ਬੇਅਦਬੀ ਕਾਂਡ : 3 ਸ਼ਿਕਾਇਤਕਰਤਾਵਾਂ ਅਤੇ 2 ਮੁਲਜ਼ਮਾਂ ਨੂੰ ਕਲੋਜ਼ਰ ਰਿਪੋਰਟ ਜਾਰੀ
Friday, Jul 26, 2019 - 09:46 AM (IST)

ਮੋਹਾਲੀ (ਕੁਲਦੀਪ) - ਸੀ. ਬੀ. ਆਈ. ਵਲੋਂ ਮੋਹਾਲੀ ਸਥਿਤ ਵਿਸ਼ੇਸ਼ ਅਦਾਲਤ ਵਿਚ ਬਰਗਾੜੀ ਬੇਅਦਬੀ ਕਾਂਡ ਸਬੰਧੀ ਦਰਜ ਕੀਤੀ ਗਈ ਕਲੋਜ਼ਰ ਰਿਪੋਰਟ ਦੀਆਂ ਕਾਪੀਆਂ 3 ਸ਼ਿਕਾਇਕਰਤਾਵਾਂ ਅਤੇ 2 ਮੁਲਜ਼ਮਾਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਹਨ। ਅਦਾਲਤ ਦੇ ਬਾਹਰ ਸ਼ਿਕਾਇਤਕਰਤਾਵਾਂ ਦੇ ਵਕੀਲਾਂ ਐਡਵੋਕੇਟ ਗਗਨਪ੍ਰਦੀਪ ਸਿੰਘ ਬੱਲ ਅਤੇ ਐਡਵੋਕੇਟ ਨਵਦੀਪ ਸਿੰਘ ਬਿੱਟਾ ਨੇ ਇਸ ਦੀ ਪੁਸ਼ਟੀ ਕੀਤੀ ਹੈ ।ਪ੍ਰਾਪਤ ਜਾਣਕਾਰੀ ਮੁਤਾਬਕ ਸੀ. ਬੀ. ਆਈ. ਵਲੋਂ ਅਦਾਲਤ ਵਿਚ ਪੇਸ਼ ਕੀਤੀ ਗਈ ਰਿਪੋਰਟ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਪੁਲਸ ਵਲੋਂ ਉਕਤ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਜਿਨ੍ਹਾਂ-ਜਿਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜਿਆ ਗਿਆ ਸੀ, ਸੀ. ਬੀ. ਆਈ. ਵਲੋਂ ਗੰਭੀਰਤਾ ਨਾਲ ਕੀਤੀ ਜਾਂਚ ਵਿਚ ਉਨ੍ਹਾਂ ਖਿਲਾਫ ਕੋਈ ਠੋਸ ਸਬੂਤ ਨਹੀਂ ਮਿਲ ਸਕੇ ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਸੀ. ਬੀ. ਆਈ. ਨੂੰ ਜਾਂਚ ਸਬੰਧੀ ਦਿੱਤੀ ਹੋਈ ਸਹਿਮਤੀ ਵੀ ਵਾਪਸ ਲਏ ਜਾਣ ਕਾਰਨ ਏਜੰਸੀ ਵਲੋਂ ਅਣਸੁਲਝੇ ਕੇਸਾਂ ਦੀ ਕਲੋਜ਼ਰ ਰਿਪੋਰਟ ਦਰਜ ਕੀਤੇ ਜਾਣ ਨੂੰ ਆਧਾਰ ਮੰਨਿਆ ਜਾ ਰਿਹਾ ਹੈ।ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੰਜਾਬ ਪੁਲਸ ਵਲੋਂ ਬੇਅਦਬੀ ਕਾਂਡ ਵਿਚ ਸ਼ਾਮਲ ਕੀਤੇ ਗਏ ਮੁਲਜ਼ਮ ਮਹਿੰਦਰਪਾਲ ਉਰਫ ਬਿੱਟੂ, ਸੁਖਜਿੰਦਰ ਸਿੰਘ ਉਰਫ ਸੰਨੀ ਅਤੇ ਸ਼ਕਤੀ ਸਿੰਘ ਦੀ ਹੱਥ ਲਿਖਤੀ ਪੋਸਟਰਾਂ ਦੇ ਨਾਲ ਮੇਲ ਨਹੀਂ ਖਾਂਦੀ ਹੈ। ਹੱਥ ਲਿਖਤੀ ਸਬੰਧਤ ਸੀ. ਐੱਫ. ਐੱਸ. ਐੱਲ. ਦੀ ਰਿਪੋਰਟ ਮੁਤਾਬਕ ਪੋਸਟਰਾਂ ਉੱਤੇ ਅੰਕਿਤ ਹੱਥ ਲਿਖਤੀ ਪੰਜਾਬ ਪੁਲਸ ਵਲੋਂ ਕੇਸ ਵਿਚ ਨਾਮਜ਼ਦ ਕੀਤੇ ਗਏ ਉਨ੍ਹਾਂ 10 ਮੁਲਜ਼ਮਾਂ ਅਤੇ ਉਕਤ ਤਿੰਨਾਂ ਮੁਲਜ਼ਮਾਂ ਦੀ ਹੱਥ ਲਿਖਤੀ ਨਾਲ ਮੇਲ ਨਹੀਂ ਖਾਂਦੀ।