ਖੇਡ ਜਗਤ 'ਚ ਸੋਗ : ਕਬੱਡੀ ਦੇ ਮਹਾਨ ਜਾਫੀ ਬਿੱਟੂ ਦੁਗਾਲ ਦੀ ਮੌਤ (ਵੀਡੀਓ)
Monday, May 13, 2019 - 11:28 AM (IST)
ਮੋਹਾਲੀ : ਕਬੱਡੀ ਖਿਡਾਰੀ ਨਰਿੰਦਰ ਰਾਮ ਬਿੱਟੂ ਦੁਗਾਲ ਦੀ ਦਿਮਾਗ ਦੀ ਨਾੜੀ ਫੱਟ ਜਾਣ ਕਾਰਨ ਮੌਤ ਹੋ ਜਾਣ ਦਾ ਦੁਖਦਾਖੀ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਬੀਤੇ ਕਈ ਦਿਨਾਂ ਤੋਂ ਬਿੱਟੂ ਦੋਗਾਲ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਸੀ। ਉਸ ਦੀ ਦਿਮਾਗ ਦੀ ਨਾੜੀ ਫੱਟ ਗਈ ਸੀ, ਜਿਸ ਕਰਕੇ ਪਿੱਛਲੇ ਕਈ ਦਿਨਾਂ ਤੋਂ ਉਹ ਬੇਸੁੱਧ ਸੀ। ਕਬੱਡੀ ਦੇ ਚਾਹੁਣ ਵਾਲਿਆਂ ਨੇ ਉਸ ਲਈ ਬਹੁਤ ਦੁਆਵਾਂ ਕੀਤੀਆਂ ਪਰ ਅੱਜ ਉਹੀ ਹੋਇਆ ਜੋ ਰੱਬ ਨੂੰ ਮਨਜ਼ੂਰ ਸੀ। ਕਬੱਡੀ ਦੇ ਜਾਫੀਆਂ 'ਚੋਂ ਟਾਪ ਦਾ ਜਾਫੀ ਬਿੱਟੂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਇਕ ਪਾਸੇ ਜਿੱਥੇ ਦੁਨੀਆ ਮਦਰਸ ਡੇਅ ਮਨਾ ਰਹੀ ਸੀ, ਉੱਥੇ ਇਕ ਮਾਂ ਦਾ ਪੁੱਤ ਉਸ ਤੋਂ ਸਦਾ ਲਈ ਵਿਛੜ ਗਿਆ। ਬਿੱਟੂ ਦਾ ਅੰਤਮ ਸੰਸਕਾਰ ਅੱਜ ਬਾਅਦ ਦੁਪਹਿਰ 12 ਵਜੇ ਉਨ੍ਹਾਂ ਦੇ ਜੱਦੀ ਪਿੰਡ ਦੁਗਾਲ ਵਿਖੇ ਕੀਤਾ ਜਾਵੇਗਾ। ਬਿੱਟੂ ਨੇ ਕਬੱਡੀ ਦੇ ਅਨੇਕਾਂ ਕੱਪ ਤੇ ਅਨੇਕਾਂ ਟੂਰਨਾਮੈਂਟ ਆਪਣੀ ਟੀਮ ਨੂੰ ਜਿਤਾਏ ਸਨ ਅਤੇ ਆਪ ਵੀ ਬਹੁਤ ਮੈਚਾਂ ਦਾ ਬੈਸਟ ਜਾਫੀ ਰਿਹਾ ਸੀ। ਉਸ ਦੀ ਪਾਈ ਕੈਂਚੀ ਦਾ ਤੋੜ ਅੱਜ ਤੱਕ ਖਿਡਾਰੀਆਂ ਤੋਂ ਨਹੀਂ ਸੀ। ਉਸ ਨੇ ਅੱਜ ਤੱਕ ਇਨਾਮ ਵਿਚ ਅਨੇਕਾ ਮੋਟਰਸਾਈਕਲ, ਗੱਡੀਆਂ ਅਤੇ ਟਰੈਕਟਰਾਂ ਤੇ ਸੋਨੇ ਦੀਆਂ ਮੁੰਦਰੀਆਂ ਵੀ ਜਿੱਤੀਆਂ।
ਬਿੱਟੂ ਦੁਗਾਲ ਦੀ ਮੌਤ ਨਾਲ ਕਬੱਡੀ ਜਗਤ 'ਚ ਉਦਾਸੀ ਸੋਗ ਲਹਿਰ ਹੈ। ਬਿੱਟੂ ਦੇ ਫੈਨ ਸੋਸ਼ਲ ਮੀਡੀਆ 'ਤੇ ਵੀ ਉਸ ਨੂੰ ਸ਼ਰਧਾਂਜਲੀਆਂ ਦੇ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਬਿੱਟੂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਇਲਾਵਾ ਕਬੱਡੀ ਦੇ ਸਾਰੇ ਹੋਰ ਖਿਡਾਰੀ ਅਤੇ ਕੋਚ ਸਾਹਿਬਾਨ ਇਸ ਹਾਦਸੇ 'ਤੇ ਆਪਣਾ ਦੁੱਖ ਪ੍ਰਗਟਾਅ ਰਹੇ ਹਨ। ਅਸੀਂ 'ਜਗ ਬਾਣੀ' ਵਲੋਂ ਵੀ ਕਬੱਡੀ ਦੇ ਇਸ ਮਹਾਨ ਖਿਡਾਰੀ ਬਿੱਟੂ ਦੋਗਾਲ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਜਦੋਂ ਤੱਕ ਮਾਂ ਖੇਡ ਕਬੱਡੀ ਦੇ ਚਾਹੁਣ ਵਾਲੇ ਰਹਿਣਗੇ, ਉਦੋਂ ਤੱਕ ਬਿੱਟੂ ਦੁਗਾਲ ਦਾ ਨਾਂ ਵੀ ਧਰੂ ਤਾਰੇ ਵਾਂਗ ਕਬੱਡੀ ਦੇ ਆਸਮਾਨ 'ਚ ਚਮਕਦਾ ਰਹੇਗਾ।