ਮੋਗਾ ਪੁਲਸ ਦਾ ਉਪਰਾਲਾ: ਮੈਰਿਜ ਐਨੀਵਰਸਿਰੀ ''ਤੇ ਪਤੀ-ਪਤਨੀ ਨੂੰ ਘਰ ਜਾ ਕੇ ਦਿੱਤਾ ''ਸਰਪ੍ਰਾਈਜ਼''
Friday, Apr 24, 2020 - 09:45 AM (IST)
ਮੋਗਾ (ਗੋਪੀ ਰਾਊਕੇ): ਇਕ ਪਾਸੇ ਜਿਥੇ ਕੋਰੋਨਾ ਦੀ ਮਹਾਮਾਰੀ ਤੋਂ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਸਰਕਾਰ ਵਲੋਂ ਲਗਾਏ ਗਏ ਕਰਫਿਊ ਦੀ ਪਾਲਣਾ ਕਰਵਾਉਣ ਲਈ ਪੰਜਾਬ ਪੁਲਸ ਆਪਣੀ ਡਿਉਟੀ ਨਿਭਾ ਰਹੀ ਹੈ ਉਥੇ ਇਸ ਨਾਲ ਹੀ ਪੁਲਸ ਵਲੋਂ ਹੁਣ ਲੋਕਾਂ ਨਾਲ ਸਮਾਜਿਕ ਸਮਾਗਮਾਂ ਵਿਚ ਸ਼ਿਰਕਤ ਕਰਕੇ ਸਨੇਹ ਵੀ ਵਧਾਇਆ ਜਾ ਰਿਹਾ ਹੈ।
ਤਾਜਾ ਮਾਮਲਾ ਮੋਗਾ ਦਾ ਹੈ ਜਿੱਥੇ ਜ਼ਿਲਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਦੇ ਆਦੇਸ਼ਾਂ 'ਤੇ ਟ੍ਰੈਫਿਕ ਇੰਚਾਰਜ ਇੰਸਪੈਕਟਰ ਭੁਪਿੰਦਰ ਕੌਰ ਨੇ ਇਕ ਪਰਿਵਾਰ ਦੇ ਘਰ ਜਾ ਕੇ ਪਤੀ ਪਤਨੀ ਨੂੰ ਮੈਰਿਜ ਐਨੀਵਰਸਿਰੀ ਤੇ ਸਰਪ੍ਰਾਈਜ਼ ਦਿੱਤਾ। ਅਚਾਨਕ ਘਰ ਤੋਹਫਾ ਲੈ ਕੇ ਪੁੱਜੀ ਪੁਲਸ ਨੂੰ ਦੇਖ ਕੇ ਜੈਦਕਾ ਪਰਿਵਾਰ ਦੀ ਰੂਹ ਵੀ ਖੁਸ਼ ਹੋ ਗਈ। ਪਤੀ ਪਤਨੀ ਨੂੰ ਤੋਹਫੇ ਭੇਂਟ ਕਰਦਿਆਂ ਇੰਸਪੈਕਟਰ ਭੁਪਿੰਦਰ ਕੌਰ ਨੇ ਕਿਹਾ ਕਿ ਪੁਲਸ ਨੂੰ ਜਦੋਂ ਇਹ ਪਤਾ ਲੱਗਦਾ ਹੈ ਕਿ ਕਿਸੇ ਦੇ ਘਰ ਬੱਚੇ ਦਾ ਜਨਮ ਦਿਨ ਹੈ ਜਾਂ ਮੈਰਿਜ ਐਨੀਵਰਸਿਰੀ ਹੈ ਤਾਂ ਉਹ ਘਰ ਜਾ ਕੇ ਲੋਕਾਂ ਦੀਆਂ ਖੁਸ਼ੀਆਂ ਵਿਚ ਵਾਧਾ ਕਰਦੇ ਹਨ। ਦੂਜੇ ਪਾਸੇ ਜੈਦਕਾ ਪਰਿਵਾਰ ਨੇ ਪੁਲਸ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਸਹਾਇਕ ਥਾਣੇਦਾਰ ਹਕੀਕਤ ਸਿੰਘ, ਸਬ ਇੰਸਪੈਕਟਰ ਪ੍ਰਭਜੋਤ ਕੌਰ ਤੋਂ ਇਲਾਵਾ ਹੋਰ ਪੁਲਸ ਮੁਲਾਜ਼ਮ ਹਾਜ਼ਰ ਸਨ।