ਮੋਗਾ: ਆਜ਼ਾਦੀ ਦਿਹਾੜੇ ਨੂੰ ਲੈ ਕੇ ਪੁਲਸ ਵਲੋਂ ਵਿਸ਼ੇਸ਼ ਜਾਂਚ ਜਾਰੀ

Wednesday, Aug 05, 2020 - 11:55 AM (IST)

ਮੋਗਾ (ਅਜ਼ਾਦ) : ਆਜ਼ਾਦੀ ਦਿਹਾੜੇ 15 ਅਗਸਤ ਨੂੰ ਧਿਆਨ ’ਚ ਰੱਖਦੇ ਹੋਏ ਮੋਗਾ ਪੁਲਸ ਅਤੇ ਰੇਲਵੇ ਪੁਲਸ ਵੱਲੋਂ ਸਾਂਝੇ ਤੌਰ ’ਤੇ ਰੇਲਵੇ ਸਟੇਸ਼ਨ ਮੋਗਾ ਦੇ ਇਲਾਵਾ ਮੁੱਖ ਬਾਜ਼ਾਰ ਮੋਗਾ ਦੀ ਜਾਂਚ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਸਾਊਥ ਦੇ ਇੰਚਾਰਜ ਥਾਣੇਦਾਰ ਸੰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਰੇਲਵੇ ਪੁਲਸ ਚੌਂਕੀ ਦੇ ਇੰਚਾਰਜ ਜੀਵਨ ਸਿੰਘ, ਸਹਾਇਕ ਥਾਣੇਦਾਰ ਜਗਰੂਪ ਸਿੰਘ, ਸਹਾਇਕ ਥਾਣੇਦਾਰ ਜਸਪਾਲ ਸਿੰਘ, ਸਹਾਇਕ ਥਾਣੇਦਾਰ ਬੀਬੀ ਵੀਰਪਾਲ ਕੌਰ, ਹੌਲਦਾਰ ਮਨਿੰਦਰ ਕੌਰ ਦੇ ਇਲਾਵਾ ਡਾਗ ਸਕੁਆਇਡ ਅਤੇ ਐਂਟੀ ਸਾਬੋਟੇਜ ਟੀਮ ਵੱਲੋਂ ਰੇਲਵੇ ਸਟੇਸ਼ਨ ਮੋਗਾ ਦੇ ਸਾਰੇ ਖੇਤਰਾਂ ਅਤੇ ਰੇਲਵੇ ਯਾਰਡ ਅਤੇ ਉਥੇ ਖੜ੍ਹੀਆਂ ਮਾਲ ਗੱਡੀਆਂ ਦੀ ਵੀ ਚੰਗੀ ਤਰ੍ਹਾਂ ਨਾਲ ਜਾਂਚ ਕੀਤੀ ਗਈ, ਤਾਂ ਜੋ ਕੋਈ ਸ਼ਰਾਰਤੀ ਅਨਸਰ ਇਸ ਮੌਕੇ ਦਹਿਸ਼ਤ ਦਾ ਮਾਹੌਲ ਪੈਦਾ ਨਾ ਕਰ ਸਕੇ।

ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ 'ਤੇ ਕੋਈ ਵੀ ਸ਼ੱਕੀ ਵਿਅਕਤੀ ਅਤੇ ਵਸਤੂ ਨਹੀਂ ਮਿਲੀ। ਇਸ ਤਰ੍ਹਾਂ ਪੁਲਸ ਵੱਲੋਂ ਮੇਨ ਬਾਜ਼ਾਰ, ਮੋਗਾ, ਪ੍ਰਤਾਪ ਰੋਡ, ਰੇਲਵੇ ਰੋਡ, ਪੁਰਾਣਾ ਮੋਗਾ, ਚੌਕ ਸੇਖਾਂ, ਨਿਊ ਟਾਊਨ ਏਰੀਆ, ਕਸ਼ਮੀਰੀ ਪਾਰਕ, ਸ਼ਹੀਦੀ ਪਾਰਕ ਆਦਿ 'ਚ ਵੀ ਚੰਗੀ ਤਰ੍ਹਾਂ ਨਾਲ ਜਾਂਚ ਕੀਤੀ ਗਈ ਅਤੇ ਬਾਜ਼ਾਰ 'ਚ ਆਉਣ-ਜਾਣ ਵਾਲੇ ਕੁੱਝ ਵਿਅਕਤੀਆਂ ਦੀ ਵੀ ਜਾਂਚ ਕੀਤੀ ਗਈ ਪਰ ਕੋਈ ਵੀ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਨਹੀਂ ਮਿਲੀ। ਸੰਦੀਪ ਸਿੰਘ ਸਿੱਧੂ ਨੇ ਸਾਰੇ ਲੋਕਾਂ ਨੂੰ ਅਲਰਟ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਦੀ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਪੁਲਸ ਨੂੰ ਸੂਚਿਤ ਕਰੇ ਤਾਂ ਕਿ ਉਸ ਨੂੰ ਕਾਬੂ ਕੀਤਾ ਜਾ ਸਕੇ।
 


Babita

Content Editor

Related News