ਮੋਗਾ ਦੇ ਨੌਜਵਾਨ ਦਾ ਮਨੀਲਾ 'ਚ ਗੋਲੀ ਮਾਰ ਕੇ ਕਤਲ
Wednesday, Nov 27, 2019 - 12:06 PM (IST)

ਮੋਗਾ (ਵਿਪਨ)—ਵਿਦੇਸ਼ੀ ਧਰਤੀ ਇਕ ਵਾਰ ਫਿਰ ਪੰਜਾਬੀ ਦੇ ਖੂਨ ਨਾਲ ਲਾਲ ਹੋ ਗਈ। ਜਾਣਕਾਰੀ ਮੁਤਾਬਕ ਮਨੀਲਾ 'ਚ ਮੋਗਾ ਦੇ ਪਿੰਡ ਵੜਾ ਦੇ ਰਣਬੀਰ ਸਿੰਘ ਦੀ ਕੁਝ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਕਿ ਰਣਬੀਰ ਆਪਣੀ ਪਤਨੀ ਨਾਲ ਦਵਾਈ ਲੈਣ ਲਈ ਸਕੂਟਰ 'ਤੇ ਜਾ ਰਿਹਾ ਸੀ ਕਿ ਕੁਝ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਤੇ ਰਣਬੀਰ ਨੂੰ ਗੋਲੀ ਮਾਰ ਦਿੱਤੀ। ਰਣਬੀਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਣਬੀਰ ਸਿੰਘ ਪਿਛਲੇ 9 ਸਾਲਾਂ ਤੋਂ ਮਨੀਲਾ 'ਚ ਰਹਿ ਰਿਹਾ ਸੀ ਤੇ ਉਥੇ ਫਾਈਨਾਂਸ ਦਾ ਕੰਮ ਕਰਦਾ ਸੀ। ਉਸਨੇ ਆਪਣੀ ਪਤਨੀ ਨੂੰ ਵੀ ਮਨੀਲਾ ਬੁਲਾ ਲਿਆ ਸੀ। ਰਣਬੀਰ ਦੀ ਮੌਤ ਦੀ ਖਬਰ ਜਿਵੇਂ ਹੀ ਪਿੰਡ ਪਹੁੰਚੀ ਤਾਂ ਪਿੰਡ 'ਚ ਮਾਤਮ ਛਾ ਗਿਆ।
ਪੁੱਤ ਦੀ ਮੌਤ ਨਾਲ ਪਰਿਵਾਰ ਸਦਮੇ 'ਚ ਹੈ ਤੇ ਮ੍ਰਿਤਕ ਰਣਬੀਰ ਦੇ ਪਿਤਾ ਨੇ ਸਰਕਾਰ ਤੋਂ ਪੁੱਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ ਕੀਤੀ ਹੈ।