ਸਰਕਾਰੀ ਹਸਪਤਾਲ 'ਚ ਛੇੜਛਾੜ ਦੀ ਸ਼ਿਕਾਰ ਕੁੜੀ ਨੂੰ ਪਿਆ ਦੌਰਾ, ਪੀ. ਜੀ. ਆਈ. ਰੈਫਰ

08/10/2018 3:43:24 PM

ਸਮਰਾਲਾ (ਸੰਜੇ ਗਰਗ) : ਸਮਰਾਲਾ ਦੇ ਸਰਕਾਰੀ ਹਸਪਤਾਲ 'ਚ ਛੇੜਛਾੜ ਦਾ ਸ਼ਿਕਾਰ ਹੋਣ ਵਾਲੀ ਕੁੜੀ ਨੂੰ ਥੋੜ੍ਹੀ ਦੇਰ ਪਹਿਲਾਂ ਹੀ ਮਿਰਗੀ ਦਾ ਦੌਰਾ ਪਿਆ ਹੈ, ਜਿਸ ਮਗਰੋਂ ਹਸਪਤਾਲ ਪ੍ਰਸਾਸ਼ਨ ਨੇ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਨੇੜਲੇ ਪਿੰਡ ਦੀ ਪੀੜਤ ਲੜਕੀ 6 ਦਿਨ ਤੋਂ ਟਾਈਫਾਈਡ ਬੁਖਾਰ ਤੋਂ ਪੀੜਤ ਹੋਣ ਕਾਰਨ ਇਲਾਜ ਲਈ ਇੱਥੇ ਦਾਖਲ ਸੀ। ਲੜਕੀ ਨੇ ਹਸਪਤਾਲ ਦੇ ਇਕ ਚੌਥਾ ਦਰਜਾ ਕਰਮਚਾਰੀ 'ਤੇ ਅੱਧੀ ਰਾਤ ਨੂੰ ਉਸ ਨਾਲ ਛੇੜਤਾੜ ਕਰਨ ਅਤੇ ਜ਼ਬਰੀ ਸਬੰਧ ਬਣਾਉਣ ਲਈ ਧਮਕਾਉਣ ਦਾ ਦੋਸ਼ ਲਾਉਂਦਿਆਂ ਹਸਪਤਾਲ ਪ੍ਰਸਾਸ਼ਨ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ। 
ਹਸਪਤਾਲ 'ਚ ਇਸ ਤਰ੍ਹਾਂ ਦਾ ਗੰਭੀਰ ਮਾਮਲਾ ਸਾਹਮਣੇ ਆਉਂਦੇ ਹੀ ਐਸ. ਐਮ. ਓ. ਡਾ. ਤਾਰਕਜੋਤ ਸਿੰਘ ਨੇ ਮਾਮਲੇ ਦੀ ਪੜਤਾਲ ਲਈ ਤੁਰੰਤ ਇਕ ਜਾਂਚ ਕਮੇਟੀ ਦਾ ਗਠਨ ਕਰਦੇ ਹੋਏ ਰਿਪੋਰਟ ਮੰਗੀ ਸੀ। ਉਕਤ ਲੜਕੀ ਨੇ ਅੱਜ ਸਵੇਰੇ ਹੀ ਇਸ ਜਾਂਚ ਕਮੇਟੀ ਅੱਗੇ ਪੇਸ਼ ਹੋ ਕੇ ਆਪਣੇ ਬਿਆਨ ਦਿੱਤੇ ਸਨ ਪਰ ਉਸ ਨੇ ਜਾਂਚ ਕਮੇਟੀ ਨੂੰ ਦਿੱਤੇ ਬਿਆਨਾਂ 'ਤੇ ਆਪਣੇ ਸਾਈਨ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ। ਦੂਜੇ ਪਾਸੇ ਇਸ ਲੜਕੀ ਨਾਲ ਛੇੜਛਾੜ ਦੇ ਇਲਜ਼ਾਮਾਂ 'ਚ ਘਿਰੇ ਮੁਲਾਜ਼ਮ ਨੇ ਵੀ ਜਾਂਚ ਕਮੇਟੀ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖਿਆ। ਅਜੇ ਜਾਂਚ ਕਮੇਟੀ ਦੀ ਪੜਤਾਲ ਚੱਲ ਹੀ ਰਹੀ ਸੀ ਕਿ ਅਚਾਨਕ ਇਸ ਲੜਕੀ ਨੂੰ ਮਿਰਗੀ ਦਾ ਗੰਭੀਰ ਦੌਰਾ ਪੈ ਗਿਆ। ਹਸਪਤਾਲ 'ਚ ਮੌਜੂਦ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਪੀ. ਜੀ. ਆਈ. ਲਈ ਰੈਫਰ ਕਰ ਦਿੱਤਾ। ਹਸਪਤਾਲ ਪ੍ਰਸਾਸ਼ਨ ਨੇ ਚੌਥਾ ਦਰਜਾ ਕਰਮਚਾਰੀ 'ਤੇ ਲੱਗੇ ਦੋਸ਼ਾਂ ਮਗਰੋਂ ਭਾਵੇਂ ਕਾਰਵਾਈ ਲਈ ਜਾਂਚ ਤਾਂ ਆਰੰਭ ਦਿੱਤੀ ਹੈ ਪਰ ਪੀੜਤ ਲੜਕੀ ਵੱਲੋਂ ਕਮੇਟੀ ਅੱਗੇ ਦਿੱਤੇ ਬਿਆਨਾਂ 'ਤੇ ਸਾਈਨ ਕਰਨ ਤੋਂ ਮਨਾ ਕਰ ਦਿੱਤੇ ਜਾਣ ਦੀ ਵਜਾ ਨਾਲ ਜਾਂਚ ਕਮੇਟੀ ਦੀ ਰਿਪੋਰਟ ਵਿਚਾਲੇ ਹੀ ਲੱਟਕ ਗਈ ਹੈ। 
ਕਾਰਜਕਾਰੀ ਐੱਸ. ਐੱਮ. ਓ. ਡਾ. ਤਾਰਕਜੋਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਲੜਕੀ ਦੀ ਲਿਖਤੀ ਸ਼ਿਕਾਇਤ ਤਾਂ ਮਿਲ ਚੁੱਕੀ ਹੈ, ਪਰ ਪੜਤਾਲ ਲਈ ਗਠਿਤ ਕੀਤੀ ਕਮੇਟੀ ਉਦੋਂ ਤੱਕ ਆਪਣੀ ਫਾਈਨਲ ਰਿਪੋਰਟ ਨਹੀਂ ਦੇ ਸਕਦੀ, ਜਦੋਂ ਤੱਕ ਪੀੜਤ ਲੜਕੀ ਕਮੇਟੀ ਅੱਗੇ ਦਿੱਤੇ ਬਿਆਨਾਂ 'ਤੇ ਆਪਣੇ ਦਸਤਖ਼ਤ ਨਹੀਂ ਕਰਦੀ। ਉਨ੍ਹਾਂ ਲੜਕੀ ਨੂੰ ਦੌਰਾ ਪੈਣ ਮਗਰੋਂ ਪੀ.ਜੀ.ਆਈ. ਭੇਜੇ ਜਾਣ ਦੇ ਮਾਮਲੇ 'ਚ ਕਿਹਾ ਕਿ ਇਹ ਲੜਕੀ ਮਿਰਗੀ ਰੋਗ ਤੋਂ ਵੀ ਕਾਫੀ ਦੇਰ ਤੋਂ ਪੀੜਤ ਸੀ ਅਤੇ ਉਸ ਦਾ ਪਹਿਲਾ ਤੋਂ ਹੀ ਇਸ ਬੀਮਾਰੀ ਦਾ ਇਲਾਜ ਚੱਲ ਰਿਹਾ ਸੀ ਅਤੇ ਅੱਜ ਹਸਪਤਾਲ 'ਚ ਹੀ ਦੌਰਾ ਪੈਣ ਮਗਰੋਂ ਉਸ ਦੀ ਹਾਲਤ ਅਤੇ ਸਹੀ ਇਲਾਜ ਕਰਕੇ ਹੀ ਉਸ ਨੂੰ ਰੈਫਰ ਕੀਤਾ ਗਿਆ ਹੈ।
ਪੁਲਸ ਨੂੰ ਨਹੀਂ ਮਾਮਲੇ ਦੀ ਕੋਈ ਜਾਣਕਾਰੀ
ਸਥਾਨਕ ਪੁਲਸ ਨੇ ਹਸਪਤਾਲ 'ਚ ਲੜਕੀ ਨਾਲ ਛੇੜਛਾੜ ਹੋਣ ਦੇ ਕਿਸੇ ਵੀ ਮਾਮਲੇ ਤੋਂ ਇਨਕਾਰ ਕੀਤਾ ਹੈ। ਐੱਸ.ਐੱਚ.ਓ. ਭੁਪਿੰਦਰ ਸਿੰਘ ਨੇ ਕਿਹਾ ਕਿ ਪੁਲਸ ਕੋਲ ਇਸ ਮਾਮਲੇ 'ਚ ਅਜੇ ਤੱਕ ਕਿਸੇ ਤਰ੍ਹਾਂ ਦੀ ਵੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਦੇ ਹੀ ਇਸ ਮਾਮਲੇ ਦੀ ਪੜਤਾਲ ਕਰੇਗੀ ਅਤੇ ਦੋਸ਼ੀ ਪਾਏ ਜਾਣ 'ਤੇ ਪੁਲਸ ਸਖ਼ਤ ਕਾਰਵਾਈ ਵੀ ਕਰੇਗੀ।


Related News