ਮੋਹਾਲੀ ਦੇ ਫੇਜ਼-7 ਲਾਈਟ ਪੁਆਇੰਟ ਨੇੜੇ ਖ਼ੌਫ਼ਨਾਕ ਵਾਰਦਾਤ, ਨੌਜਵਾਨ ਨੂੰ ਗੋਲੀ ਮਾਰ ਲੁਟੇਰਿਆਂ ਨੇ ਖੋਹੀ ਕਾਰ

Wednesday, Oct 27, 2021 - 09:45 AM (IST)

ਮੋਹਾਲੀ ਦੇ ਫੇਜ਼-7 ਲਾਈਟ ਪੁਆਇੰਟ ਨੇੜੇ ਖ਼ੌਫ਼ਨਾਕ ਵਾਰਦਾਤ, ਨੌਜਵਾਨ ਨੂੰ ਗੋਲੀ ਮਾਰ ਲੁਟੇਰਿਆਂ ਨੇ ਖੋਹੀ ਕਾਰ

ਮੋਹਾਲੀ (ਸੰਦੀਪ) : ਮੋਹਾਲੀ ਜ਼ਿਲ੍ਹੇ ਦੇ ਫੇਜ਼-7 ਲਾਈਟ ਪੁਆਇੰਟ ਨੇੜੇ ਮੁੱਖ ਸੜਕ ’ਤੇ ਸੋਮਵਾਰ ਰਾਤ ਸੈਕਟਰ-45 ਵਾਸੀ ਪਰਮ ਡੋਗਰਾ ਨੂੰ ਗੋਲੀ ਮਾਰ ਕੇ 2 ਨੌਜਵਾਨ ਕਾਰ ਲੁੱਟ ਕੇ ਫ਼ਰਾਰ ਹੋ ਗਏ। ਪੁਲਸ ਨੇ ਜ਼ਖ਼ਮੀ ਪਰਮ ਨੂੰ ਫੇਜ਼-6 ਸਥਿਤ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਨੇ ਪਰਮ ਦੇ ਬਿਆਨਾਂ ਦੇ ਆਧਾਰ ’ਤੇ 2 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ। ਟੀਮ ਸੁਰਾਗ ਲਾ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਕੋਸ਼ਿਸ਼ ਕਰ ਰਹੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪਰਮ ਡੋਗਰਾ ਸੋਮਵਾਰ ਰਾਤ ਸਿੰਘ ਸ਼ਹੀਦਾਂ ਗੁਰਦੁਆਰੇ ਵੱਲੋਂ ਚੰਡੀਗੜ੍ਹ ਆ ਰਿਹਾ ਸੀ ਕਿ ਫੇਜ਼-7 ਸਥਿਤ ਲਾਈਟ ਪੁਆਇੰਟ ਦੇ ਨੇੜੇ ਉਸ ਨੇ ਵੇਖਿਆ ਕਿ ਐਕਸੀਡੈਂਟ ਹੋਣ ਕਾਰਨ ਟ੍ਰੈਫਿਕ ਜਾਮ ਸੀ ਅਤੇ ਉਹ ਰੁਕ ਗਿਆ। ਉੱਥੋਂ ਪੈਦਲ 2 ਨੌਜਵਾਨ ਆਏ ਅਤੇ ਪੁੱਛਣ ਲੱਗੇ ਕਿ ਟ੍ਰੈਫਿਕ ਜਾਮ ਕਿਉਂ ਲੱਗਾ ਹੋਇਆ ਹੈ? ਇਕ ਨੌਜਵਾਨ ਗੱਲ ਕਰ ਰਿਹਾ ਸੀ ਤਾਂ ਦੂਜੇ ਨੇ ਕਾਰ ਦੀ ਚਾਬੀ ਕੱਢਣ ਦੀ ਕੋਸ਼ਿਸ਼ ਕੀਤੀ। ਇਸ ’ਤੇ ਪਰਮ ਨੇ ਵਿਰੋਧ ਕੀਤਾ ਅਤੇ ਉਨ੍ਹਾਂ ਵਿਚਕਾਰ ਬਹਿਸ ਹੋਣ ਲੱਗੀ। ਇਸ ਤੋਂ ਪਹਿਲਾਂ ਕਿ ਪਰਮ ਨੂੰ ਕੁੱਝ ਸਮਝ ਆਉਂਦਾ, ਦੂਜੇ ਨੇ ਪਿਸਤੌਲ ਨਾਲ ਉਸ ’ਤੇ ਗੋਲੀ ਚਲਾ ਦਿੱਤੀ। ਗੋਲੀ ਪਰਮ ਦੇ ਹੱਥ ’ਤੇ ਲੱਗੀ ਅਤੇ ਉਹ ਲਹੁ-ਲੂਹਾਨ ਹੋ ਗਿਆ। ਕਾਰ ਲੁੱਟ ਕੇ ਲੁਟੇਰੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਬੀਰ ਦਵਿੰਦਰ ਸਿੰਘ ਤੋਂ ਸੁਣੋ ਕਿਵੇਂ ਤੇ ਕਦੋਂ ਸ਼ੁਰੂ ਹੋਈ ਸੀ 'ਕੈਪਟਨ-ਅਰੂਸਾ' ਦੀ ਦੋਸਤੀ (ਵੀਡੀਓ)
ਜ਼ਖ਼ਮੀ ਹੋਣ ਦੇ ਬਾਵਜੂਦ ਵੀ ਕੀਤਾ ਮੁਕਾਬਲਾ
ਹੱਥ ਵਿਚ ਗੋਲੀ ਲੱਗ ਜਾਣ ਨਾਲ ਲਹੁ-ਲੂਹਾਨ ਹੋਣ ਦੇ ਬਾਵਜੂਦ ਵੀ ਪਰਮ ਨੇ ਹਾਰ ਨਹੀਂ ਮੰਨੀ ਅਤੇ ਉਹ ਲਗਾਤਾਰ ਦੋਵਾਂ ਮੁਲਜ਼ਮਾਂ ਤੋਂ ਆਪਣੀ ਕਾਰ ਛੁਡਵਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਪਰਮ ਦੀ ਹਿੰਮਤ ਵੇਖ ਕੇ ਆਸ-ਪਾਸ ਦੇ ਲੋਕ ਵੀ ਮੌਕੇ ’ਤੇ ਇਕੱਠੇ ਹੋਣ ਲੱਗੇ। ਇਹ ਵੇਖ ਕੇ ਮੁਲਜ਼ਮ ਤੁਰੰਤ ਕਾਰ ਲੈ ਕੇ ਫ਼ਰਾਰ ਹੋ ਗਏ। ਲੋਕਾਂ ਨੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਗੁਰਸ਼ੇਰ ਸਿੰਘ ਅਤੇ ਮਟੌਰ ਥਾਣਾ ਪੁਲਸ ਟੀਮ ਮੌਕੇ ’ਤੇ ਪਹੁੰਚੀ। ਮੁਲਜ਼ਮਾਂ ਦਾ ਸੁਰਾਗ ਲਾਉਣ ਲਈ ਪੁਲਸ ਲਾਈਟ ਪੁਆਇੰਟ ਅਤੇ ਆਸ-ਪਾਸ ਦੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਣ ਵਿਚ ਲੱਗੀ ਹੋਈ ਹੈ, ਜਿਸ ਨਾਲ ਮੁਲਜ਼ਮਾਂ ਦਾ ਸੁਰਾਗ ਮਿਲ ਸਕੇ।

ਇਹ ਵੀ ਪੜ੍ਹੋ : ਪੰਜਾਬ ਦੇ ਡੀ. ਜੀ. ਪੀ. ਚਟੋਪਾਧਿਆਏ ਅਤੇ SIT ਦੀ ਸੀਲਬੰਦ ਰਿਪੋਰਟ ਖੋਲ੍ਹਣ ਦੀ ਮੰਗ
ਗੰਨ ਪੁਆਇੰਟ ’ਤੇ ਲੁੱਟ ਦੀਆਂ ਵਾਰਦਾਤਾਂ
ਘੜੂੰਆਂ ਸਥਿਤ ਇਕ ਨਿੱਜੀ ਯੂਨੀਵਸਟੀ ਵਿਚ ਪ੍ਰੋਫੈਸਰ ਤੋਂ ਜੁਲਾਈ ਮਹੀਨੇ ਵਿਚ ਖਰੜ-ਲਾਂਡਰਾ ਰੋਡ ’ਤੇ ਕਾਰ ਸਵਾਰ ਮੁਲਜ਼ਮਾਂ ਨੇ ਗੰਨ ਪੁਆਇੰਟ ’ਤੇ ਕਾਰ ਲੁੱਟ ਲਈ ਸੀ। ਮੁਲਜ਼ਮਾਂ ਨੇ ਗੋਲੀ ਵੀ ਚਲਾਈ ਸੀ। ਇਸ ਵਾਰਦਾਤ ਵਿਚ ਪ੍ਰੋਫੈਸਰ ਨੂੰ ਜ਼ਿਆਦਾ ਸੱਟ ਨਹੀਂ ਲੱਗੀ ਸੀ।
ਬੀਤੇ ਸਾਲ ਅਕਤੂਬਰ ਵਿਚ ਜ਼ੀਰਕਪੁਰ ਵਿਚ ਹਿਮਾਚਲ ਦੇ ਇਕ ਨੌਜਵਾਨ ਦੀ ਕੁੱਝ ਨੌਜਵਾਨਾਂ ਨਾਲ ਬਹਿਸ ਹੋ ਗਈ ਸੀ, ਜਿਸ ਤੋਂ ਬਾਅਦ ਦੂਜੇ ਗਰੁੱਪ ਦੇ ਨੌਜਵਾਨ ਨੇ ਉਸ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।

ਇਹ ਵੀ ਪੜ੍ਹੋ : ਅੱਜ ਲੁਧਿਆਣਾ 'ਚ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਕਾਰੋਬਾਰੀਆਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ
ਮੋਹਾਲੀ ਪੁਲਸ ਨੇ ਗੰਨ ਪੁਆਇੰਟ ’ਤੇ ਕਾਰ ਲੁੱਟਣ ਦੀਆਂ ਵਾਰਦਾਤਾਂ ਦਾ ਖ਼ੁਲਾਸਾ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਕੋਲੋਂ ਪੁਲਸ ਨੇ 9 ਲਗਜ਼ਰੀ ਕਾਰਾਂ ਵੀ ਬਰਾਮਦ ਕੀਤੀਆਂ ਸਨ। ਇਸ ਗਿਰੋਹ ਦੇ ਮੈਂਬਰ ਲੁੱਟੀਆਂ ਗਈਆਂ ਕਾਰਾਂ ਦੇ ਇੰਜਣ ਅਤੇ ਚੈਸੀਜ਼ ਨੰਬਰ ਟੈਂਪਰ ਕਰ ਕੇ ਉਨ੍ਹਾਂ ਨੂੰ ਅੱਗੇ ਘੱਟ ਕੀਮਤਾਂ ’ਤੇ ਵੇਚ ਦਿੰਦੇ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News