ਯੂਕ੍ਰੇਨ ’ਚ ਫਸੇ ਮੋਗਾ ਦੇ ਵਿਦਿਆਰਥੀ ਜਸ਼ਨਪ੍ਰੀਤ ਨੇ ਬਿਆਨ ਕੀਤੇ ਹਾਲਾਤ
Friday, Feb 25, 2022 - 08:32 PM (IST)
 
            
            ਮੋਗਾ (ਗੋਪੀ ਰਾਊਕੇ)-ਰੂਸ ਤੇ ਯੂਕ੍ਰੇਨ ਦਰਮਿਆਨ ਲੱਗੀ ਜੰਗ ਤੋਂ ਬਾਅਦ ਵਿਗੜੇ ਹਾਲਾਤ ਕਾਰਣ ਭਾਰਤ ਦੇ ਹਜ਼ਾਰਾਂ ਵਿਦਿਆਰਥੀ ਯੂਕ੍ਰੇਨ ’ਚ ਫਸ ਗਏ ਹਨ, ਜਿਨ੍ਹਾਂ ’ਚ ਵੱਡੀ ਗਿਣਤੀ ਪੰਜਾਬੀ ਵਿਦਿਆਰਥੀਆਂ ਦੀ ਵੀ ਹੈ, ਜੋ ਆਪਣੇ ਸੁਨਹਿਰੀ ਭਵਿੱਖ ਲਈ ਯੂਕ੍ਰੇਨ ’ਚ ਡਾਕਟਰੀ ਦੀ ਪੜ੍ਹਾਈ ਕਰਨ ਲਈ ਗਏ ਹਨ। ਮਾਲਵਾ ਇਲਾਕੇ ਦੇ ਮੋਗਾ ਸ਼ਹਿਰ ਦਾ ਜਸ਼ਨਪ੍ਰੀਤ ਸਿੰਘ (22) ਵੀ ਇਨ੍ਹਾਂ ਵਿਦਿਆਰਥੀਆਂ ’ਚ ਸ਼ਾਮਲ ਹੈ, ਜੋ 2019 ’ਚ ਪੜ੍ਹਾਈ ਕਰਨ ਲਈ ਯੂਕ੍ਰੇਨ ਗਿਆ ਸੀ। ਇਸ ਵਿਦਿਆਰਥੀ ਨੇ 27 ਫਰਵਰੀ ਨੂੰ ਛੁੱਟੀਆਂ ਬਿਤਾਉਣ ਲਈ ਭਾਰਤ ਆਉਣਾ ਸੀ ਪਰ ਦੋਹਾਂ ਦੇਸ਼ਾਂ ਵਿਚਕਾਰ ਵਿਗੜੇ ਹਾਲਾਤ ਤੋਂ ਬਾਅਦ ਫਲਾਈਟਾਂ ਬੰਦ ਹੋ ਗਈਆਂ, ਜਿਸ ਕਾਰਣ ਜਸ਼ਨਪ੍ਰੀਤ ਦੇ ਮੋਗਾ ਰਹਿੰਦੇ ਮਾਤਾ-ਪਿਤਾ ਬਹੁਤ ਚਿੰਤਤ ਹਨ। ਜਸ਼ਨਪ੍ਰੀਤ ਦੇ ਪਿਤਾ ਕੁਲਵਿੰਦਰ ਸਿੰਘ ਅਤੇ ਮਾਤਾ ਰਮਨਦੀਪ ਕੌਰ ਨੇ ਜਸ਼ਨ ਨਾਲ ਵੀਡੀਓ ਕਾਲ ’ਤੇ ਗੱਲਬਾਤ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ। ਭਾਵੇਂ ਵਿਦਿਆਰਥੀ ਜਸ਼ਨ ਦਾ ਕਹਿਣਾ ਹੈ ਕਿ ਯੂਕ੍ਰੇਨ ਦੇ ਵੈਸਟਰਨ ਇਲਾਕੇ ’ਚ ਅਜੇ ਤੱਕ ਹਾਲਾਤ ਸੁਖਦ ਹਨ ਪਰ ਫਿਰ ਵੀ ਭਾਰਤ ਸਰਕਾਰ ਨੂੰ ਇਥੋਂ ਫਲਾਈਟ ਭੇਜ ਕੇ ਵਿਦਿਆਰਥੀਆਂ ਨੂੰ ਸੁਰੱਖਿਅਤ ਭਾਰਤ ਲਿਆਉਣ ਲਈ ਫੌਰੀ ਕਦਮ ਚੁੱਕਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੇ ਲੋਕਾਂ ਦੀ ਮਦਦ ਲਈ ਪੰਜਾਬ ਸਰਕਾਰ ਵੱਲੋਂ 24x7 ਕੰਟਰੋਲ ਰੂਮ ਸਥਾਪਿਤ
ਮਾਤਾ ਰਮਨਦੀਪ ਕੌਰ ਨੇ ਕਿਹਾ ਕਿ ਉਹ ਆਪਣੇ ਬੇਟੇ ਦੀ ਘਰ ਵਾਪਸੀ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਯੂਕ੍ਰੇਨ ਵਿਚ ਵਿਦਿਆਰਥੀ ਸਹਿਮ ਦੇ ਮਾਹੌਲ ’ਚ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਨਾਲ ਰਾਬਤਾ ਕਰਨ ਲਈ ਉਨ੍ਹਾਂ ਨੇ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਦੇ ਨਾਲ ਵੀ ਰਾਬਤਾ ਕੀਤਾ ਹੈ। ਉਨ੍ਹਾਂ ਕਿਹਾ ਕਿ ਡੇਢ ਸਾਲ ਪਹਿਲਾਂ ਜਸ਼ਨ ਮੈਡੀਕਲ ਦੀ ਪੜ੍ਹਾਈ ਲਈ ਯੂਕ੍ਰੇਨ ਗਿਆ ਸੀ। ਉਨ੍ਹਾਂ ਕਿਹਾ ਕਿ ਯੂਕ੍ਰੇਨ ਮੈਡੀਕਲ ਦੇ ਵਿਦਿਆਰਥੀਆਂ ਲਈ ਪਹਿਲੀ ਪਸੰਦ ਹੈ ਕਿਉਂਕਿ ਉਥੇ ਮੈਡੀਕਲ ਦੇ ਵਿਦਿਆਰਥੀਆਂ ਨੂੰ ਕਾਲਜਾਂ ਵੱਲੋਂ ਜਿੱਥੇ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈ ਜਾਂਦੀ ਹੈ, ਉਥੇ ਖਰਚ ਵੀ ਘੱਟ ਹੈ। ਉਨ੍ਹਾਂ ਕੇਂਦਰੀ ਵਿਦੇਸ਼ ਮੰਤਰੀ ਨੂੰ ਭਰੇ ਮਨ ਨਾਲ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਤੁਰੰਤ ਤੌਰ ’ਤੇ ਪੰਜਾਬ ਲਿਆਉਣ ਲਈ ਜ਼ਰੂਰੀ ਕਦਮ ਉਠਾਏ ਜਾਣ।
ਇਹ ਵੀ ਪੜ੍ਹੋ : ਤਪਾ ਮੰਡੀ ਨਜ਼ਦੀਕ ਵਾਪਰਿਆ ਭਿਆਨਕ ਹਾਦਸਾ, ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ
ਉਨ੍ਹਾਂ ਦੱਸਿਆ ਕਿ ਭਾਵੇਂ ਵਿਦਿਆਰਥੀਆਂ ਨੂੰ ਇਹ ਕਹਿ ਦਿੱਤਾ ਗਿਆ ਹੈ ਕਿ ਇਕ-ਦੋ ਦਿਨਾਂ ਤੱਕ ਭਾਰਤ ਸਰਕਾਰ ਸਪੈਸ਼ਲ ਫਲਾਈਟਜ਼ ਭੇਜ ਰਹੀ ਹੈ ਪਰ ਸਰਕਾਰ ਨੂੰ ਤੁਰੰਤ ਵਿਦਿਆਰਥੀਆਂ ਨੂੰ ਭਾਰਤ ਲਿਆਉਣਾ ਚਾਹੀਦਾ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿਚ ਵਿਦਿਆਰਥੀਆਂ ਨੂੰ ਯੂਕ੍ਰੇਨ ਵਿਚ ਖਾਣ-ਪੀਣ ਲਈ ਜ਼ਰੂਰੀ ਵਸਤੂਆਂ ਦੀ ਵੀ ਘਾਟ ਆ ਸਕਦੀ ਹੈ।
ਇਹ ਵੀ ਪੜ੍ਹੋ : ਮੋਹਾਲੀ ਅਦਾਲਤ ਵੱਲੋਂ ਮਜੀਠੀਆ ਨੂੰ ਝਟਕਾ, ਜ਼ਮਾਨਤ ਅਰਜ਼ੀ ਹੋਈ ਖਾਰਿਜ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            