ਮੋਹਾਲੀ ਦੇ ਲੋਕਾਂ ਲਈ ਰਾਹਤ ਭਰੀ ਖਬਰ, 14 ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ

Tuesday, Apr 21, 2020 - 05:16 PM (IST)

ਮੋਹਾਲੀ ਦੇ ਲੋਕਾਂ ਲਈ ਰਾਹਤ ਭਰੀ ਖਬਰ, 14 ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ

ਮੋਹਾਲੀ (ਰਾਣਾ) : ਜ਼ਿਲਾ ਮੋਹਾਲੀ 'ਚ ਜਿਸ ਤੇਜ਼ੀ ਨਾਲ 'ਕੋਰੋਨਾ ਵਾਇਰਸ' ਦੀ ਲਾਗ ਦੇ ਕੇਸ ਵਧੇ ਸਨ, ਉਸੇ ਤੇਜ਼ੀ ਨਾਲ ਮਰੀਜ਼ ਨੌਂ-ਬਰ-ਨੌਂ ਵੀ ਹੋ ਰਹੇ ਹਨ। ਇਸ ਮਹਾਮਾਰੀ ਤੋਂ ਛੇ ਹੋਰ ਮਰੀਜ਼ ਮੰਗਲਵਾਰ ਨੂੰ ਬਿਲਕੁਲ ਠੀਕ ਹੋ ਗਏ, ਜਿਸ ਨਾਲ ਜ਼ਿਲੇ 'ਚ ਹੁਣ ਤੱਕ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 14 ਹੋ ਗਈ ਹੈ। ਐਪੀਡੀਮੋਲੋਜਿਸਟ ਡਾ. ਰੇਨੂੰ ਸਿੰਘ ਨੇ ਦੱਸਿਆ ਕਿ ਠੀਕ ਹੋਣ ਵਾਲੇ ਛੇ ਮਰੀਜ਼ਾਂ 'ਚੋਂ 5 ਮਰੀਜ਼ ਪਿੰਡ ਜਵਾਹਰਪੁਰ ਨਾਲ ਸਬੰਧਤ ਹਨ ਜਿੱਥੇ ਜ਼ਿਲੇ 'ਚ ਸਭ ਤੋਂ ਵੱਧ ਕੇਸ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਠੀਕ ਹੋਣ ਵਾਲੇ ਮਰੀਜ਼ਾਂ 'ਚ ਕਮਲਜੀਤ ਕੌਰ (ਉਮਰ 39 ਸਾਲ), ਹਰਵਿੰਦਰ ਸਿੰਘ (43), ਬਲਵਿੰਦਰ ਕੌਰ (61), ਗੁਰਵਿੰਦਰ ਸਿੰਘ (42) ਅਰਸ਼ਦੀਪ ਸਿੰਘ (12) ਅਤੇ ਅਬਦੁਲ ਰਜ਼ਾਕ (42) ਸ਼ਾਮਲ ਹਨ, ਜਿਨਾਂ 'ਚੋਂ ਪਹਿਲੇ ਪੰਜ ਮਰੀਜ਼ ਪਿੰਡ ਜਵਾਹਰਪੁਰ ਨਾਲ ਸਬੰਧਤ ਹਨ, ਜਦੋਂ ਕਿ ਅਬਦੁਲ ਰਜ਼ਾਕ ਪਿੰਡ ਮੌਲੀ ਬੈਦਵਾਨ ਨਾਲ ਸਬੰਧਤ ਹੈ।

ਉਨ੍ਹਾਂ ਦਸਿਆ ਕਿ ਇਨ੍ਹਾਂ ਸਾਰੇ ਮਰੀਜ਼ਾਂ ਦਾ ਗਿਆਨ ਸਾਗਰ ਹਸਪਤਾਲ, ਬਨੂੜ ਵਿਖੇ ਇਲਾਜ ਚੱਲ ਰਿਹਾ ਸੀ ਅਤੇ ਫ਼ਿਲਹਾਲ ਇਨ੍ਹਾਂ ਨੂੰ ਘਰ ਨਹੀਂ ਭੇਜਿਆ ਜਾਵੇਗਾ। ਇਨ੍ਹਾਂ ਸਾਰਿਆਂ ਨੂੰ ਅਹਿਤਿਆਤ ਵਜੋਂ 14 ਦਿਨਾਂ ਲਈ ਸੈਕਟਰ 70 'ਚ ਬਣਾਏ ਗਏ ਜ਼ਿਲਾ ਪੱਧਰੀ 'ਇਕਾਂਤਵਾਸ ਕੇਂਦਰ' 'ਚ ਰੱਖਿਆ ਜਾਵੇਗਾ। 14 ਦਿਨਾਂ ਦਾ ਸਮਾਂ ਮੁਕੰਮਲ ਹੋਣ ਮਗਰੋਂ ਹੀ ਇਨ੍ਹਾਂ ਨੂੰ ਘਰ ਭੇਜਿਆ ਜਾਵੇਗਾ। ਡਾ. ਰੇਨੂੰ ਸਿੰਘ ਨੇ ਦਸਿਆ ਕਿ ਇਨ੍ਹਾਂ ਸਾਰੇ ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟ 6 ਅਪ੍ਰੈਲ ਨੂੰ ਪਾਜ਼ੇਟਿਵ ਆਈ ਸੀ, ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕੀਤਾ ਗਿਆ ਸੀ। ਹੁਣ ਇਨ੍ਹਾਂ ਸਾਰਿਆਂ ਦੇ ਦੋ ਟੈਸਟਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ, ਜਿਸ ਮਗਰੋਂ ਇਨ੍ਹਾਂ ਨੂੰ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਜਵਾਹਰਪੁਰ ਨਾਲ ਸਬੰਧਤ ਠੀਕ ਹੋਣ ਵਾਲੇ ਇਹ ਪਹਿਲੇ ਪੰਜ ਮਰੀਜ਼ ਹਨ, ਜਦੋਂ ਕਿ ਬਾਕੀ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ। ਸਿਹਤਯਾਬ ਹੋਏ ਮਰੀਜ਼ਾਂ ਨੇ ਗਿਆਨ ਸਾਗਰ ਹਸਪਤਾਲੋਂ ਛੁੱਟੀ ਮਿਲਣ 'ਤੇ ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪੂਰਾ ਖ਼ਿਆਲ ਰੱਖਿਆ ਗਿਆ ਅਤੇ ਉਨ੍ਹਾਂ ਨੂੰ ਚੰਗਾ ਤੇ ਮਿਆਰੀ ਇਲਾਜ ਮਿਲਿਆ।
 ਡਾ. ਰੇਨੂੰ ਸਿੰਘ ਨੇ ਕਿਹਾ ਕਿ ਗਿਆਨ ਸਾਗਰ ਹਸਪਤਾਲ 'ਚ ਬਣਾਏ ਗਏ 'ਕੋਵਿਡ ਕੇਅਰ ਸੈਂਟਰ' 'ਚ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰ, ਨਰਸਾਂ, ਪੈਰਾਮੈਡੀਕਲ ਸਟਾਫ਼ ਪ੍ਰਸ਼ੰਸਾ ਦੇ ਪਾਤਰ ਹਨ। ਉਨ੍ਹਾਂ ਦਸਿਆ ਕਿ ਹਸਪਤਾਲ 'ਚ ਸਰਕਾਰੀ ਡਾਕਟਰਾਂ ਅਤੇ ਹੋਰ ਸਟਾਫ਼ ਤੋਂ ਇਲਾਵਾ ਗਿਆਨ ਸਾਗਰ ਹਸਪਤਾਲ ਦਾ ਸਟਾਫ਼ ਵੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਪੂਰੀ ਨਿਡਰਤਾ, ਮਿਹਨਤ ਅਤੇ ਲਗਨ ਨਾਲ ਡਿਊਟੀ ਨਿਭਾ ਰਿਹਾ ਹੈ। ਰੇਨੂੰ ਸਿੰਘ ਨੇ ਕਿਹਾ ਕਿ ਸਿਹਤਯਾਬ ਹੋਏ ਮਰੀਜ਼ਾਂ ਨੂੰ ਫ਼ਿਲਹਾਲ ਸਾਵਧਾਨੀਆਂ ਵਰਤਣ ਦੀ ਲੋੜ ਹੈ।


author

Babita

Content Editor

Related News