ਮੋਹਾਲੀ ’ਚ ਤੇਜ਼ ਹਨ੍ਹੇਰੀ ਨੇ ਮਚਾਈ ਤਬਾਹੀ, ਕਾਰਾਂ ’ਤੇ ਡਿੱਗੇ ਦਰੱਖਤ (ਤਸਵੀਰਾਂ)
Sunday, May 30, 2021 - 12:54 PM (IST)
ਮੋਹਾਲੀ (ਪਰਦੀਪ) : ਬੀਤੀ ਦੇਰ ਰਾਤ ਆਈ ਤੇਜ਼ ਹਨ੍ਹੇਰੀ ਨੇ ਜਨਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ। ਮੋਹਾਲੀ ਸ਼ਹਿਰ ਵਿਚ ਕਈ ਥਾਵਾਂ ਉਤੇ ਦਰੱਖਤ ਕਾਰਾਂ ਅਤੇ ਹੋਰਨਾਂ ਵਾਹਨਾਂ ਦੇ ਉਪਰ ਡਿੱਗ ਪਏ। ਜਿਸ ਨਾਲ ਬੇਸ਼ੱਕ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ ਪ੍ਰੰਤੂ ਕਾਰ ਅਤੇ ਹੋਰ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਜਿਸ ਨਾਲ ਲਾਕਡਾਊਨ ਦੇ ਇਨ੍ਹਾਂ ਦਿਨਾਂ ਦੌਰਾਨ ਜਿੱਥੇ ਲੋਕ ਪਹਿਲਾਂ ਹੀ ਆਰਥਿਕਤਾ ਦੀ ਦੋਹਰੀ ਮਾਰ ਝੇਲ ਰਹੇ ਹਨ, ਉਥੇ ਅਜਿਹੇ ਵਿੱਚ ਤੇਜ਼ ਹਨ੍ਹੇਰੀ ਦੇ ਚਲਦੇ ਕਾਰਾਂ ਦੇ ਉਪਰ ਦਰੱਖਤ ਡਿੱਗਣ ਨਾਲ ਹੋਏ ਨੁਕਸਾਨ ਦੀ ਭਰਪਾਈ ਆਖਿਰ ਕੌਣ ਕਰੇਗਾ।
ਫੇਜ਼ ਗਿਆਰਾਂ ਸਥਿਤ ਕੋਠੀ ਨੰਬਰ 2303 ਵਿਖੇ ਦਰੱਖਤ ਟੁੱਟ ਕੇ ਡਿੱਗ ਪਿਆ, ਜਿਸ ਨਾਲ ਬੇਸ਼ੱਕ ਜਾਨੀ ਨੁਕਸਾਨ ਨਹੀਂ ਹੋਇਆ ਪ੍ਰੰਤੂ ਪਰਿਵਾਰਕ ਮੈਂਬਰਾਂ ਅਤੇ ਨਾਲ ਲੱਗਦੇ ਘਰਾਂ ਵਿੱਚ ਇੱਕ ਵਾਰੀ ਡਰ ਦਾ ਮਾਹੌਲ ਪੈਦਾ ਹੋ ਗਿਆ ਅਤੇ ਹਰ ਕੋਈ ਆਪੋ-ਆਪਣੇ ਜ਼ਰੂਰੀ ਵਾਹਨ ਨੂੰ ਅਤੇ ਹੋਰਨਾਂ ਚੀਜ਼ਾਂ ਨੂੰ ਸੰਭਾਲਣ ਵਿੱਚ ਜੁਟਿਆ ਨਜ਼ਰ ਆਇਆ।
ਸ਼ਹਿਰ ਵਿਚ ਥਾਂ-ਥਾਂ ਟੁੱਟੇ ਦਰੱਖਤਾਂ ਅਤੇ ਹੋਏ ਨੁਕਸਾਨ ਸਬੰਧੀ ਚਿੰਤਤ ਇਕ ਕੌਂਸਲਰ ਨੇ ਆਪਣੇ ਵਟਸਐਪ ਸਟੇਟਸ ਤੇ ਅੱਜ ਸਵੇਰੇ ਹੀ ਕਿਹਾ ਕਿ ਜਿਹੜੀਆਂ ਥਾਂਵਾਂ ਉੱਤੇ ਇਸ ਤਰ੍ਹਾਂ ਦਾ ਡਰ ਹੈ ਅਜਿਹੀਆਂ ਥਾਵਾਂ ਤੋਂ ਇਨ੍ਹਾਂ ਦਰੱਖਤਾਂ ਦੀ ਕਟਾਈ ਤੁਰੰਤ ਕਰ ਦੇਣੀ ਚਾਹੀਦੀ ਹੈ ,ਤਾਂ ਕਿ ਭਵਿੱਖ ਵਿੱਚ ਕੋਈ ਨੁਕਸਾਨ ਨਾ ਹੋ ਸਕੇ।