ਮੋਗਾ 'ਚ ਸਿੱਖ ਪਰਿਵਾਰ ਨੇ ਮਸਜਿਦ ਲਈ ਦਾਨ ਕੀਤੀ 16 ਮਰਲੇ ਜ਼ਮੀਨ
Friday, Dec 27, 2019 - 12:25 PM (IST)
ਮੋਗਾ : ਇਕ ਸਿੱਖ ਪਰਿਵਾਰ ਨੇ ਬਰਨਾਲਾ-ਮੋਗਾ ਹਾਈਵੇ ਨੇੜੇ ਪੰਜਾਬ ਦੇ ਮੋਗਾ ਜ਼ਿਲੇ 'ਚ ਮਾਛੀਕੇ ਪਿੰਡ ਵਿਚ ਮਸਜਿਦ ਦੇ ਨਿਰਮਾਣ ਲਈ 16 ਮਰਲੇ ਜ਼ਮੀਨ ਦਾਨ ਵਿਚ ਦਿੱਤੀ ਹੈ। ਪਿੰਡ ਵਿਚ ਪਹਿਲਾਂ ਹੀ ਹਾਈਵੇ ਦੇ ਕਿਨਾਰੇ 'ਤੇ ਲੱਗਭਗ 200 ਸਾਲ ਪੁਰਾਣੀ ਮਸਜਿਦ ਹੈ ਪਰ ਇਸ ਨੂੰ ਹਾਈਵੇ ਦੇ ਵਿਸਥਾਰ ਪ੍ਰਾਜੈਕਟ ਕਾਰਨ ਢਾਹਿਆ ਜਾ ਰਿਹਾ ਹੈ। ਦਾਨ ਕੀਤੀ ਗਈ ਜ਼ਮੀਨ ਦੀ ਕੀਮਤ 8 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।
ਇਕ ਸਾਲ ਪਹਿਲਾਂ ਜਦੋਂ ਹਾਈਵੇ ਵਿਸਥਾਰ ਪ੍ਰਾਜੈਕਟ ਲਾਂਚ ਕੀਤਾ ਗਿਆ ਸੀ ਤਾਂ ਮੁਸਲਿਮ ਵੈਲਫੇਅਰ ਸੋਸਾਇਟੀ ਦੇ ਬੈਨਰ ਹੇਠ ਮਾਛੀਕੇ ਪਿੰਡ ਵਿਚ ਮੁਸਲਿਮ ਪਰਿਵਾਰਾਂ ਨੇ ਮਸਜਿਦ ਨੂੰ ਹਾਈਵੇ ਦੇ ਕਿਨਾਰੇ ਤੋਂ ਵੱਖ ਕਰਨ ਦੀ ਅਪੀਲ ਕੀਤੀ ਸੀ। ਮੁਸਲਿਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰੂਪ ਮੁਹੰਮਦ ਸੈਦ ਨੇ ਦੱਸਿਆ ਕਿ ਜਦੋਂ ਹਾਈਵੇ ਦੇ ਕਿਨਾਰੇ ਸਥਿਤ ਮਸਜਿਦ ਦੇ ਨਾਲ ਲੱਗਦੇ ਢਾਂਚੇ ਢਾਹੁਣੇ ਸ਼ੁਰੂ ਕਰ ਦਿੱਤੇ ਗਏ ਤਾਂ ਉਨ੍ਹਾਂ ਨੇ ਪਿੰਡ ਦੀ ਪੰਚਾਇਤ ਤੋਂ ਇਸ ਦੇ ਬਦਲ ਦੀ ਮੰਗ ਕੀਤੀ ਪਰ ਕੋਈ ਸਫਲਤਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ 7 ਹਜ਼ਾਰ ਦੀ ਆਬਾਦੀ ਵਾਲੇ ਪਿੰਡ ਵਿਚ 14-15 ਮੁਸਲਿਮ ਪਰਿਵਾਰ ਰਹਿੰਦੇ ਸਨ ਅਤੇ ਉਨ੍ਹਾਂ ਕੋਲ ਜ਼ਮੀਨ ਖਰੀਦਣ ਲਈ ਕੋਈ ਸਰੋਤ ਨਹੀਂ ਸਨ। ਉਸ ਸਮੇਂ ਦਰਸ਼ਨ ਸਿੰਘ ਦਾ ਪਰਿਵਾਰ ਫਰਿਸ਼ਤਾ ਬਣ ਕੇ ਆਇਆ ਅਤੇ ਮਸਜਿਦ ਅਤੇ ਧਰਮਸ਼ਾਲਾ ਬਣਾਉਣ ਲਈ ਜ਼ਮੀਨ ਦਾਨ ਕੀਤੀ।