ਮੋਹਾਲੀ ਜ਼ਿਲ੍ਹਾ ਬਣੇਗਾ ਕੂੜਾ ਮੁਕਤ, ਡੰਪਿੰਗ ਗਰਾਊਂਡ ਤੋਂ ਮਿਲੇਗੀ ਨਿਜਾਤ
Tuesday, Jul 27, 2021 - 03:17 PM (IST)
ਮੋਹਾਲੀ (ਨਿਆਮੀਆਂ) : ਮੋਹਾਲੀ ਨਗਰ ਨਿਗਮ ਨੇ ਇਕ ਨਿਵੇਕਲਾ ਉਪਰਾਲਾ ਕਰਦਿਆਂ ਮੋਹਾਲੀ ਨੂੰ ਕੂੜਾ ਮੁਕਤ ਸ਼ਹਿਰ ਬਣਾਉਣ ਦੀ ਤਿਆਰੀ ਕੀਤੀ ਹੈ। ਇਸ ਦੇ ਤਹਿਤ ਮੋਹਾਲੀ ਦੇ ਡੰਪਿੰਗ ਗਰਾਊਂਡ ਨੂੰ ਪੂਰੀ ਤਰ੍ਹਾਂ ਲੈਵਲ ਕੀਤਾ ਜਾਣਾ ਹੈ ਅਤੇ ਇਥੇ ਪਏ ਕੂੜੇ ਨੂੰ ਸੈਗ੍ਰੀਗੇਟ ਕਰ ਕੇ ਇਸ ਨੂੰ ਜ਼ਮੀਨ ਪੱਧਰ ’ਤੇ ਲੈਵਲ ਕੀਤਾ ਜਾਣਾ ਹੈ। ਇਸ ਕੰਮ ’ਤੇ ਮੋਹਾਲੀ ਨਗਰ ਨਿਗਮ 4 ਕਰੋੜ 35 ਲੱਖ ਰੁਪਏ ਖ਼ਰਚ ਕਰੇਗੀ। ਇਸ ਕੰਮ ਦਾ ਉਦਘਾਟਨ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਹਾਜ਼ਰ ਸਨ। ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਡੰਪਿੰਗ ਗਰਾਊਂਡ ਦੇ ਇਸ ਇਲਾਕੇ ਵਿਚ ਨਾ ਸਿਰਫ਼ ਵੱਡੀ ਗਿਣਤੀ ’ਚ ਸਨਅਤਾਂ ਹਨ, ਸਗੋਂ ਕੁੱਝ ਰਿਹਾਇਸ਼ੀ ਖੇਤਰ ਵੀ ਹਨ।
ਉਨ੍ਹਾਂ ਕਿਹਾ ਕਿ ਇਸ ਪੂਰੇ ਖੇਤਰ ਦੇ ਲੋਕਾਂ ਦੀ ਇਹ ਮੰਗ ਸੀ ਕਿ ਇਸ ਡੰਪਿੰਗ ਗਰਾਊਂਡ ਨੂੰ ਇੱਥੋਂ ਸ਼ਿਫਟ ਕਰਵਾਇਆ ਜਾਵੇ, ਕਿਉਂਕਿ ਇਹ ਬਹੁਤ ਜ਼ਿਆਦਾ ਮੁਸ਼ਕ ਵੀ ਮਾਰਦਾ ਹੈ। ਕਈ ਵਾਰ ਇੱਥੇ ਅੱਗ ਲੱਗਣ ਦੀ ਘਟਨਾ ਵੀ ਹੁੰਦੀ ਹੈ ਅਤੇ ਇਸ ਸ਼ਹਿਰ ਦੀ ਦਿੱਖ ਨੂੰ ਪੂਰੀ ਤਰ੍ਹਾਂ ਬਰਬਾਦ ਕਰਦਾ ਹੈ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਦਾ ਤਾਂ ਇੱਥੋਂ ਤਕ ਕਹਿਣਾ ਹੈ ਕਿ ਇਸ ਡੰਪਿੰਗ ਗਰਾਊਂਡ ਕਰ ਕੇ ਉਨ੍ਹਾਂ ਨੂੰ ਆਪਣੀਆਂ ਸਨਅਤਾਂ ਵਾਸਤੇ ਕਰਮਚਾਰੀ ਤੱਕ ਨਹੀਂ ਮਿਲਦੇ ਤੇ ਨਾ ਹੀ ਇੱਥੇ ਇਨਵੈਸਟਰ ਆਉਣ ਦਾ ਹੌਂਸਲਾ ਕਰਦਾ ਹੈ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇੱਥੇ ਸਾਲ ਭਰ ਲਗਾਤਾਰ ਮਸ਼ੀਨਾਂ ਨਾਲ ਕਾਰਵਾਈ ਕਰ ਕੇ ਕੂੜੇ ਨੂੰ ਸੈਗ੍ਰੀਗੇਟ ਕਰ ਕੇ ਇੱਥੋਂ ਪਲਾਸਟਿਕ ਆਦਿ ਕੰਪਨੀ ਸ਼ਿਫਟ ਕਰ ਦੇਵੇਗੀ ਅਤੇ ਬਾਕੀ ਬਚਦੇ ਮਲਬੇ ਅਤੇ ਮਿੱਟੀ ਨੂੰ ਲੋਅ ਲਾਈਂਗ ਖੇਤਰ ’ਚ ਭਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਪੂਰੇ ਡੰਪਿੰਗ ਗਰਾਊਂਡ ਨੂੰ ਪੂਰੀ ਤਰ੍ਹਾਂ ਪੱਧਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਹਾਲੀ ਹੁਣ ਕਈ ਖੇਤਰਾਂ ਵਿਚ ਚੰਡੀਗੜ੍ਹ ਤੋਂ ਕਿਤੇ ਅੱਗੇ ਨਿਕਲਦਾ ਜਾ ਰਿਹਾ ਹੈ ਅਤੇ ਕੂੜੇ ਦਾ ਪ੍ਰਬੰਧ ਕਰਨ ਦੇ ਮਾਮਲੇ ਵਿਚ ਵੀ ਚੰਡੀਗੜ੍ਹ ਤੋਂ ਇਕ ਚੌਥਾਈ ਘੱਟ ਖ਼ਰਚੇ ’ਤੇ ਇਹ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਤੋਂ ਕਿਤੇ ਜ਼ਿਆਦਾ ਰਕਮ ਖ਼ਰਚ ਕਰਨ ਦੇ ਬਾਵਜੂਦ ਚੰਡੀਗੜ੍ਹ ਨਗਰ ਨਿਗਮ ਅਤੇ ਪ੍ਰਸ਼ਾਸਨ ਕੂੜੇ ਦੇ ਰੱਖ-ਰਖਾਅ ’ਚ ਪੂਰੀ ਤਰ੍ਹਾਂ ਫੇਲ੍ਹ ਹੀ ਸਾਬਤ ਹੁੰਦਾ ਰਿਹਾ ਹੈ, ਜਦ ਕਿ ਮੋਹਾਲੀ ਵਿਚ ਇਕ ਸਾਲ ਦੇ ਅੰਦਰ ਇਸ ਸਮੱਸਿਆ ਦਾ ਹੱਲ ਕੱਢ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਮੋਹਾਲੀ ਦੇ ਸਨਅਤੀ ਖੇਤਰ ਵਿਚ ਬੁਨਿਆਦੀ ਢਾਂਚੇ ਨੂੰ ਤਾਕਤਵਰ ਬਣਾਇਆ ਜਾ ਰਿਹਾ ਹੈ ਅਤੇ ਇਸ ਪੂਰੇ ਖੇਤਰ ਨੂੰ ਜੰਗਲੀ ਬੂਟੀ ਤੋਂ ਮੁਕਤ ਕੀਤਾ ਜਾਵੇਗਾ, ਇਥੇ ਸੜਕਾਂ ਦੀ ਮੁਰੰਮਤ ਦੇ ਨਾਲ, ਜਿਥੇ ਨਵੀਆਂ ਸੜਕਾਂ ਦੀ ਲੋੜ ਹੋਵੇਗੀ, ਉਥੇ ਨਵੀਂਆਂ ਸੜਕਾਂ ਵੀ ਬਣਾਈਆਂ ਜਾਣਗੀਆਂ। ਇਸ ਮੌਕੇ ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਯੋਗੇਸ਼ ਸਾਗਰ ਨੇ ਵਿਸ਼ੇਸ਼ ਤੌਰ ’ਤੇ ਮੇਅਰ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਬਦੌਲਤ ਡੰਪਿੰਗ ਗਰਾਊਂਡ ਦੀ ਇਸ ਵੱਡੀ ਸਮੱਸਿਆ ਦਾ ਹੱਲ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਮੋਹਾਲੀ ਦੀਆਂ ਸਨਅਤਾਂ ’ਤੇ ਹਾਂ ਪੱਖੀ ਪ੍ਰਭਾਵ ਪਵੇਗਾ, ਸਗੋਂ ਸਨਅਤੀ ਖੇਤਰ ਦੀ ਦਿੱਖ ਵਿਚ ਵੀ ਭਾਰੀ ਸੁਧਾਰ ਹੋਵੇਗਾ। ਇਸ ਮੌਕੇ ਮੋਹਾਲੀ ਨਿਗਮ ਦੇ ਅਧਿਕਾਰੀ ਅਤੇ ਠੇਕੇਦਾਰ ਕੰਪਨੀ ਦੇ ਨੁਮਾਇੰਦੇ ਵੀ ਹਾਜ਼ਰ ਸਨ।