕੌਰ ਪਤਨੀ ਗੁਰਦੀਪ ਸਿੰਘ, ਸ਼ਰਨਜੀਤ ਸਿੰਘ ਪੁੱਤਰ ਬਲਵੰਤ ਸਿੰਘ ਅਤੇ 4-5 ਅਣਪਛਾਤੇ ਆਦਮੀ ਭੋਲੇ ਭਾਲੇ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਠੱਗਦੇ ਹਨ ਤੇ ਰਾਤ ਦੇ ਸਮੇਂ ਪੁਲਸ ਦੀਆਂ ਵਰਦੀਆਂ ਪਾ ਕੇ ਨਾਕੇ ਲਗਾ ਕੇ ਲੋਕਾਂ ਤੋਂ ਪੈਸੇ ਇਕੱਠੇ ਕਰਦੇ ਹਨ।
ਜਿਸ ’ਤੇ ਪੁਲਸ ਨੇ ਛਾਪਾਮਾਰੀ ਕਰ ਕੇ ਦੋਸ਼ੀ ਓਮ ਪ੍ਰਕਾਸ਼, ਅਸ਼ੋਕ ਕੁਮਾਰ, ਇਕਬਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 500-500 ਰੁਪਏ ਦੀਆਂ ਦੋ ਗੁੱਟੀਆਂ ਤੇ 100-100 ਰੁਪਏ ਦੀਆਂ ਦੋ ਗੁੱਟੀਆਂ 1 ਲੱਖ 20 ਹਜ਼ਾਰ ਰੁਪਏ ਦੇ ਜਾਅਲੀ ਨੋਟ, ਇਕ ਦੇਸੀ ਕੱਟਾ 315 ਬੋਰ, 5 ਜਿੰਦਾ ਕਾਰਤੂਸ, ਇਕ ਜਿੰਨ ਕਾਰ, ਇਕ ਅਟੈਚੀ, ਜਿਸ ’ਚ ਮਾਲਾ ਤੇ ਹੋਰ ਧਾਰਮਿਕ ਸਮੱਗਰੀ ਦੋਸ਼ੀਆਂ ਤੋਂ ਬਰਾਮਦ ਹੋਈ।ਉਨ੍ਹਾਂ ਦੱਸਿਆ ਕਿ ਪੁਲਸ ਮਾਮਲਾ ਦਰਜ ਕਰ ਕੇ ਫੜ੍ਹੇ ਗਏ ਗਿਰੋਹ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ, ਜਿਨ੍ਹਾਂ ਦੇ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।