ਭਾਰਤ ਬੰਦ : ਮੋਹਾਲੀ ਪੁਲਸ ਵਲੋਂ ਸੁਰੱਖਿਆ ਪ੍ਰਬੰਧ ਮਜ਼ਬੂਤ
Monday, Apr 02, 2018 - 09:40 AM (IST)

ਮੋਹਾਲੀ (ਕੁਲਦੀਪ) : ਸੁਪਰੀਮ ਕੋਰਟ ਆਫ ਇੰਡੀਆ ਵਲੋਂ ਐੱਸ. ਸੀ./ਐੱਸ. ਟੀ. ਐਕਟ ਸਬੰਧੀ ਸੁਣਾਏ ਗਏ ਫੈਸਲੇ ਦੇ ਵਿਰੋਧ 'ਚ ਵੱਖ-ਵੱਖ ਦਲਿਤ ਸੰਗਠਨਾਂ ਵਲੋਂ 2 ਅਪ੍ਰੈਲ ਨੂੰ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਸਬੰਧੀ ਮੋਹਾਲੀ ਪੁਲਸ ਨੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਲਏ ਗਏ ਹਨ। ਜ਼ਿਲੇ ਵਿਚ ਅਮਨ-ਕਾਨੂੰਨ ਵਿਵਸਥਾ ਬਣਾਈ ਰੱਖਣ ਤੇ ਕਿਸੇ ਵੀ ਅਣਹੋਣੀ ਘਟਨਾ ਨੂੰ ਰੋਕਣ ਲਈ 300 ਪੁਲਸ ਕਰਮਚਾਰੀ ਹੋਰ ਤਾਇਨਾਤ ਕੀਤੇ ਗਏ ਹਨ। ਐੱਸ. ਐੱਸ. ਪੀ. ਮੋਹਾਲੀ ਕੁਲਦੀਪ ਸਿੰਘ ਚਹਿਲ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਜ਼ਿਲੇ ਦੀਆਂ ਮਾਰਕੀਟਾਂ, ਬੱਸ ਅੱਡਿਆਂ, ਜ਼ਿਲਾ ਪ੍ਰਬੰਧਕੀ ਕੰਪਲੈਕਸ, ਅਦਾਲਤੀ ਕੰਪਲੈਕਸ ਸਮੇਤ ਸਾਰੇ ਸਰਕਾਰੀ ਦਫਤਰਾਂ ਤੇ ਹੋਰ ਨਾਜ਼ੁਕ ਥਾਵਾਂ 'ਤੇ ਪੁਲਸ ਕਰਮਚਾਰੀ ਤਾਇਨਾਤ ਕੀਤੇ ਜਾ ਰਹੇ ਹਨ, ਜੋ ਕਿ ਪੂਰੀ ਚੌਕਸੀ ਨਾਲ ਡਿਊਟੀ ਨਿਭਾਉਣਗੇ। ਉਨ੍ਹਾਂ ਆਮ ਜਨਤਾ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਪਤਾ ਲੱਗਾ ਹੈ ਕਿ ਵਧੇਰੇ ਦਲਿਤ ਸੰਗਠਨ ਫੇਜ਼-7 ਵਿਚ ਇਕੱਠੇ ਹੋ ਕੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵੱਲ ਰੋਸ ਮਾਰਚ ਦੇ ਰੂਪ ਵਿਚ ਕੂਚ ਕਰਨਗੇ। ਐਤਵਾਰ ਨੂੰ ਫੇਜ਼-7 ਸਥਿਤ ਰਵਿਦਾਸ ਭਵਨ ਵਿਚ ਦਲਿਤ ਸੰਗਠਨਾਂ ਦੀ ਮੀਟਿੰਗ ਜੋਗਿੰਦਰ ਲਾਲ ਪ੍ਰਧਾਨ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਰਵਿਦਾਸ ਭਵਨ ਵਿਚ ਇਕੱਠੇ ਹੋ ਕੇ ਰਵੀਦਾਸ ਨੌਜਵਾਨ ਸਭਾ ਦੇ ਬੈਨਰ ਹੇਠ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਈ ਸਰਕਾਰੀ ਵਿਭਾਗਾਂ ਤੇ ਸਿਆਸੀ ਪਾਰਟੀਆਂ ਦੇ ਐੱਸ. ਸੀ. ਵਿੰਗ ਨਾਲ ਸਬੰਧਤ ਕਰਮਚਾਰੀ, ਆਗੂ ਤੇ ਵਰਕਰ ਵੀ ਵੱਖ-ਵੱਖ ਪ੍ਰਦਰਸ਼ਨ ਕਰਨਗੇ। ਇਸ ਤੋਂ ਇਲਾਵਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਭਲਾਈ ਮੰਚ ਮੋਹਾਲੀ ਵਲੋਂ ਸੋਹਾਣਾ ਵਿਖੇ ਇਕੱਠੇ ਹੋ ਕੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵੱਲ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਹੈ।