ਮੋਹਾਲੀ 'ਚ ਅੱਜ ਕੋਰੋਨਾ ਦੇ 7 ਨਵੇਂ ਮਾਮਲੇ ਆਏ ਸਾਹਮਣੇ
Wednesday, Jun 03, 2020 - 09:12 PM (IST)
ਮੋਹਾਲੀ, (ਪ੍ਰਦੀਪ): ਕੋਰੋਨਾ ਵਾਇਰਸ ਰੂਪੀ ਮਹਾਮਾਰੀ ਨਾਲ ਸਬੰਧਤ ਆਏ ਦਿਨ ਪਾਜ਼ੇਟਿਵ ਕੇਸਾਂ ਦੀ ਗਿਣਤੀ ਵਧਣ ਦੇ ਚਲਦਿਆਂ ਜਿਥੇ ਸਿਹਤ ਵਿਭਾਗ ਦੇ ਅਧਿਕਾਰੀ ਸੈਂਪਲਿੰਗ ਦੇ ਕੰਮ ਵਿਚ ਜੁਟੇ ਹੋਏ ਹਨ, ਉਥੇ ਹੀ ਅੱਜ ਮੋਹਾਲੀ ਜ਼ਿਲੇ 'ਚ 7 ਹੋਰ ਨਵੇਂ ਪਾਜ਼ੇਟਿਵ ਕੇਸ ਆਉਣ ਤੋਂ ਬਾਅਦ ਜ਼ਿਲੇ 'ਚ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 123 ਤਕ ਪੁੱਜ ਗਿਆ ਹੈ। ਇਨ੍ਹਾਂ 5 ਆਏ ਨਵੇਂ ਪਾਜ਼ੇਟਿਵ ਕੇਸਾਂ ਵਿਚ 50 ਸਾਲਾ ਮਹਿਲਾ ਅਤੇ ਉਸ ਦਾ 21 ਸਾਲਾ ਪੁੱਤਰ ਦੋਵੇਂ ਵਾਸੀ ਪਿੰਡ ਬਲਟਾਣਾ (ਜ਼ੀਰਕਪੁਰ), ਦੋ ਵਿਅਕਤੀ ਜਿਨ੍ਹਾਂ ਵਿਚ 40 ਸਾਲਾ ਅਤੇ ਦੂਜਾ 28 ਸਾਲਾ ਪਿੰਡ ਨਗਰ (ਬਨੂੰੜ), ਪੰਜਵਾਂ ਸਿਵਲ ਹਸਪਤਾਲ ਢਕੌਲੀ ਵਿਖੇ ਤਾਇਨਾਤ ਚੌਥਾ ਦਰਜਾ ਮੁਲਾਜ਼ਮ ਅਤੇ ਦੋ ਹੋਰ ਦੇਰ ਸ਼ਾਮ ਆਏ ਪਾਜ਼ੇਟਿਵ ਕੇਸਾਂ ਵਿਚ ਇਕ 39 ਸਾਲਾ ਵਿਅਕਤੀ ਡੇਰਾਬੱਸੀ ਅਤੇ ਇਕ 36 ਸਾਲਾ ਵਿਅਕਤੀ ਮੋਹਾਲੀ ਦੇ ਸੈਕਟਰ-78 ਦਾ ਨਿਵਾਸੀ ਹੈ। ਇਨ੍ਹਾਂ 7 ਪਾਜ਼ੇਟਿਵ ਮਰੀਜ਼ਾਂ ਨੂੰ ਮਿਲਾ ਕੇ ਅੱਜ ਜ਼ਿਲਾ ਮੋਹਾਲੀ 'ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 123 ਤਕ ਪੁੱਜ ਗਿਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਅਸੀਂ ਸਵੇਰੇ ਆਏ 5 ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਾਲੇ ਵਿਅਕਤੀਆਂ ਨੂੰ ਟਰੇਸ ਕਰ ਰਹੇ ਹਾਂ ਅਤੇ ਅੱਜ ਇਨ੍ਹਾਂ ਦੇ ਸੈਂਪਲ ਲਏ ਜਾਣਗੇ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਸਵੇਰੇ 40 ਸਾਲਾ ਵਿਅਕਤੀ ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਉਹ ਬਿਹਾਰ ਤੋਂ ਆਇਆ ਸੀ। ਇਸ ਨੂੰ ਤੁਰੰਤ ਬਨੂੰੜ ਸਥਿਤ ਗਿਆਨ ਸਾਗਰ ਹਸਪਤਾਲ ਵਿਖੇ ਸ਼ਿਫਟ ਕਰ ਦਿੱਤਾ ਗਿਆ ਹੈ। ਸਿਵਲ ਸਰਜਨ ਨੇ ਕਿਹਾ ਕਿ ਜਿਹੜੇ ਮਰੀਜ਼ ਪਹਿਲਾਂ ਗਿਆਨ ਸਾਗਰ ਹਸਪਤਾਲ ਵਿਖੇ ਜੇਰੇ ਇਲਾਜ ਹਨ, ਉਹ ਸਿਹਤਮੰਦ ਹੋ ਰਹੇ ਹਨ ਅਤੇ ਉਨ੍ਹਾਂ ਦਾ ਠੀਕ ਇਲਾਜ ਚੱਲ ਰਿਹਾ ਹੈ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਪਾਜ਼ੇਟਿਵ ਮਰੀਜ਼ਾਂ ਵਿਚੋਂ ਹੁਣ ਤਕ 103 ਵਿਅਕਤੀ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਤੰਦਰੁਸਤ ਹੋ ਕੇ ਘਰ ਪਰਤ ਚੁੱਕੇ ਹਨ, ਜਦਕਿ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਾਅਦ ਦੁਪਹਿਰ ਆਈ ਸੈਂਪਲਾਂ ਦੀ ਰਿਪੋਰਟ ਵਿਚ 39 ਸਾਲਾ ਵਿਅਕਤੀ ਜੋ ਕਿ ਡੇਰਾਬੱਸੀ ਨਿਵਾਸੀ ਹੈ ਅਤੇ 36 ਸਾਲਾ ਵਿਅਕਤੀ ਸੈਕਟਰ-78 ਨਿਵਾਸੀ ਇਹ ਦੋਵੇਂ ਹੁਣੇ ਹੀ ਦਿੱਲੀ ਤੋਂ ਵਾਪਸ ਪਰਤੇ ਸਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਇਨ੍ਹਾਂ ਦੋਵੇਂ ਮਰੀਜ਼ਾਂ ਦੇ ਸੰਪਰਕ ਵਾਲੇ ਵਿਅਕਤੀਆਂ ਨੂੰ ਟਰੇਸ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਵਿਅਕਤੀਆਂ ਦੇ ਵੀਰਵਾਰ ਨੂੰ ਸੈਂਪਲ ਲਏ ਜਾਣਗੇ ਅਤੇ ਇਨ੍ਹਾਂ ਦੋਵੇਂ ਮਰੀਜ਼ਾਂ ਨੂੰ ਵੀ ਗਿਆਨ ਸਾਗਰ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਨਵੇਂ ਆਏ ਪਾਜ਼ੇਟਿਵ ਮਾਮਲਿਆਂ ਵਿਚ ਬਨੂੰੜ ਦੇ ਨਗਲ ਸਲੇਮਪੁਰ ਦੀ ਇਕ ਮਹਿਲਾ ਵੀ ਸ਼ਾਮਲ ਹੈ ਜੋ ਕਿ ਗਰਭਵਤੀ ਹੈ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵਲੋਂ ਸੈਂਪਲਿੰਗ ਦਾ ਕੰਮ ਜਾਰੀ ਹੈ ਅਤੇ ਹੁਣ ਤਕ ਮੋਹਾਲੀ ਜ਼ਿਲੇ ਵਿਚ 6050 ਸੈਂਪਲ ਲਏ ਗਏ ਹਨ।