ਅੰਮ੍ਰਿਤਸਰ ''ਚ ਹਿੰਦੂ ਨੌਜਵਾਨ ਨੇਤਾ ਦੀ ਮੌਤ ਕਾਰਨ ਮੋਗਾ ''ਚ ਰੋਸ ਦੀ ਲਹਿਰ
Wednesday, Nov 01, 2017 - 12:11 AM (IST)

ਮੋਗਾ, (ਪਵਨ ਗਰੋਵਰ/ਗੋਪੀ ਰਾਊਕੇ)- ਸੋਮਵਾਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਹਿੰਦੂ ਨੇਤਾ ਵਿਪਨ ਸ਼ਰਮਾ ਦੇ ਕਤਲ ਦੇ ਬਾਅਦ ਮੋਗਾ ਜ਼ਿਲੇ ਦੇ ਹਿੰਦੂ ਸੰਗਠਨਾਂ 'ਚ ਰੋਸ ਦੀ ਲਹਿਰ ਦੌੜ ਗਈ ਹੈ, ਜਿੱਥੇ ਇਸ ਘਿਨੌਣੇ ਕਤਲ ਦੀ ਉਨ੍ਹਾਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ, ਉੱਥੇ ਹੀ ਸ਼ਹਿਰ ਦੀਆਂ ਵੱਖ-ਵੱਖ ਹਿੰਦੂ ਸੰਗਠਨਾਂ ਦੇ ਨੇਤਾਵਾਂ ਨੇ ਅੱਤਵਾਦੀ ਕਾਰਵਾਈਆਂ ਦੇ ਦੋਸ਼ 'ਚ ਰੋਸ ਪ੍ਰਗਟ ਕਰਦਿਆਂ 2 ਨਵੰਬਰ ਨੂੰ ਮੈਜਿਸਟਿਕ ਚੌਕ 'ਚ ਖਾਲਿਸਤਾਨ ਦਾ ਪੁਤਲਾ ਫੂਕਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਅੱਜ ਸ਼ਿਵ ਸੈਨਾ ਪੰਜਾਬ ਵਪਾਰ ਸੈੱਲ ਦੇ ਉੱਤਰ ਭਾਰਤ ਪ੍ਰਮੁੱਖ ਨਵਨੀਤ ਕਪੂਰ, ਵਿਸ਼ਵ ਹਿੰਦੂ ਸ਼ਕਤੀ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਸ਼ਰਮਾ, ਸ਼ਿਵ ਸੈਨਾ ਆਗੂ ਅਸ਼ਵਨੀ ਚੋਪੜਾ, ਕੁਲਵੰਤ ਰਾਜਪੂਤ ਆਦਿ ਨੇਤਾਵਾਂ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ ਕੁਝ ਸਮਾਜ ਵਿਰੋਧੀ ਅਤੇ ਗਰਮ ਖਿਆਲੀ ਲੋਕ ਅੱਤਵਾਦ ਨੂੰ ਪੈਦਾ ਕਰ ਕੇ ਹੱਸਦੇ-ਖੇਡਦੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਹਨ, ਜਿਸ ਨੂੰ ਹਿੰਦੂ ਸਮਾਜ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਪੰਜਾਬ 'ਚ ਕਤਲ ਕੀਤੇ ਗਏ ਵੱਖ-ਵੱਖ ਹਿੰਦੂ ਨੇਤਾਵਾਂ ਦੇ ਕਾਤਲਾਂ ਨੂੰ ਜੇਕਰ ਜਲਦ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਹਿੰਦੂ ਨੇਤਾਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਸਵ. ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਬੁੱਤ ਪੰਜਾਬ 'ਚ ਨਾ ਲਾਉਣ ਦੇਣ ਦਾ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਦੇਸ਼ ਦੀ ਪ੍ਰਧਾਨ ਮੰਤਰੀ ਰਹਿ ਚੁੱਕੀ ਇੰਦਰਾ ਗਾਂਧੀ ਦਾ ਬੁੱਤ ਪੰਜਾਬ 'ਚ ਨਹੀਂ ਲੱਗ ਸਕਦਾ ਤਾਂ ਫਿਰ ਕਈ ਅੱਤਵਾਦੀਆਂ ਦੀਆਂ ਤਸਵੀਰਾਂ ਧਾਰਮਕ ਅਸਥਾਨਾਂ 'ਤੇ ਕਿਉਂ ਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ 'ਚ ਹਿੰਦੂ ਨੇਤਾਵਾਂ 'ਤੇ ਹਮਲੇ ਨਾ ਬੰਦ ਹੋਏ ਤਾਂ ਪੰਜਾਬ ਭਰ ਦੇ ਹਿੰਦੂ ਸੰਗਠਨ ਖਾਲਿਸਤਾਨੀਆਂ ਦੀ ਸਹਾਇਤਾ ਲੈਣ ਵਾਲੀਆਂ ਰਾਜਨੀਤਕ ਪਾਰਟੀਆਂ ਦਾ ਡਟ ਕੇ ਵਿਰੋਧ ਕਰਨਗੇ।