ਮੋਗਾ 'ਚ ਵੱਡੀ ਵਾਰਦਾਤ : ਵਿਅਕਤੀ ਨੇ ਪਤਨੀ ਸਮੇਤ 4 ਨੂੰ ਗੋਲੀਆਂ ਨਾਲ ਭੁੰਨ੍ਹਿਆ

Sunday, Feb 16, 2020 - 08:57 AM (IST)

ਮੋਗਾ 'ਚ ਵੱਡੀ ਵਾਰਦਾਤ : ਵਿਅਕਤੀ ਨੇ ਪਤਨੀ ਸਮੇਤ 4 ਨੂੰ ਗੋਲੀਆਂ ਨਾਲ ਭੁੰਨ੍ਹਿਆ

ਮੋਗਾ/ਧਰਮਕੋਟ (ਗੋਪੀ ਰਾਊਕੇ/ਆਜ਼ਾਦ/ਸੰਜੀਵ/ਸਤੀਸ਼) : ਪੁਲਸ ਲਾਈਨ ਮੋਗਾ ਵਿਖੇ ਤਾਇਨਾਤ ਇਕ ਪੁਲਸ ਹੌਲਦਾਰ ਨੇ ਅੱਜ ਸਵੇਰੇ 6 ਵਜੇ ਆਪਣੇ ਸਹੁਰੇ ਘਰ ਪਿੰਡ ਸੈਦ ਜਲਾਲਪੁਰ ਵਿਖੇ ਦਾਖਲ ਹੋ ਕੇ ਖੂਨੀ ਖੇਡ ਖੇਡਦਿਆਂ ਸਰਕਾਰੀ ਰਾਈਫਲ ਨਾਲ ਅੰਨ੍ਹੇਵਾਹ ਗੋਲੀਆਂ ਚਲਾ ਕੇ ਘਰ 'ਚ ਸੁੱਤੀ ਪਈ ਆਪਣੀ ਪਤਨੀ, ਸੱਸ, ਸਾਲੇ ਅਤੇ ਸਾਲੇਹਾਰ ਦੀ ਹੱਤਿਆ ਕਰ ਦਿੱਤੀ, ਜਦਕਿ ਘਰ 'ਚ ਮੌਜੂਦ ਹੋਰ ਪਰਿਵਾਰਕ ਮੈਂਬਰਾਂ ਨੇ ਭੱਜ ਕੇ ਜਾਨ ਬਚਾਈ। ਹੌਲਦਾਰ ਕੁਲਵਿੰਦਰ ਸਿੰਘ ਆਪਣੇ ਸਹੁਰੇ ਪਰਿਵਾਰ ਨਾਲ ਪਿਛਲੇ ਕੁਝ ਸਮੇਂ ਤੋਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਕਰ ਰਿਹਾ ਸੀ ਅਤੇ ਲੰਘੀ ਰਾਤ ਵੀ ਦੋਵੇਂ ਧਿਰਾਂ 'ਚ ਕਾਫੀ ਤੂੰ-ਤੂੰ ਮੈਂ-ਮੈਂ ਹੋਈ ਅਤੇ ਇਸ ਮਗਰੋਂ ਸਹੁਰੇ ਪਰਿਵਾਰ ਵਾਲਿਆਂ ਨੇ ਹੌਲਦਾਰ ਕੁਲਵਿੰਦਰ ਸਿੰਘ ਨੂੰ ਧਰਮਕੋਟ ਪੁਲਸ ਦੇ ਹਵਾਲੇ ਵੀ ਕੀਤਾ ਪਰ ਜਾਣਕਾਰੀ ਅਨੁਸਾਰ ਰਾਤ 2 ਵਜੇ ਦੇ ਕਰੀਬ ਉਹ ਪੁਲਸ ਨੂੰ ਚਮਕਾ ਦੇ ਕੇ ਨਿਕਲ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਮ੍ਰਿਤਕਾਂ ਦੀ ਪਛਾਣ ਪਤਨੀ ਰਾਜਵਿੰਦਰ ਕੌਰ (42), ਜਸਕਰਨ ਸਿੰਘ (40), ਸਾਲੇਹਾਰ ਇੰਦਰਜੀਤ ਕੌਰ (35) ਅਤੇ ਸੱਸ ਸੁਖਵਿੰਦਰ ਕੌਰ (65) ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਜ਼ਿਲਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ, ਡੀ. ਐੱਸ. ਪੀ. ਧਰਮਕੋਟ ਯਾਦਵਿੰਦਰ ਸਿੰਘ ਅਤੇ ਥਾਣਾ ਮੁਖੀ ਸੁਖਜਿੰਦਰ ਸਿੰਘ ਮੌਕੇ 'ਤੇ ਪੁੱਜੇ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਭੇਜਿਆ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਏ. ਕੇ. 47 ਸਰਕਾਰੀ ਰਾਈਫਲ ਉਸ ਨੂੰ ਅਲਾਟ ਹੋਈ ਸੀ।

ਥਾਣੇ ਜਾ ਕੇ ਹੌਲਦਾਰ ਕੁਲਵਿੰਦਰ ਸਿੰਘ ਨੇ ਕੀਤਾ ਆਤਮ-ਸਮਰਪਣ
ਆਪਣੇ ਸਹੁਰੇ ਪਰਿਵਾਰ ਦੇ 4 ਮੈਂਬਰਾਂ ਦੀ ਹੱਤਿਆ ਕਰਨ ਮਗਰੋਂ ਹੌਲਦਾਰ ਕੁਲਵਿੰਦਰ ਸਿੰਘ ਨੇ ਸਰਕਾਰੀ ਰਾਈਫਲ ਸਮੇਤ ਥਾਣਾ ਧਰਮਕੋਟ ਵਿਖੇ ਜਾ ਕੇ ਆਤਮ-ਸਮਰਪਣ ਕਰ ਦਿੱਤਾ ਅਤੇ ਸਰਕਾਰੀ ਰਾਈਫਲ ਵੀ ਪੁਲਸ ਦੇ ਹਵਾਲੇ ਕਰ ਦਿੱਤੀ। ਥਾਣਾ ਮੁਖੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਸਹੁਰੇ ਬੋਹੜ ਸਿੰਘ ਦੇ ਬਿਆਨਾਂ 'ਤੇ ਹੌਲਦਾਰ ਕੁਲਵਿੰਦਰ ਸਿੰਘ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਬਚ ਸਕਦੀਆਂ ਸਨ ਜਾਨਾਂ
'ਜਗ ਬਾਣੀ' ਵਲੋਂ ਹਾਸਲ ਕੀਤੇ ਗਏ ਵੇਰਵਿਆਂ ਅਨੁਸਾਰ ਲੰਘੀ ਰਾਤ ਸਹੁਰੇ ਪਰਿਵਾਰ ਦੇ ਘਰ ਜਾ ਕੇ ਲੜਾਈ-ਝਗੜਾ ਕਰਨ ਵਾਲੇ ਹੌਲਦਾਰ ਕੁਲਵਿੰਦਰ ਸਿੰਘ ਨੂੰ ਪੁਲਸ ਹਵਾਲੇ ਕੀਤਾ ਗਿਆ ਸੀ ਪਰ ਅੱਧੀ ਰਾਤ ਉਹ ਫਿਰ ਪੁਲਸ ਨੂੰ ਚਕਮਾ ਦੇ ਕੇ ਆਪਣੀ ਕਾਰ 'ਚ ਕਿੱਧਰੇ ਚਲਾ ਗਿਆ। ਸਵਾਲ ਇਹ ਉੱਠਦਾ ਹੈ ਕਿ ਜੇਕਰ ਪੁਲਸ ਨੇ ਰਾਤ ਵੇਲੇ ਕੋਈ ਠੋਸ ਕਾਰਵਾਈ ਕੀਤੀ ਹੁੰਦੀ ਤਾਂ ਇਹ 4 ਜਾਨਾਂ ਬਚ ਸਕਦੀਆਂ ਸਨ।

ਵਿਵਾਦਾਂ 'ਚ ਰਹੇ ਹੌਲਦਾਰ ਕੁਲਵਿੰਦਰ ਸਿੰਘ ਤੋਂ ਪਰਿਵਾਰ ਪਹਿਲਾਂ ਹੀ ਦੱਸ ਚੁੱਕਿਆ ਸੀ ਜਾਨ ਨੂੰ ਖਤਰਾ
ਸਰਕਾਰੀ ਰਾਈਫਲ ਨਾਲ 2014 ਆਪਣੇ ਘਰ ਦੀ ਛੱਤ 'ਤੇ ਅੰਨ੍ਹੇਵਾਹ ਹਵਾਈ ਫਾਇਰ ਕਰਨ ਮਗਰੋਂ ਹੀ ਪਰਿਵਾਰ ਸਹਿਮ ਦੇ ਮਾਹੌਲ 'ਚ ਸੀ। ਭਾਵੇਂ ਇਸ ਮਾਮਲੇ 'ਚ ਪੁਲਸ ਨੇ ਮੁਕੱਦਮਾ ਤਾਂ ਦਰਜ ਕੀਤਾ ਸੀ ਪਰ ਪਰਿਵਾਰ ਵੱਲੋਂ ਉੱਚ ਪੁਲਸ ਅਧਿਕਾਰੀਆਂ ਨੂੰ ਬੇਨਤੀ ਪੱਤਰ ਭੇਜ ਕੇ ਇਹ ਮੰਗ ਕੀਤੀ ਗਈ ਕਿ ਸਰਕਾਰੀ ਰਾਈਫਲ ਹੌਲਦਾਰ ਨੂੰ ਘਰ ਲਿਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਕਿਉਂਕਿ ਉਨ੍ਹਾਂ ਨੂੰ ਖ਼ਤਰਾ ਹੈ ਕਿ ਕਿਸੇ ਵੇਲੇ ਵੀ ਹੌਲਦਾਰ ਕੁਲਵਿੰਦਰ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਦੀ ਹੱਤਿਆ ਕਰ ਸਕਦਾ ਹੈ।

10 ਸਾਲ ਦੀ ਜਸ਼ਨਪ੍ਰੀਤ ਕੌਰ ਗੋਲੀ ਲੱਗਣ ਨਾਲ ਹੋਈ ਜ਼ਖਮੀ
ਮ੍ਰਿਤਕ ਜਸਕਰਨ ਸਿੰਘ ਅਤੇ ਇੰਦਰਜੀਤ ਕੌਰ ਦੀ ਛੋਟੀ ਲੜਕੀ ਜਸ਼ਨਪ੍ਰੀਤ ਕੌਰ (10) ਗੋਲੀ ਲੱਗਣ ਨਾਲ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਹੈ ਪਰ ਉਸ ਦਾ ਇਲਾਜ ਚੱਲ ਰਿਹਾ ਹੈ। ਰੋ-ਰੋ ਕੇ ਬੁਰਾ ਹਾਲ ਜਸ਼ਨਪ੍ਰੀਤ ਕੌਰ ਨੇ ਕਿਹਾ ਕਿ ਉਸ ਦੇ ਘਰ 'ਚ ਮੌਜੂਦ ਵੱਡੇ ਪਰਿਵਾਰਕ ਮੈਂਬਰ ਭੱਜ ਗਏ ਪਰ ਉਹ ਆਪਣੀਆਂ ਅੱਖਾਂ ਮੂਹਰੇ ਮਾਂ-ਬਾਪ ਦੇ ਹੁੰਦੇ ਕਤਲ ਨੂੰ ਰੋਕਣ ਲਈ ਜੱਦੋ-ਜਹਿਦ ਕਰਦੀ ਰਹੀ ਪਰ ਇਸ ਦਰਮਿਆਨ ਉਹ ਵੀ ਜ਼ਖਮੀ ਹੋ ਗਈ।


author

Baljeet Kaur

Content Editor

Related News