PSEB ਵੱਲੋਂ ਮੈਟ੍ਰਿਕ ਜਮਾਤ ਲਈ ਲਾਗੂ ਪਾਸ ਫ਼ਾਰਮੂਲੇ ''ਚ CBSE ਦੀ ਤਰਜ਼ ''ਤੇ ਸੋਧ

Friday, Jan 10, 2020 - 03:09 PM (IST)

PSEB ਵੱਲੋਂ ਮੈਟ੍ਰਿਕ ਜਮਾਤ ਲਈ ਲਾਗੂ ਪਾਸ ਫ਼ਾਰਮੂਲੇ ''ਚ CBSE ਦੀ ਤਰਜ਼ ''ਤੇ ਸੋਧ

ਮੋਹਾਲੀ, ਸ਼ੇਰਪੁਰ (ਨਿਆਮੀਆਂ/ਅਨੀਸ਼) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2019-20 ਤੋਂ ਮੈਟ੍ਰਿਕ ਜਮਾਤ ਲਈ ਲਾਗੂ ਪਾਸ ਫ਼ਾਰਮੂਲਾ ਵਿਚ ਸੀ. ਬੀ. ਐੱਸ. ਈ. ਦੀ ਤਰਜ਼ 'ਤੇ ਸੋਧ ਕੀਤੀ ਗਈ ਹੈ। ਬੋਰਡ ਦੇ ਸਕੱਤਰ ਮੁਹੰਮਦ ਤਈਅਬ ਵਲੋਂ ਪੰਜਾਬ ਦੇ ਸਮੂਹ ਸਰਕਾਰੀ, ਐਫ਼ੀਲੀਏਟਿਡ ਅਤੇ ਐਸੋਸੀਏਟਿਡ ਸਕੂਲ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਜਾਰੀ ਕੀਤੀ ਗਈ ਸੂਚਨਾ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2019-20 ਤੋਂ ਮੈਟ੍ਰਿਕ ਸ਼੍ਰੇਣੀ ਦੇ ਪਾਸ ਫ਼ਾਰਮੂਲੇ ਵਿਚ ਸੈਂਟਰਲ ਬੋਰਡ ਆਫ਼ ਸਕੂਲ ਐਜੂਕੇਸ਼ਨ ਦੀ ਤਰਜ਼ 'ਤੇ ਕੀਤੀ ਗਈ ਸੋਧ ਮੁਤਾਬਿਕ ਹੁਣ ਪ੍ਰੀਖਿਆਰਥੀ ਨੂੰ ਤਾਂ ਹੀ ਪ੍ਰੀਖਿਆ ਵਿਚੋਂ ਪਾਸ ਐਲਾਨਿਆ ਜਾਵੇਗਾ, ਜੇਕਰ ਉਹ ਹਰੇਕ ਵਿਸ਼ੇ ਦੀ ਲਿਖਤੀ ਪ੍ਰੀਖਿਆ, ਸਬੰਧਤ ਵਿਸ਼ਿਆਂ ਦੀ ਪ੍ਰਯੋਗੀ ਪ੍ਰੀਖਿਆ ਅਤੇ ਸੀ. ਸੀ. ਈ. ਵਿਚੋਂ ਕੁੱਲ ਮਿਲਾ ਕੇ ਘੱਟ ਤੋਂ ਘੱਟ 33 ਪ੍ਰਤੀਸ਼ਤ ਅੰਕ ਪ੍ਰਾਪਤ ਕਰਦਾ ਹੈ। ਇਸ ਦੇ ਨਾਲ ਹੀ ਇਹ ਸ਼ਰਤ ਹੋਵੇਗੀ ਕਿ ਪ੍ਰੀਖਿਆਰਥੀ ਵਲੋਂ ਲਿਖਤੀ ਅਤੇ ਪ੍ਰਯੋਗੀ ਪ੍ਰੀਖਿਆਵਾਂ ਵਿਚ ਵੱਖੋ-ਵੱਖਰੇ ਤੌਰ 'ਤੇ ਘੱਟ ਤੋਂ ਘੱਟ 20 ਪ੍ਰਤੀਸ਼ਤ ਅੰਕ ਜ਼ਰੂਰ ਪ੍ਰਾਪਤ ਕੀਤੇ ਗਏ ਹੋਣ।

ਬੋਰਡ ਦੇ ਸਕੱਤਰ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮੈਟ੍ਰਿਕ ਸ਼੍ਰੇਣੀ ਲਈ ਸੋਧਿਆ ਪਾਸ ਫ਼ਾਰਮੂਲਾ ਅਕਾਦਮਿਕ ਸਾਲ 2019-20 ਤੋਂ ਬੋਰਡ ਵਲੋਂ ਲਈਆਂ ਜਾਣ ਵਾਲੀਆਂ 5ਵੀਂ ਅਤੇ 8ਵੀਂ ਸ਼੍ਰੇਣੀਆਂ ਦੀਆਂ ਪ੍ਰੀਖਿਆਵਾਂ ਲਈ ਵੀ ਇੰਨ-ਬਿੰਨ ਲਾਗੂ ਕੀਤਾ ਜਾਵੇਗਾ। 5ਵੀਂ, 8ਵੀਂ ਅਤੇ ਮੈਟ੍ਰਿਕ ਸ਼੍ਰੇਣੀਆਂ ਲਈ ਸੋਧੀ ਸਕੀਮ ਆਫ਼ ਸਟੱਡੀਜ਼ ਅਤੇ ਵਿਸ਼ਾਵਾਰ ਅੰਕ ਵੰਡ ਸਬੰਧੀ ਵਿਸਤ੍ਰਿਤ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ 'ਤੇ ਉਪਲੱਬਧ ਹੈ।


author

cherry

Content Editor

Related News