ਮੋਗਾ 'ਚ ਨੌਜਵਾਨ ਨੇ ਮਾਂ-ਪਿਓ ਸਮੇਤ 5 ਮੈਂਬਰ ਕੀਤੇ ਕਤਲ, ਖੁਦ ਨੂੰ ਵੀ ਮਾਰੀ ਗੋਲੀ (ਵੀਡੀਓ)
Saturday, Aug 03, 2019 - 08:01 AM (IST)
ਮੋਗਾ, (ਗੋਪੀ ਰਾਓਕੇ, ਰਾਜਵੀਰ ਭਲੂਰੀਆ)— ਜ਼ਿਲਾ ਮੋਗਾ ਦੇ ਪਿੰਡ ਨੱਥੂਵਾਲਾ ਗਰਬੀ 'ਚ ਵੱਡੀ ਵਾਰਦਾਤ ਦੀ ਖਬਰ ਮਿਲੀ ਹੈ। ਸ਼ੁੱਕਰਵਾਰ ਰਾਤ ਤਕਰੀਬਨ 12-01 ਵਜੇ ਮੋਗੇ ਦੇ ਪਿੰਡ ਨੱਥੂਵਾਲਾ ਗਰਬੀ 'ਚ ਇਕ ਨੌਜਵਾਨ ਸੰਦੀਪ ਸਿੰਘ ਉਰਫ ਸੰਨੀ ਪੁੱਤਰ ਮਨਜੀਤ ਸਿੰਘ ਨੇ ਆਪਣੇ ਪਰਿਵਾਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਖੁਦ ਵੀ ਆਤਮ-ਹੱਤਿਆ ਕਰ ਲਈ। ਵਾਰਦਾਤ ਵਾਲੀ ਥਾਂ 'ਤੇ ਪੁੱਜ ਕੇ ਪੁਲਸ ਜਾਂਚ 'ਚ ਜੁਟ ਗਈ ਹੈ। ਡੀ. ਐੱਸ. ਪੀ. ਬਾਘਾਪੁਰਾਣਾ ਜਸਪਾਲ ਸਿੰਘ ਅਤੇ ਐੱਸ. ਐੱਸ. ਪੀ. ਮੋਗਾ ਐੱਚ. ਪੀ. ਐੱਸ. ਪਰਮਾਰ ਮੌਕੇ 'ਤੇ ਮੌਜੂਦ ਹਨ।
ਨੌਜਵਾਨ ਨੇ ਇਸ ਵਾਰਦਾਤ ਨੂੰ ਕਿਉਂ ਅੰਜਾਮ ਦਿੱਤਾ, ਇਸ ਦੀ ਜਾਣਕਾਰੀ ਹੁਣ ਤਕ ਪ੍ਰਾਪਤ ਨਹੀਂ ਹੋਈ ਹੈ। ਪਰਿਵਾਰ ਵਿੱਤੀ ਪੱਖੋਂ ਤਕੜਾ ਸੀ ਅਤੇ 22 ਕਿੱਲੇ ਜ਼ਮੀਨ ਹੈ। ਹੁਣ ਤਕ ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਨੇ ਰਿਵਾਲਰ ਰਿਸ਼ਤੇਦਾਰ ਦਾ ਚੋਰੀ ਕੀਤਾ ਸੀ, ਜਿਸ ਮਗਰੋਂ ਉਹ ਪਿੰਡ ਸ਼ਹਿਜ਼ਾਦੀ ਜ਼ਿਲਾ ਫਿਰੋਜ਼ਪੁਰ ਤੋਂ ਆਪਣੀ ਭੈਣ ਤੇ ਭਾਣਜੀ ਨੂੰ ਲੈ ਕੇ ਮੋਗਾ ਆਇਆ ਤੇ ਅੱਧੀ ਰਾਤ ਨੂੰ ਘਰ 'ਚ ਮੌਜੂਦ ਸਾਰੇ ਪਰਿਵਾਰਕ ਮੈਂਬਰਾਂ ਨੂੰ ਗੋਲੀਆਂ ਨਾਲ ਭੁੰਨ੍ਹ ਦਿੱਤਾ ਤੇ ਖੁਦ ਨੂੰ ਵੀ ਗੋਲੀ ਮਾਰ ਲਈ।
ਇਸ 'ਚ ਮਾਤਾ ਬਿੰਦਰ ਕੌਰ (58), ਪਿਤਾ ਮਨਜੀਤ ਸਿੰਘ (60), ਦਾਦੀ ਗੁਰਦੀਪ ਕੌਰ (80), ਭੈਣ ਅਮਨਜੋਤ ਕੌਰ (30) ਅਤੇ 4 ਸਾਲਾ ਭਾਣਜੀ ਦੀ ਮੌਤ ਹੋ ਗਈ, ਜਦੋਂ ਕਿ 81 ਸਾਲਾ ਦਾਦਾ ਗੁਰਚਰਨ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੈ।
ਮੌਤ ਦੇ ਮੂੰਹ 'ਚੋਂ ਬਚੇ ਮ੍ਰਿਤਕ ਦੇ ਦਾਦੇ ਨੇ ਆਪਣੇ ਗੁਆਢੀਆਂ ਨੂੰ ਘਟਨਾ ਦੀ ਸੂਚਨਾ ਦਿੱਤੀ, ਜਿਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ ਤੇ ਉਸ ਨੂੰ ਹਸਪਤਾਲ ਪਹੁੰਚਾਇਆ। ਸਾਰੀ ਵਾਰਦਾਤ ਕਰਨ ਤੋਂ ਪਹਿਲਾਂ ਨੌਜਵਾਨ ਨੇ ਖੁਦਕਸ਼ੀ ਨੋਟ ਵੀ ਲਿਖਿਆ ਜੋ ਹੁਣ ਪੁਲਸ ਦੇ ਕਬਜ਼ੇ 'ਚ ਹੈ। ਐੱਸ. ਪੀ. ਐੱਚ. ਪੀ. ਐੱਸ. ਪਰਮਾਰ, ਡੀ. ਐੱਸ. ਪੀ. ਜਸਪਾਲ ਸਿੰਘ, ਧਾਮੀ ਚੌਕੀ ਇੰਚਾਰਜ ਏ. ਐੱਸ. ਆਈ. ਪਹਾੜਾ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਕਰ ਲਿਆ ਹੈ ਅਤੇ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਦੀ ਕੁਝ ਸਮਾਂ ਪਹਿਲਾਂ ਹੀ ਮੰਗਣੀ ਹੋਈ ਸੀ, ਜਿਸ ਤੋਂ ਉਹ ਖੁਸ਼ ਨਹੀ ਸੀ ।