ਮੋਹਾਲੀ ਪੁਲਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ

Friday, Dec 16, 2022 - 05:47 PM (IST)

ਮੋਹਾਲੀ ਪੁਲਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਸ੍ਰੀ ਮੁਕਤਸਰ ਸਾਹਿਬ ਪੁਲਸ ਵੱਲੋਂ ਗੈਂਗਸਟਰ ਬਿਸ਼ਨੋਈ ਨੂੰ ਅੱਜ ਰਿਮਾਂਡ ਪੂਰਾ ਹੋਣ 'ਤੇ ਮਾਨਯੋਗ ਸੀ. ਜੇ. ਐੱਮ.  ਰਾਜਪਾਲ ਸਿੰਘ ਰਾਵਤ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅੱਜ ਮੋਹਾਲੀ ਪੁਲਸ ਵੱਲੋਂ ਲਾਰੈਂਸ ਬਿਸ਼ਨੋਈ ਦੇ ਟਰਾਂਜ਼ਿਟ ਰਿਮਾਂਡ ਦੀ ਮੰਗ ਕੀਤੀ ਗਈ ਸੀ, ਜਿਸ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਮੋਹਾਲੀ ਦੇ ਥਾਣਾ ਸੋਹਾਣਾ ਵਿਚ ਦਰਜ ਇਕ ਮਾਮਲੇ 'ਚ ਲਾਰੈਂਸ ਦਾ ਟਰਾਂਜ਼ਿਟ ਰਿਮਾਂਡ ਦੇ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮੁਕਤਸਰ ਪੁਲਸ ਲਾਰੈਂਸ ਬਿਸ਼ਨੋਈ ਨੂੰ 2021 ਦੇ ਇਕ ਫਿਰੌਤੀ ਦੇ ਮਾਮਲੇ ਵਿਚ ਲੈ ਕੇ ਆਈ ਸੀ। ਦੱਸ ਦੇਈਏ ਕਿ 22 ਮਾਰਚ 2021 ਨੂੰ ਸ੍ਰੀ ਮੁਕਤਸਰ ਸਾਹਿਬ ਦੇ ਇਕ ਵਿਅਕਤੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ 3 ਨੰਬਰਾਂ ਤੋਂ ਕਾਲ ਕਰਕੇ ਉਸਤੋਂ 30 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਅਤੇ ਧਮਕੀ ਦਿੱਤੀ ਜਾ ਰਹੀ ਕਿ ਜੇਕਰ ਉਨ੍ਹਾਂ ਨੂੰ 30 ਲੱਖ ਨਾ ਦਿੱਤਾ ਤਾਂ ਉਸ ਦੇ ਮੁੰਡੇ ਨੂੰ ਮਾਰ ਦਿੱਤਾ ਜਾਵੇਗਾ। ਧਮਕੀ ਦੇਣ ਵਾਲੇ ਖ਼ੁਦ ਨੂੰ ਲਾਰੈਂਸ ਬਿਸ਼ਨੋਈ ਦੱਸ ਰਿਹਾ ਅਤੇ 21 ਮਾਰਚ ਨੂੰ ਉਸਨੂੰ ਧਮਕੀ ਦੇਣ ਵਾਲੇ ਵਿਅਕਤੀ ਨੇ ਕਿਹਾ ਕਿ 23 ਮਾਰਚ ਨੂੰ ਉਹ ਫਰੀਦਕੋਟ ਪੇਸ਼ੀ 'ਤੇ ਆ ਰਿਹਾ ਤੇ ਉਸ ਤੋਂ ਪਹਿਲਾ ਉਸਨੂੰ ਫਿਰੌਤੀ ਦਿੱਤੀ ਜਾਵੇ।

ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਤਰਨਤਾਰਨ RPG ਅਟੈਕ ਮਾਮਲੇ ਨੂੰ ਸੁਲਝਾਇਆ, ਗੈਂਗਸਟਰ ਲੰਡਾ ਹਰੀਕੇ ਨਿਕਲਿਆ ਮਾਸਟਰਮਾਈਂਡ

ਇਸ ਸਬੰਧੀ ਪੁਲਸ ਨੇ ਉਸ ਸਮੇਂ ਲਾਰੈਂਸ ਬਿਸ਼ਨੋਈ ਵਿਰੁੱਧ ਧਾਰਾ 387, 506 ਤਹਿਤ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਮਾਮਲੇ ਵਿਚ ਦਮਨਪ੍ਰੀਤ ਨਾਮ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਹੁਣ ਜ਼ਮਾਨਤ 'ਤੇ ਹੈ ਅਤੇ ਹੁਣ ਲਾਰੈਂਸ ਬਿਸ਼ਨੋਈ ਨੂੰ ਪੁਲਸ ਪੁੱਛਗਿੱਛ ਲਈ ਲੈ ਕੇ ਆਈ ਸੀ। ਇਸੇ ਮਾਮਲੇ ਵਿਚ ਬੀਤੇ ਦਿਨੀਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਗੈਂਗਸਟਰ ਗੁਰਪ੍ਰੀਤ ਸਿੰਘ ਗੋਪੀ ਨੂੰ ਵੀ ਪੁੱਛਗਿੱਛ ਲਈ ਲਿਆਂਦਾ ਗਿਆ ਸੀ। ਇਸ ਮਾਮਲੇ ਵਿਚ ਲਾਰੈਂਸ ਦਾ ਪਹਿਲਾਂ 6 ਅਤੇ ਫਿਰ 3 ਦਿਨ ਦਾ ਰਿਮਾਂਡ ਦਿੱਤਾ ਗਿਆ। ਅੱਜ ਸ੍ਰੀ ਮੁਕਤਸਰ ਸਾਹਿਬ ਪੁਲਸ ਵੱਲੋਂ ਇਸ ਮਾਮਲੇ 'ਚ ਪੁੱਛਗਿੱਛ ਪੂਰੀ ਹੋਣ 'ਤੇ ਜੁਡੀਸ਼ੀਅਲ ਰਿਮਾਂਡ ਤੇ ਭੇਜਣ ਦੀ ਅਪੀਲ ਕੀਤੀ ਗਈ। ਇਸ ਦੌਰਾਨ ਮੋਹਾਲੀ ਪੁਲਸ ਵੱਲੋਂ ਮਾਣਯੋਗ ਅਦਾਲਤ ਵਿਚ ਟਰਾਂਜਿਟ ਰਿਮਾਂਡ ਦੀ ਮੰਗ ਕਰਨ 'ਤੇ ਮਾਣਯੋਗ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਟਰਾਂਜ਼ਿਟ ਰਿਮਾਂਡ 'ਤੇ ਭੇਜ ਦਿੱਤਾ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News