ਮੋਹਾਲੀ ''ਚ ਕੀਤੀ ਗਈ ਪਹਿਲੀ ਕੋਵਿਡ-19 ਪਲਾਜ਼ਮਾ ਥੈਰੇਪੀ

Thursday, Aug 20, 2020 - 11:33 PM (IST)

ਮੋਹਾਲੀ ''ਚ ਕੀਤੀ ਗਈ ਪਹਿਲੀ ਕੋਵਿਡ-19 ਪਲਾਜ਼ਮਾ ਥੈਰੇਪੀ

ਐਸ.ਏ.ਐਸ. ਨਗਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਦੇ ਐਸ. ਡੀ. ਐਮ. ਵੱਲੋਂ ਸਾਥੀ ਅਧਿਕਾਰੀ ਦੀ ਜਾਨ ਬਚਾਉਣ ਲਈ ਪਲਾਜ਼ਮਾ ਦਾਨ ਕਰਨ ਸਬੰਧੀ ਟਵੀਟ ਕਰਦਿਆਂ ਕਿਹਾ ਕਿ ਇਕ ਕੋਰੋਨਾ ਯੋਧੇ ਵੱਲੋਂ ਦੂਜੇ ਯੋਧੇ ਨੂੰ ਪਲਾਜ਼ਮਾ ਦਾਨ ਕਰਨਾ ਬਹੁਤ ਖੁਸ਼ੀ ਦੀ ਗੱਲ ਹੈ। ਕੋਵਿਡ ਵਾਰੀਅਰ ਐਸ.ਡੀ. ਐਮ. ਮੁਹਾਲੀ, ਜਗਦੀਪ ਸਹਿਗਲ ਨੇ ਫੋਰਟਿਸ ਹਸਪਤਾਲ ਵਿਖੇ ਕੋਵਿਡ ਨਾਲ ਲੜ੍ਹ ਰਹੇ ਡੀ.ਐਸ.ਪੀ. ਖਰੜ, ਪਾਲ ਸਿੰਘ ਨੂੰ ਪਲਾਜ਼ਮਾ ਦਾਨ ਕੀਤਾ ਹੈ, ਉਹਨਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ। ਮੈਂ ਹੋਰ ਵਾਰੀਅਰਜ਼ ਨੂੰ ਅੱਗੇ ਆ ਕੇ ਪਲਾਜ਼ਮਾ ਦਾਨ ਕਰਨ ਦੀ ਅਪੀਲ ਵੀ ਕਰਦਾ ਹਾਂ। ਮੋਹਾਲੀ ਵਿਖੇ ਵੀਰਵਾਰ ਦੇਰ ਸ਼ਾਮ ਕੀਤੀ ਗਈ ਪਹਿਲੀ ਕੋਵਿਡ-19 ਪਲਾਜ਼ਮਾ ਥੈਰੇਪੀ 'ਚ, ਨੌਜਵਾਨ ਕੋਰੋਨਾ ਯੋਧੇ ਐਸ.ਡੀ.ਐਮ. ਜਗਦੀਪ ਸਹਿਗਲ, ਜੋ ਲਗਭਗ ਤਿੰਨ ਹਫਤੇ ਪਹਿਲਾਂ ਕੋਵਿਡ ਤੋਂ ਠੀਕ ਹੋਏ, ਨੇ ਆਪਣੇ ਸਹਿਯੋਗੀ ਕੋਵਿਡ ਪਾਜ਼ੇਟਿਵ ਡੀ. ਐਸ. ਪੀ. ਪਾਲ ਸਿੰਘ ਨੂੰ ਪਲਾਜ਼ਮਾ ਦਾਨ ਕੀਤਾ, ਜਿਨ੍ਹਾਂ ਦੀ ਹਾਲਤ ਇਕ ਰਾਤ ਪਹਿਲਾਂ ਅਚਾਨਕ ਵਿਗੜ ਗਈ ਸੀ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁੱਢਲੇ ਟੈਸਟ 'ਚ ਐਸ. ਡੀ. ਐਮ. ਜਗਦੀਪ ਸਹਿਗਲ ਨੂੰ ਐਂਟੀਬਾਡੀਜ਼ ਅਤੇ ਖੂਨ ਦੇ ਸਹੀ ਮਿਲਾਣ ਨਾਲ ਯੋਗ ਡੋਨਰ ਪਾਇਆ ਗਿਆ।

PunjabKesari

ਸਿਹਤ ਅਤੇ ਮੈਡੀਕਲ ਸਿੱਖਿਆ, ਪੰਜਾਬ ਦੇ ਸਲਾਹਕਾਰ ਡਾ. ਕੇ. ਕੇ. ਤਲਵਾੜ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਅਤੇ ਮਾਹਰ ਕਮੇਟੀ ਵਲੋਂ ਮੁਹਾਲੀ ਦੇ ਤਿੰਨ ਹਸਪਤਾਲਾਂ ਫੋਰਟਿਸ, ਮੈਕਸ ਅਤੇ ਗ੍ਰੀਸ਼ੀਅਨ ਨੂੰ ਪਲਾਜ਼ਮਾ ਥੈਰੇਪੀ ਕਰਨ ਦੀ ਆਗਿਆ ਦੇਣ ਲਈ ਧੰਨਵਾਦ ਕਰਦਿਆਂ ਦਿਆਲਨ ਨੇ ਕਿਹਾ ਕਿ ਇਹ ਸਹੂਲਤ ਹੋਰ ਪਲਾਜ਼ਮਾ ਦਾਨ ਕਰਨ ਦੇ ਇਛੁੱਕ ਵਿਅਕਤੀਆਂ ਨੂੰ ਅੱਗੇ ਆਉਣ ਲਈ ਉਤਸ਼ਾਹਤ ਕਰੇਗੀ, ਜਿਨ੍ਹਾਂ ਨੂੰ ਪਲਾਜ਼ਮਾ ਮੈਚ ਕਰਵਾਉਣ ਲਈ ਪਟਿਆਲਾ, ਫਰੀਦਕੋਟ ਜਾਂ ਅੰਮ੍ਰਿਤਸਰ ਜਾਣਾ ਪੈਂਦਾ ਸੀ, ਹੁਣ ਇਥੇ ਹੀ ਆਸਾਨੀ ਨਾਲ ਇਹ ਸੇਵਾਵਾਂ ਉਪਲੱਬਧ ਹਨ।

ਜ਼ਿਲ੍ਹੇ 'ਚ ਪਹਿਲੀ ਕੋਵਿਡ-19 ਪਲਾਜ਼ਮਾ ਥੈਰੇਪੀ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਕੋਵਿਡ-19 ਦੇ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੀ ਟੀਮ ਪਲਮਨੋਲੋਜਿਸਟਜ਼ ਅਤੇ ਇਨਟੈਨਸੈਵਿਸਟਾਂ ਦਾ ਇੱਕ ਗਰੁੱਪ ਹੈ, ਜਿਸ ਵਿੱਚ ਡਾ. ਜ਼ਫਰ, ਡਾ. ਸੁਨੀਲ, ਡਾ. ਨਵਰੀਤ ਅਤੇ ਡਾ. ਮੋਹਿਤ ਦੀ ਅਗਵਾਈ ਵਿੱਚ ਡਾ. ਏ ਕੇ ਮੰਡਲ ਅਤੇ ਸਿਸਟਰ ਸਰਬਜੀਤ ਅਤੇ ਉਨ੍ਹਾਂ ਨਾਲ ਸਬੰਧਤ ਮੈਡੀਕਲ ਅਤੇ ਨਰਸਿੰਗ ਟੀਮਾਂ ਸ਼ਾਮਲ ਹਨ। ਫੋਰਟਿਸ ਹਸਪਤਾਲ ਮੁਹਾਲੀ ਅਪ੍ਰੈਲ 2020 ਤੋਂ ਕੋਵਿਡ 19 ਦੇ ਮਰੀਜ਼ਾਂ ਦਾ ਇਲਾਜ ਕਰ ਰਿਹਾ ਹੈ ਅਤੇ ਹੁਣ ਤੱਕ 100 ਤੋਂ ਵੱਧ ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਕਰ ਚੁੱਕਾ ਹੈ। ਟੀਮ ਨੇ ਅੱਜ ਆਪਣੀ ਪਹਿਲੀ ਕਨਵੈਲਸਮੈਟ ਪਲਾਜ਼ਮਾ ਥੈਰੇਪੀ ਪੰਜਾਬ ਦੇ ਇੱਕ ਪੁਲਿਸ ਅਧਿਕਾਰੀ 'ਤੇ ਕੀਤੀ ਜੋ ਇਸ ਸਮੇਂ ਆਈਸੀਯੂ ਵਿੱਚ ਇਲਾਜ ਅਧੀਨ ਹਨ। ਇਸ ਥੈਰੇਪੀ ਵਿਚ ਐਸਡੀਐਮ ਮੁਹਾਲੀ, ਜਗਦੀਪ ਸਹਿਗਲ ਨੇ ਆਪਣੇ ਸਾਥੀ-ਇਕ ਪੁਲਿਸ ਅਧਿਕਾਰੀ ਨੂੰ ਪਲਾਜ਼ਮਾ ਐਂਟੀਬਾਡੀ ਦਾਨ ਕੀਤਾ।
ਜ਼ਿਕਰਯੋਗ ਹੈ ਕਿ ਫੋਰਟਿਸ ਮੋਹਾਲੀ ਬਲੱਡ ਬੈਂਕ ਨੂੰ ਵਿਸ਼ੇਸ਼ ਪ੍ਰਕਿਰਿਆਵਾਂ ਜਿਵੇਂ ਪਲਾਜ਼ਮਾਫੇਰੀਸਿਸ ਅਤੇ ਪਲੇਟਲੈਟ ਐਫੇਰੀਸਿਸ ਕਰਨ ਦਾ ਲਾਇਸੈਂਸ ਪ੍ਰਾਪਤ ਹੈ। ਇਕ ਡੋਨਰ ਨੂੰ ਪਲਾਜਮਾਂ ਦਾਨ ਕਰਨ ਦੇ ਯੋਗ ਬਣਨ ਲਈ ਪਹਿਲਾਂ ਕੋਵਿਡ (ਆਈਜੀਜੀ) ਐਂਟੀਬਾਡੀਜ਼ ਸਬੰਧੀ ਟੈਸਟ ਕੀਤਾ ਜਾਂਦਾ ਹੈ। ਵਿਸ਼ੇਸ਼ ਪਲਾਜ਼ਮਾ ਮਸ਼ੀਨਾਂ ਫਿਰ ਖੂਨ ਦੇ ਵੱਖ-ਵੱਖ ਹਿੱਸਿਆਂ ਨੂੰ ਵੱਖ ਕਰਦੀਆਂ ਹਨ, ਸਿਰਫ ਲੋੜੀਂਦੇ ਹਿੱਸੇ ਨੂੰ ਰੱਖ ਕੇ ਬਾਕੀ ਖੂਨ ਡੋਨਰ ਨੂੰ ਵਾਪਸ ਕਰ ਦਿੰਦੀਆਂ ਹਨ।
 


author

Deepak Kumar

Content Editor

Related News