ਮੋਹਾਲੀ : ਗੈਰਹਾਜ਼ਰ ਰਹਿਣ ਆਈ. ਟੀ. ਆਈ. ਦਾ ਇੰਸਟਰੱਕਟਰ ਮੁਅੱਤਲ
Wednesday, Feb 07, 2018 - 01:32 PM (IST)

ਮੋਹਾਲੀ (ਨਿਆਮੀਆਂ) : ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਥੋਂ ਦੀ ਸਰਕਾਰੀ ਆਈ. ਟੀ. ਆਈ. (ਲੜਕੀਆਂ) ਤੇ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ. ਟੀ. ਯੂ.) ਦੇ ਕੈਂਪਸ ਦੀ ਅਚਨਚੇਤ ਚੈਕਿੰਗ ਕੀਤੀ। ਇਸ ਮੌਕੇ ਉਨ੍ਹਾਂ ਨੇ ਆਈ. ਟੀ. ਆਈ. ਦੇ ਗੈਰ-ਹਾਜ਼ਰ ਇੰਸਟਰੱਕਟਰ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੰਦਿਆਂ ਅਧਿਕਾਰੀਆਂ ਨੂੰ ਪੀ. ਟੀ. ਯੂ. ਕੈਂਪਸ ਦੇ ਗੈਰਹਾਜ਼ਰ ਸਟਾਫ ਖਿਲਾਫ ਵੀ ਕਾਰਵਾਈ ਕਰਨ ਲਈ ਕਿਹਾ।
ਫੇਜ਼-5 ਸਥਿਤ ਸਰਕਾਰੀ ਆਈ. ਟੀ. ਆਈ. ਮੋਹਾਲੀ ਦੀ ਚੈਕਿੰਗ ਦੌਰਾਨ ਇੰਸਟਰੱਕਟਰ ਸ਼ਮਸ਼ੇਰ ਸਿੰਘ ਪੁਰਖਾਲਵੀ ਦੀ ਰਜਿਸਟਰ ਵਿਚ ਹਾਜ਼ਰੀ ਲੱਗੀ ਹੋਈ ਸੀ ਪਰ ਉਹ ਖੁਦ ਹਾਜ਼ਰ ਨਹੀਂ ਸੀ। ਜਦੋਂ ਚੰਨੀ ਨੇ ਇੰਸਟਰੱਕਟਰ ਨਾਲ ਫੋਨ 'ਤੇ ਗੱਲ ਕਰਦਿਆਂ ਗੈਰ-ਹਾਜ਼ਰ ਹੋਣ ਦਾ ਕਾਰਨ ਪੁੱਛਿਆ ਤਾਂ ਸ਼ਮਸ਼ੇਰ ਸਿੰਘ ਪੁਰਖਾਲਵੀ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕਿਆ। ਆਈ. ਟੀ. ਆਈ. ਦੇ ਪ੍ਰਿੰਸੀਪਲ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਇਹ ਇੰਸਟਰੱਕਟਰ ਅਕਸਰ ਹੀ ਹਾਜ਼ਰੀ ਲਾਉਣ ਤੋਂ ਬਾਅਦ ਅਦਾਰੇ ਵਿਚੋਂ ਚਲਾ ਜਾਂਦਾ ਹੈ। ਪ੍ਰਿੰਸੀਪਲ ਨੇ ਇਸ ਸਬੰਧੀ ਲਿਖਤੀ ਸ਼ਿਕਾਇਤ ਵੀ ਤਕਨੀਕੀ ਸਿੱਖਿਆ ਮੰਤਰੀ ਨੂੰ ਸੌਂਪੀ, ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਚੰਨੀ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਇੰਸਟਰੱਕਟਰ ਪੁਰਖਾਲਵੀ ਨੂੰ ਫੌਰੀ ਮੁਅੱਤਲ ਕੀਤਾ ਜਾਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਦਿੱਤੀ ਕਿ ਬਾਕੀ ਗੈਰ-ਹਾਜ਼ਰ ਸਟਾਫ ਮੈਂਬਰਾਂ, ਇੰਸਟਰੱਕਟਰ ਵਰਿੰਦਰਪਾਲ ਸਿੰਘ ਤੇ ਸੇਵਾਦਾਰ ਰਾਮ ਗੋਪਾਲ ਤੋਂ ਗੈਰਹਾਜ਼ਰੀ ਦਾ ਕਾਰਨ ਪੁੱਛਿਆ ਜਾਵੇ।
ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਮੋਹਾਲੀ ਕੈਂਪਸ ਦੀ ਚੈਕਿੰਗ ਦੌਰਾਨ ਯੁਨੀਵਰਸਿਟੀ ਕੈਂਪਸ ਦੇ ਮੁਖੀ ਸਮੇਤ ਕਰੀਬ 50 ਫੀਸਦੀ ਤੋਂ ਵੱਧ ਸਟਾਫ ਮੈਂਬਰ ਗੈਰ-ਹਾਜ਼ਰ ਪਾਏ ਗਏ। ਇਸ ਸਬੰਧੀ ਚੰਨੀ ਨੇ ਤਕਨੀਕੀ ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਐੱਮ. ਪੀ. ਸਿੰਘ ਨੂੰ ਯੂਨੀਵਰਸਿਟੀ ਕੈਂਪਸ ਦੇ ਮੁਖੀ ਸਮੇਤ ਸਾਰੇ ਗੈਰਹਾਜ਼ਰ ਸਟਾਫ ਖਿਲਾਫ ਕਾਰਵਾਈ ਕਰਨ ਲਈ ਕਿਹਾ। ਕੈਬਨਿਟ ਮੰਤਰੀ ਨੇ ਇਸ ਦੌਰਾਨ ਆਈ. ਟੀ. ਆਈ. ਮੋਹਾਲੀ ਦੇ ਪ੍ਰੀਖਿਆ ਹਾਲਾਂ ਦਾ ਦੌਰਾ ਵੀ ਕੀਤਾ ਤੇ ਅਧਿਕਾਰੀਆਂ ਨੇ ਕੈਬਨਿਟ ਮੰਤਰੀ ਦੀ ਹਾਜ਼ਰੀ ਵਿਚ ਨਕਲ ਦੀ ਰੋਕਥਾਮ ਲਈ ਪਰਚੀਆਂ ਸਬੰਧੀ ਵਿਦਿਆਰਥੀਆਂ ਦੀ ਤਲਾਸ਼ੀ ਵੀ ਲਈ। ਇਸ ਮੌਕੇ ਚੰਨੀ ਨੇ ਦੱਸਿਆ ਕਿ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਅਤੇ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਈ. ਟੀ. ਆਈ. ਤੇ ਬਹੁਤਕਨੀਕੀ ਸੰਸਥਾਵਾਂ ਵਿਚ ਪ੍ਰੀਖਿਆਵਾਂ ਵੇਲੇ ਨਕਲ ਰੋਕਣ ਲਈ ਸਖਤ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਉਹ ਖੁਦ ਵੀ ਇਸ ਸਬੰਧੀ ਪ੍ਰੀਖਿਆ ਕੇਂਦਰਾਂ ਦੇ ਲਗਾਤਾਰ ਦੌਰੇ ਕਰ ਰਹੇ ਹਨ ਤੇ ਕਰਦੇ ਰਹਿਣਗੇ।
ਚੰਨੀ ਨੇ ਦੱਸਿਆ ਕਿ ਹੁਣ ਸਰਹੱਦੀ ਜ਼ਿਲਿਆਂ ਦੀਆਂ ਆਈ. ਟੀ. ਆਈਜ਼ ਤੇ ਪੋਲੀਟੈਕਨਿਕ ਕਾਲਜਾਂ ਦੀ ਅਚਨਚੇਤ ਜਾਂਚ ਕੀਤੀ ਜਾਵੇਗੀ ਤੇ ਜੇ ਕਿਸੇ ਕਿਸਮ ਦੀ ਬੇਨਿਯਮੀ ਜਾਂ ਸਟਾਫ ਗੈਰ-ਹਾਜ਼ਰ ਪਾਇਆ ਗਿਆ ਤਾਂ ਸਖਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਨੌਜਵਾਨਾਂ ਨੂੰ ਮਿਆਰੀ ਤਕਨੀਕੀ ਸਿੱਖਿਆ ਦਿੱਤੀ ਜਾਵੇਗੀ, ਤਾਂ ਜੋ ਉਨ੍ਹਾਂ ਨੂੰ ਰੁਜ਼ਗਾਰ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਅਜਿਹੇ ਲੋਕਾਂ ਦਾ ਜਾਲ ਵੀ ਤੋੜਿਆ ਹੈ, ਜਿਹੜੇ ਪੈਸੇ ਇਕੱਠੇ ਕਰਨ ਲਈ ਹੀ ਡਿਗਰੀਆਂ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਸਟਾਫ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਸਿੱਖਿਆਰਥੀਆਂ ਦੇ ਦਾਖਲੇ, ਨਤੀਜੇ ਤੇ ਉਨ੍ਹਾਂ ਨੂੰ ਮਿਲੇ ਰੁਜ਼ਗਾਰ 'ਤੇ ਆਧਾਰਿਤ ਹੋਵੇਗਾ।