ਸਿਹਤ ਵਿਭਾਗ ਚੁਣੌਤੀਆਂ ਵਾਲਾ ਮਹਿਕਮਾ ਪਰ ਹਰ ਚੁਣੌਤੀ ਸਵੀਕਾਰ : ਬਲਬੀਰ ਸਿੰਘ ਸਿੱਧੂ

08/04/2019 10:36:04 AM

ਮੋਹਾਲੀ (ਨਿਆਮੀਆਂ) - ਸਿਹਤ ਵਿਭਾਗ ਇਕ ਅਜਿਹਾ ਅਹਿਮ ਵਿਭਾਗ ਹੈ, ਜਿਸ ਦਾ ਸਬੰਧ ਛੋਟੇ ਤੋਂ ਛੋਟੇ ਵਿਅਕਤੀ ਤੋਂ ਲੈ ਕੇ ਵੱਡੇ ਤੋਂ ਵੱਡੇ ਅਫ਼ਸਰ ਤੱਕ ਹੈ, ਕਿਉਂਕਿ ਹਰ ਇਕ ਨੂੰ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ। ਮੋਹਾਲੀ ਹਲਕੇ ਦੀ ਪੰਜਾਬ ਵਿਧਾਨ ਸਭਾ 'ਚ 3 ਵਾਰ ਨੁਮਾਇੰਦਗੀ ਕਰ ਚੁੱਕੇ ਬਲਬੀਰ ਸਿੰਘ ਸਿੱਧੂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਾਰੀ ਸਿਹਤ ਵਿਭਾਗ ਵਰਗਾ ਅਹਿਮ ਮੰਤਰਾਲਾ ਸੌਂਪਿਆ ਹੈ। ਇਹ ਵਿਭਾਗ ਹਾਲਾਂਕਿ ਬਹੁਤ ਹੀ ਚੁਣੌਤੀਆਂ ਭਰਪੂਰ ਹੈ ਪਰ ਬਲਬੀਰ ਸਿੱਧੂ ਦਾ ਵਿਧਾਨ ਸਭਾ ਵਿਚ ਲੰਮਾ ਤਜਰਬਾ ਹੈ, ਇਸ ਲਈ ਉਹ ਇਨ੍ਹਾਂ ਚੁਣੌਤੀਆਂ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹਨ। 'ਜਗਬਾਣੀ' ਵਲੋਂ ਇਸ ਸਬੰਧ 'ਚ ਬਲਬੀਰ ਸਿੱਧੂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।

ਮੁੱਖ ਮੰਤਰੀ ਦੀਆਂ ਉਮੀਦਾਂ 'ਤੇ ਖਰਾ ਉਤਰਾਂਗਾ
ਸਿਹਤ ਵਿਭਾਗ ਵਿਚ ਆਪਣੀਆਂ ਤਰਜੀਹਾਂ ਸਬੰਧੀ ਪੁੱਛੇ ਜਾਣ 'ਤੇ ਬਲਬੀਰ ਸਿੱਧੂ ਨੇ ਕਿਹਾ ਕਿ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਮੁੱਖ ਮੰਤਰੀ ਨੇ ਉਨ੍ਹਾਂ ਦੀ ਜ਼ਿੰਮੇਵਾਰੀ ਲਾਈ ਹੈ ਤੇ ਉਹ ਹਰ ਹਾਲਤ 'ਚ ਆਪਣੀ ਇਸ ਜ਼ਿੰਮੇਵਾਰੀ 'ਤੇ ਖਰੇ ਉਤਰਨਗੇ। ਉਨ੍ਹਾਂ ਦੀ ਪਹਿਲ ਹੋਵੇਗੀ ਕਿ ਸਾਰੇ ਹੀ ਹਸਪਤਾਲਾਂ 'ਚ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਦੀ ਕਮੀ ਨੂੰ ਪੂਰਾ ਕੀਤਾ ਜਾਵੇ। ਇਸ ਦੇ ਨਾਲ ਹੀ ਜੋ ਜ਼ਰੂਰੀ ਦਵਾਈਆਂ ਨੇ, ਜੋ ਬਹੁਤ ਮਹਿੰਗੀਆਂ ਹਨ, ਉਹ ਲੋਕਾਂ ਨੂੰ ਸਸਤੇ ਰੇਟਾਂ 'ਤੇ ਉਪਲੱਬਧ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਸਾਡੀ ਤਰਜੀਹ ਹੈ ਕਿ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਮੁਫ਼ਤ ਦਵਾਈਆਂ ਲੋਕਾਂ ਨੂੰ ਪਹਿਲ ਦੇ ਆਧਾਰ 'ਤੇ ਮਿਲਣ ਅਤੇ ਉਨ੍ਹਾਂ ਦਾ ਸਹੀ ਸਮੇਂ 'ਤੇ ਸਹੀ ਇਲਾਜ ਹੋਵੇ।
ਮੋਹਾਲੀ ਦੇ ਮੈਡੀਕਲ ਕਾਲਜ ਲਈ ਜ਼ਮੀਨ ਦਾ ਪ੍ਰਬੰਧ ਕੀਤਾ
ਮੋਹਾਲੀ ਦੇ ਮੈਡੀਕਲ ਕਾਲਜ ਦੇ ਸਬੰਧ 'ਚ ਸਿੱਧੂ ਨੇ ਕਿਹਾ ਕਿ ਹਾਲਾਂਕਿ ਇਹ ਵਿਭਾਗ ਓ. ਪੀ. ਸੋਨੀ ਕੋਲ ਹੈ ਪਰ ਮੈਡੀਕਲ ਕਾਲਜ ਲਈ ਇਕ ਵਿਧਾਇਕ ਦੇ ਤੌਰ 'ਤੇ ਜੋ ਜ਼ਮੀਨ ਉਪਲੱਬਧ ਕਰਵਾਉਣੀ ਸੀ ਅਤੇ ਹੋਰ ਮੁੱਢਲੀਆਂ ਸਹੂਲਤਾਂ ਦੇਣੀਆਂ ਸਨ, ਉਹ ਉਨ੍ਹਾਂ ਨੇ ਉਪਲੱਬਧ ਕਰਵਾ ਦਿੱਤੀਆਂ ਹਨ।
58 ਤੋਂ 65 ਸਾਲ ਦੇ ਸੇਵਾਮੁਕਤ ਸਪੈਸ਼ਲਿਸਟ ਡਾਕਟਰਾਂ ਦੀ ਠੇਕੇ 'ਤੇ ਹੋਵੇਗੀ ਭਰਤੀ
ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਸਬੰਧੀ ਪੁੱਛੇ ਗਏ ਪ੍ਰਸ਼ਨ ਦੇ ਉੱਤਰ 'ਚ ਸਿੱਧੂ ਨੇ ਕਿਹਾ ਕਿ ਹਾਲਾਂਕਿ ਸਟਾਫ ਦੀ ਕਾਫੀ ਕਮੀ ਹੈ ਪਰ ਫਿਰ ਵੀ ਉਹ ਅਜਿਹੇ ਪ੍ਰਬੰਧ ਕਰ ਰਹੇ ਹਨ ਕਿ ਜਨਤਾ ਨੂੰ ਇਹ ਕਮੀ ਮਹਿਸੂਸ ਨਾ ਹੋਵੇ। ਮੈਡੀਕਲ ਅਫਸਰ ਐਮਰਜੈਂਸੀ ਅਤੇ ਡਿਸਪੈਂਸਰੀਆਂ 'ਚ ਡਿਊਟੀ ਦੇਣਗੇ ਅਤੇ ਸਰਜਨ ਤੇ ਵਿਸ਼ੇਸ਼ ਡਾਕਟਰ ਅਪਰੇਸ਼ਨ ਥੀਏਟਰਾਂ 'ਚ ਜਾਂ ਮਰੀਜ਼ਾਂ ਦੀ ਦੇਖਭਾਲ ਕਰਨ ਲਈ ਨਿਯੁਕਤ ਕੀਤੇ ਜਾਣਗੇ। ਡਾਕਟਰਾਂ ਦੀ ਪੂਰੀ ਕਮੀ ਨੂੰ ਪੂਰਾ ਕਰਨ ਲਈ ਇਕ ਹੋਰ ਪਹਿਲਕਦਮੀ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ। 58 ਤੋਂ 65 ਸਾਲ ਤੱਕ ਦੇ ਜੋ ਸਰਜਨ ਨੇ ਉਨ੍ਹਾਂ ਨੂੰ ਦੁਬਾਰਾ ਨਿਯੁਕਤ ਕਰਨ ਦਾ ਵਿਚਾਰ ਹੈ। ਇਹ ਨਿਰੋਲ ਠੇਕੇ 'ਤੇ ਰੱਖੇ ਜਾਣਗੇ ਅਤੇ ਇਨ੍ਹਾਂ ਦੀ ਨਿਯੁਕਤੀ ਨਾਲ ਆਮ ਡਾਕਟਰਾਂ ਦੀ ਪ੍ਰਮੋਸ਼ਨ ਜਾਂ ਹੋਰ ਤਰੱਕੀ 'ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਹੋਵੇਗਾ। ਇਸ ਤਰ੍ਹਾਂ ਨਾਲ ਕਾਫੀ ਹੱਦ ਤਕ ਡਾਕਟਰਾਂ ਦੀ ਕਮੀ ਪੂਰੀ ਹੋ ਸਕੇਗੀ।

ਪੰਜਾਬ 'ਚ 384 ਸਪੈਸ਼ਲਿਸਟ ਡਾਕਟਰਾਂ ਦੀ ਕਮੀ
ਉਨ੍ਹਾਂ ਸਵੀਕਾਰ ਕੀਤਾ ਕਿ ਪੰਜਾਬ 'ਚ 384 ਸਪੈਸ਼ਲਿਸਟ ਡਾਕਟਰਾਂ ਦੀ ਕਮੀ ਹੈ। ਉਨ੍ਹਾਂ ਦੀ ਭਰਤੀ ਕੀਤੀ ਜਾ ਰਹੀ ਹੈ ਤੇ ਬਾਕੀ ਦੀ ਕਮੀ ਨੂੰ ਪੂਰਾ ਕਰਨ ਲਈ ਡਾਕਟਰਾਂ ਨੂੰ ਅਗਲੇਰੀ ਪੜ੍ਹਾਈ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। 6 ਸਾਲ ਦਾ ਤਜਰਬਾ ਘਟਾ ਕੇ 3 ਸਾਲ ਅਤੇ 4 ਸਾਲ ਦਾ ਘਟਾ ਕੇ 2 ਸਾਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲਾਂ ਵਿਚ ਦੋਸਤਾਨਾ ਮਾਹੌਲ ਪੈਦਾ ਕਰਨ ਲਈ ਮਰੀਜ਼ਾਂ ਦੇ ਤੀਮਾਰਦਾਰਾਂ ਦੀਆਂ ਵਿਸ਼ੇਸ਼ ਕਲਾਸਾਂ ਲਾਈਆਂ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਮਰੀਜ਼ਾਂ ਦੀ ਕਿਸ ਤਰ੍ਹਾਂ ਸੰਭਾਲ ਕਰਨੀ ਹੈ।
ਸਾਰੇ ਪੰਜਾਬ ਵਿਚ ਖੋਲ੍ਹਾਂਗੇ ਜਨ-ਔਸ਼ਧੀ ਕੇਂਦਰ
ਸਿੱਧੂ ਨੇ ਦੱਸਿਆ ਕਿ ਲੋਕਾਂ ਨੂੰ ਸਸਤੀਆਂ ਦਵਾਈਆਂ ਉਪਲੱਬਧ ਕਰਵਾਉਣ ਲਈ ਪੂਰੇ ਪੰਜਾਬ ਦੇ ਹਸਪਤਾਲਾਂ ਵਿਚ ਜਨ-ਔਸ਼ਧੀ ਕੇਂਦਰ ਖੋਲ੍ਹੇ ਜਾਣਗੇ। ਇਨ੍ਹਾਂ ਵਿਚੋਂ ਕੁਝ ਰੈੱਡ ਕਰਾਸ ਰਾਹੀਂ ਤੇ ਬਾਕੀ ਸਿੱਧੇ ਸਰਕਾਰ ਵਲੋਂ ਚਲਾਏ ਜਾਣਗੇ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿਚ ਦਵਾਈ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਬਾਹਰੋਂ ਮਹਿੰਗੀਆਂ ਦਵਾਈਆਂ ਖਰੀਦਣਾ ਬੰਦ ਕਰਕੇ ਜਨ-ਔਸ਼ਧੀ ਕੇਂਦਰਾਂ ਤੋਂ ਹੀ ਖਰੀਦੀਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਸਹੀ ਮਾਤਰਾ ਵਿਚ ਦਵਾਈਆਂ ਉਪਲੱਬਧ ਹੋ ਸਕਣ।
46 ਲੱਖ ਪਰਿਵਾਰਾਂ ਦਾ ਹੋਵੇਗਾ ਬੀਮਾ
ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਵਲੋਂ ਇਕ ਹੋਰ ਪਹਿਲ ਕੀਤੀ ਜਾ ਰਹੀ ਹੈ, ਜਿਸ ਦਾ ਉਦਘਾਟਨ 20 ਅਗਸਤ ਨੂੰ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਨਵੀਂ ਯੋਜਨਾ ਦੇ ਤਹਿਤ ਪੰਜਾਬ ਦੇ 46 ਲੱਖ ਪਰਿਵਾਰਾਂ ਦਾ ਸਿਹਤ ਬੀਮਾ ਕਰਵਾਇਆ ਜਾਵੇਗਾ। ਇਸ ਯੋਜਨਾ ਦੇ ਤਹਿਤ ਸਾਰੇ ਛੋਟੇ ਕਿਸਾਨਾਂ, ਮੱਧ ਵਰਗੀ ਵਪਾਰੀਆਂ, ਨੀਲੇ ਕਾਰਡ ਧਾਰਕਾਂ ਅਤੇ ਹੋਰਨਾਂ ਦਾ 5 ਲੱਖ ਤਕ ਰੁਪਏ ਦਾ ਇਲਾਜ ਮੁਫਤ ਕਰਵਾਇਆ ਜਾਵੇਗਾ ਤੇ ਇਸ ਦੇ ਲਈ 300 ਤੋਂ ਵੱਧ ਹਸਪਤਾਲਾਂ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ।

2950 ਵੈਲਨੈੱਸ ਹੈਲਥ ਸੈਂਟਰ ਕੀਤੇ ਜਾ ਰਹੇ ਹਨ ਸਥਾਪਤ
ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਵਧੀਆ ਤੇ ਨੇੜੇ ਤੋਂ ਨੇੜੇ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਪੰਜਾਬ ਵਿਚ 2950 ਵੈਲਨੈੱਸ ਹੈਲਥ ਸੈਂਟਰ ਖੋਲ੍ਹੇ ਜਾ ਰਹੇ ਹਨ, ਜਿਨ੍ਹਾਂ ਦੀ ਮਾਨੀਟਰਿੰਗ ਸਟਾਫ਼ ਨਰਸ ਏ. ਐੱਨ. ਐੱਮ. ਤੇ ਆਸ਼ਾ ਵਰਕਰ ਕਰਨਗੀਆਂ। ਇਹ ਸਾਰੀਆਂ ਟੈਲੀ ਮੈਡੀਸਨ ਦੀ ਸਹਾਇਤਾ ਨਾਲ ਸ਼ਹਿਰਾਂ ਦੇ ਵੱਡੇ ਹਸਪਤਾਲਾਂ ਦੇ ਡਾਕਟਰਾਂ ਦੀ ਸਲਾਹ ਲੈ ਕੇ ਮਰੀਜ਼ਾਂ ਦਾ ਇਲਾਜ ਕਰਿਆ ਕਰਨਗੀਆਂ।
ਨਸ਼ਾਮੁਕਤ ਪੰਜਾਬ ਸਾਡੀ ਪਹਿਲ
ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਪਹਿਲੀ ਵਚਨਬੱਧਤਾ ਹੈ। ਉਨ੍ਹਾਂ ਦੱਸਿਆ ਕਿ ਇਸ ਨੂੰ ਹਰ ਤਰੀਕੇ ਨਾਲ ਪੂਰਾ ਕੀਤਾ ਜਾਵੇਗਾ। ਉਨ੍ਹਾਂ ਇਸ ਕੰਮ ਲਈ ਜਨਤਾ ਦੇ ਸਹਿਯੋਗ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਆਪਣੇ ਆਸ-ਪਾਸ ਹੋ ਰਹੇ ਗੈਰ ਕਾਨੂੰਨੀ ਕੰਮਾਂ ਬਾਰੇ ਜਾਂ ਵਿਕ ਰਹੇ ਨਸ਼ਿਆਂ ਬਾਰੇ ਜ਼ਰੂਰ ਦੱਸਣ। ਐੱਨ. ਜੀ. ਓ., ਸਪੋਰਟਸ ਕਲੱਬ, ਸੰਤ ਮਹਾਪੁਰਸ਼ ਵੀ ਆਪਣੇ ਪੱਧਰ 'ਤੇ ਸਰਕਾਰ ਦਾ ਸਾਥ ਦੇਣ ਤਾਂ ਜੋ ਸਾਰਿਆਂ ਦੇ ਨਾਲ ਮਿਲ ਕੇ ਪੰਜਾਬ ਵਿਚੋਂ ਨਸ਼ੇ ਵਰਗੀ ਕੋਹੜ ਦੀ ਬੀਮਾਰੀ ਨੂੰ ਖ਼ਤਮ ਕੀਤਾ ਜਾ ਸਕੇ।


rajwinder kaur

Content Editor

Related News