ਮੋਹਾਲੀ : 100 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ
Friday, May 15, 2020 - 01:59 AM (IST)
ਮੋਹਾਲੀ,(ਪਰਦੀਪ)- ਕੋਰੋਨਾ ਵਾਇਰਸ ਨਾਲ ਸਬੰਧਤ ਮੋਹਾਲੀ ਜ਼ਿਲੇ ਵਿਚ ਬੇਸ਼ੱਕ 105 ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ ਪਰ ਇਨ੍ਹਾਂ ਵਿਚੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਤਹਿਤ ਅੱਜ 3 ਹੋਰ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਆਪਣੇ ਘਰ ਪਰਤ ਗਏ। ਇਨ੍ਹਾਂ ਵਿਚੋਂ ਦੋ ਵਿਅਕਤੀਆਂ ਨੂੰ ਗਿਆਨ ਸਾਗਰ ਹਸਪਤਾਲ ਤੋਂ ਜੋ ਕਿ ਜਵਾਹਰਪੁਰ ਦੇ ਨਿਵਾਸੀ ਹਨ, ਨੂੰ ਛੁੱਟੀ ਮਿਲ ਗਈ। ਤੀਜਾ ਤੰਦਰੁਸਤ ਹੋਇਆ ਵਿਅਕਤੀ ਮੁੱਲਾਂਪੁਰ ਨਿਵਾਸੀ ਹੈ, ਨੂੰ ਪੀ. ਜੀ. ਆਈ. ਤੋਂ ਛੁੱਟੀ ਮਿਲ ਗਈ ਹੈ। ਇਸ ਤਰ੍ਹਾਂ ਹੁਣ ਮੋਹਾਲੀ ਜ਼ਿਲੇ ਦੇ 105 ਵਿਚੋਂ ਤੰਦਰੁਸਤ ਹੋ ਕੇ ਘਰ ਜਾ ਚੁੱਕੇ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 60 ਹੋ ਗਿਆ ਹੈ ਅਤੇ ਹੁਣ 42 ਐਕਟਿਵ ਕੇਸ ਰਹਿ ਗਏ ਹਨ।
ਰੋਜ਼ਾਨਾ ਕੀਤੀ ਜਾ ਰਹੀ ਹੈ 100 ਤੋਂ ਵੱਧ ਦੀ ਸੈਂਪਲਿੰਗ: ਡਾ. ਹਰਮਨਦੀਪ ਕੌਰ
ਹੁਣ ਰੋਜ਼ਾਨਾ ਜ਼ਿਲੇ ਭਰ ਵਿਚੋਂ ਸੈਂਪਲਿੰਗ ਦਾ ਕੰਮ ਲਗਾਤਾਰ ਜਾਰੀ ਹੈ ਅਤੇ ਰੋਜ਼ਾਨਾ 100 ਤੋਂ ਵੀ ਵੱਧ ਵਿਅਕਤੀਆਂ ਦੇ ਸੈਂਪਲ ਲਏ ਜਾ ਰਹੇ ਹਨ, ਕਿਉਂਕਿ ਜੇਕਰ ਇਕ ਕੇਸ ਵੀ ਮਿਸ ਹੋ ਗਿਆ ਤਾਂ ਬਾਅਦ ਵਿਚ ਉਹ ਵਿਅਕਤੀ ਵੱਡੀ ਪੱਧਰ ਤੇ ਤੇਜ਼ੀ ਨਾਲ ਕੋਰੋਨਾ ਵਾਇਰਸ ਦਾ ਸੰਲੂਕ੍ਰਮਣ ਫੈਲਾ ਸਕਦਾ ਹੈ। ਇਸ ਕਰਕੇ ਸਿਹਤ ਵਿਭਾਗ ਦੀਆਂ ਟੀਮਾਂ ਸੈਂਪਲਿੰਗ ਕਰਨ ਵਿਚ ਜੁਟੀਆਂ ਹੋਈਆਂ ਹਨ। ਇਹ ਗੱਲ ਡਾ. ਹਰਮਨਦੀਪ ਕੌਰ ਨੋਡਲ ਅਫਸਰ ਜ਼ਿਲਾ ਮੋਹਾਲੀ ਨੇ ਕਹੀ। ਡਾ. ਹਰਮਨਦੀਪ ਕੌਰ ਨੇ ਕਿਹਾ ਕਿ ਜ਼ਿਲੇ ਵਿਚ ਵੱਖ-ਵੱਖ ਥਾਵਾਂ ਤੇ, ਸਿਹਤ ਕੇਂਦਰਾਂ ਵਿਚ ਅਤੇ ਜ਼ਿਲੇ ਭਰ ਦੇ ਹਸਪਤਾਲਾਂ ਵਿਚ ਕੋਈ ਵੀ ਵਿਅਕਤੀ ਖਾਂਸੀ, ਜੁਕਾਮ, ਗਲਾ ਖਰਾਬ ਬਾਰੇ ਦੱਸਦਾ ਹੈ ਅਤੇ ਕੋਰੋਨਾ ਵਾਇਰਸ ਨਾਲ ਸਬੰਧਤ ਉਸ ਵਿਚ ਲੱਛਣ ਪਾਏ ਜਾਂਦੇ ਹਨ ਤਾਂ ਉਸ ਦਾ ਤੁਰੰਤ ਸੈਂਪਲ ਲੈ ਕੇ ਜਾਂਚ ਲਈ ਭੇਜਿਆ ਜਾ ਰਿਹਾ ਹੈ। ਅਜਿਹਾ ਕਰਕੇ ਕੋਰੋਨਾ ਵਾਇਰਸ ਵਿਰੁੱਧ ਜੰਗ ਲੜੀ ਜਾ ਰਹੀ ਹੈ। ਡਾ. ਹਰਮਨਦੀਪ ਕੌਰ ਨੇ ਕਿਹਾ ਕਿ ਅੱਜ 100 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਤਿੰਨ ਸੈਂਪਲ ਦੀ ਰਿਪੋਰਟ ਆਉਣੀ ਬਾਕੀ ਹੈ। ਜਦਕਿ ਅੱਜ 67 ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਸ ਤਰ੍ਹਾਂ ਮੋਹਾਲੀ ਜ਼ਿਲੇ ਵਿਚੋਂ ਕੁੱਲ 70 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।