ਸਾਬਕਾ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਨੇ ਆਪਣੀ ਪਾਰਟੀ ਭਾਜਪਾ ’ਤੇ ਹੀ ਖੜ੍ਹੇ ਕੀਤੇ ਸਵਾਲ
Saturday, Apr 16, 2022 - 06:20 PM (IST)
ਬਾਘਾ ਪੁਰਾਣਾ (ਅਜੇ) : ਕੈਪਟਨ ਅਮਰਿੰਦਰ ਸਿੰਘ ਕਾਗਜ਼ੀ ਸ਼ੇਰ ਬਣ ਕੇ ਰਹਿ ਗਿਆ ਹੈ। ਭਾਜਪਾ ਦੇ ਵਰਕਰ ਅੱਜ ਵੀ ਸਰਗਰਮ ਹਨ ਅਤੇ ਪੂਰੀ ਤਾਕ ਵਿਚ ਹਨ, ਪਰ ਕੇਂਦਰ ਦੇ ਸੀਨੀਅਰ ਭਾਜਪਾ ਆਗੂਆਂ ਵੱਲੋਂ ਪੰਜਾਬ ਦੇ ਵਰਕਰਾਂ ਦੀ ਸੁਣਵਾਈ ਨਾ ਹੋਣ ਕਰਕੇ ਅੱਜ ਪੰਜਾਬ ਦਾ ਭਾਜਪਾ ਵਰਕਰ ਖ਼ਾਮੋਸ਼ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਹਾਈਕਮਾਂਨ ਫਾਈਵ ਸਟਾਰ ਹੋਟਲਾਂ ਵਿਚ ਬੈਠ ਕੇ ਮੀਟਿੰਗ ਕਰਦੇ ਰਹਿੰਦੇ ਹਨ, ਪਰੰਤੂ ਜ਼ਮੀਨੀ ਪੱਧਰ ’ਤੇ ਭਾਜਪਾ ਵਰਕਰਾਂ ਦੀ ਕੋਈ ਵੀ ਦਲੀਲ ਅਪੀਲ ਨਹੀਂ ਸੁਣੀ ਜਾ ਰਹੀ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀਆਂ 74 ਸੀਟਾਂ ’ਚੋਂ 54 ਸੀਟਾਂ ’ਤੇ ਭਾਜਪਾ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ, ਇਸ ਸਬੰਧੀ ਭਾਜਪਾ ਨੂੰ ਪੜਚੋਲ ਕਰਨੀ ਚਾਹੀਦੀ ਹੈ ਅਤੇ ਅਸੀਂ ਕਿਹੜੇ ਕਾਰਣਾਂ ਕਰਕੇ ਹਾਰੇ ਹਾਂ ਅਤੇ ਅਸੀਂ ਜਿਹੜੇ ਕਾਰਣਾਂ ਕਰਕੇ ਹਾਰੇ ਹਾਂ ਉਹ ਹਾਈਕਮਾਂਨ ਨੂੰ ਗਲਤੀਆਂ ਸੁਧਾਰਨੀਆ ਚਾਹੀਦੀਆਂ ਹਨ। ਮਾਸਟਰ ਮੋਹਨ ਲਾਲ ਨੇ ਅੱਗੇ ਕਿਹਾ ਕਿ ਅਸੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਤੋਂ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਨੂੰ ਜਿੱਤ ਦੀਆਂ ਆਸਾਂ ਲਾਈਆਂ ਸਨ, ਜਿਸ ਕਾਰਣ ਭਾਜਪਾ ਬੁਰੀ ਤਰ੍ਹਾਂ ਹਾਰੀ ਹੈ।
ਉਨ੍ਹਾਂ ਕਿਹਾ ਕਿ ਵਰਕਰਾਂ ਨੇ ਅੱਤਵਾਦ ਦੀਆਂ ਹਨ੍ਹੇਰੀਆਂ ਦਾ ਸਾਹਮਣਾ ਕੀਤਾ। ਚੰਗੇ ਮਾੜੇ ਦਿਨਾਂ ਅੰਦਰ ਵੀ ਵਰਕਰ ਪਾਰਟੀ ਨਾਲ ਖੜ੍ਹੇ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵਰਕਰਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਜਾਵੇ। ਉਨ੍ਹਾਂ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ ਤਾਂ ਜੋ ਦੂਸਰੇ ਲੋਕ ਵੀ ਭਾਜਪਾ ਪਾਰਟੀ ਵੱਲ ਆਕਰਸ਼ਿਤ ਹੋ ਸਕਣ। ਮਾਸਟਰ ਮੋਹਨ ਲਾਲ ਨੇ ਅੱਗੇ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਸ਼ਰਾਬ ਪੀ.ਕੇ ਧਾਰਮਿਕ ਸਥਾਨਾਂ ’ਤੇ ਜਾਂਦਾ ਹੈ ਇਹ ਗੱਲ ਮੈਂ ਅਖ਼ਬਾਰਾਂ ’ਚ ਪੜ੍ਹੀ ਹੈ। ਜੇਕਰ ਇਸ ਗੱਲ ’ਚ ਸੱਚਾਈ ਹੈ ਤਾਂ ਇਹ ਆਮ ਆਦਮੀ ਪਾਰਟੀ ਲਈ ਸਭ ਤੋਂ ਵੱਡੀ ਸ਼ਰਮਨਾਕ ਗੱਲ ਹੈ। ਉਨ੍ਹਾਂ ਕਿਹਾ ਕਿ ਜੋ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਹਨ ਉਨ੍ਹਾਂ ਵਾਅਦਿਆਂ ਵਿਚੋਂ ਕੋਈ ਵੀ ਇਨ੍ਹਾਂ ਨੇ ਵਾਅਦਾ ਪੂਰਾ ਨਹੀਂ ਕਰਨਾ। ਬਸ ਇਨ੍ਹਾਂ ਨੇ ਲੋਕਾਂ ਦੀ ਖੱਜਲ-ਖੁਆਰੀ ਹੀ ਕਰਵਾਉਣੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪੰਜਾਬ ’ਚੋਂ ਸਹੀ ਤਰੀਕੇ ਨਾਲ ਕਦੇ ਵੀ ਨਹੀਂ ਜਿੱਤੇ, ਪਰੰਤੂ ਜੋ ਭਾਜਪਾ ਦੀ ਕੇਂਦਰੀ ਟੀਮ ਧਰਤੀ ਤੋਂ ਆ ਕੇ ਵਰਕਰਾਂ ਨਾਲ ਸਬੰਧ ਕਾਇਮ ਕਰੇ ਤਾਂ ਅਸੀਂ ਪੰਜਾਬ ਵਿਚ ਵੀ ਜਿੱਤ ਦਾ ਝੰਡਾ ਬੁਲੰਦ ਕਰ ਸਕਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਹਾਈਕਮਾਂਨ ਨੂੰ ਪੰਜਾਬ ਦੇ ਵਰਕਰਾਂ ਦਾ ਵੀ ਸਾਰ ਲੈਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਵੀ ਪੁੱਛਗਿੱਛ ਕਰਨੀ ਚਾਹੀਦੀ ਹੈ।