ਮੋਗਾ ਦੇ ਵਿਧਾਇਕ ਨੇ ''ਹਰਪਾਲ ਚੀਮਾ'' ਨੂੰ ਭੇਜਿਆ ਕਾਨੂੰਨੀ ਨੋਟਿਸ

06/15/2020 4:32:22 PM

ਮੋਗਾ (ਵਿਪਨ) : ਮੋਗਾ ਦੇ ਵਿਧਾਇਕ ਹਰਜੋਤ ਕਮਲ ਵੱਲੋਂ ਰਾਸ਼ਟਰੀ ਮਾਰਗ-105 ਦੇ ਮੁੱਦੇ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਹਰਜੋਤ ਕਮਲ ਨੇ ਕਿਹਾ ਹੈ ਕਿ ਹਰਪਾਲ ਚੀਮਾ ਨੇ ਉਨ੍ਹਾਂ ਦਾ ਅਕਸ ਖਰਾਬ ਕੀਤਾ ਹੈ, ਜਿਸ ਕਾਰਨ ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਹਰਜੋਤ ਕਮਲ ਨੇ ਕਿਹਾ ਕਿ ਹਰਪਾਲ ਚੀਮਾ ਨੇ ਬਹੁਤ ਵੱਡੀ ਪ੍ਰੈੱਸ ਕਾਨਫਰੰਸ ਕਰਕੇ ਸੜਕ ਦੇ ਇਕ ਛੋਟੇ ਜਿਹੇ ਟੋਟੇ ਦੇ ਮਸਲੇ ਨੂੰ ਇੰਝ ਉਜਾਗਰ ਕੀਤਾ, ਜਿਵੇਂ ਕਿ ਉਹ ਕੋਈ ਬਹੁਤ ਵੱਡਾ ਰਾਸ਼ਟਰੀ ਮਾਰਗ ਹੋਵੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਬੁਰਾ ਲੱਗਿਆ ਹੈ, ਜਿਸ ਤੋਂ ਬਾਅਦ ਹਰਪਾਲ ਚੀਮਾ ਨੂੰ ਉਨ੍ਹਾਂ ਵੱਲੋਂ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਚੀਮਾ ਨੂੰ ਇਸ ਮੁੱਦੇ ਦੀ ਪੂਰੀ ਜਾਂਚ ਕਰਕੇ ਫਿਰ ਚੁੱਕਣਾ ਚਾਹੀਦਾ ਸੀ। ਹਰਜੋਤ ਕਮਲ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ  ਚਿੱਠੀ ਲਿਖੀ ਹੈ ਕਿ ਉਨ੍ਹਾਂ 'ਤੇ ਜੋ ਦੂਸ਼ਣਬਾਜ਼ੀ ਕੀਤੀ ਗਈ ਹੈ, ਉਸ ਦਾ ਸਖਤ ਨੋਟਿਸ ਲਿਆ ਜਾਵੇ। ਹਰਜੋਤ ਕਮਲ ਨੇ ਕਿਹਾ ਕਿ ਇਸ ਦੇ ਨਾਲ ਹੀ ਉਨ੍ਹਾਂ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਇਕ ਚਿੱਠੀ ਲਿਖੀ ਹੈ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦੀ ਪਾਰਟੀ ਦਾ ਆਗੂ ਕਿਸ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਹੈ।


Babita

Content Editor

Related News