ਹੋਟਲ ਦੀ ਆੜ ਹੇਠ ਦੇਹ ਵਪਾਰ ਦਾ ਪਰਦਾਫਾਸ਼, ਮੈਨੇਜਰ ਸਮੇਤ 5 ਗ੍ਰਿਫ਼ਤਾਰ
Thursday, Oct 15, 2026 - 02:57 PM (IST)
ਜ਼ੀਰਕਪੁਰ (ਧੀਮਾਨ) : ਸਪਾ ਸੈਂਟਰਾਂ ਦੀ ਆੜ ਹੇਠ ਦੇਹ ਵਪਾਰ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਹੋਟਲਾਂ ’ਚ ਵੀ ਅਜਿਹੀਆਂ ਨਾਜਾਇਜ਼ ਗਤੀਵਿਧੀਆਂ ਦਾ ਖ਼ੁਲਾਸਾ ਹੋਣ ਲੱਗਾ ਹੈ। ਤਿਉਹਾਰਾਂ ਦੇ ਮੱਦੇਨਜ਼ਰ ਚਲਾਈ ਜਾ ਰਹੀ ਵਿਸ਼ੇਸ਼ ਜਾਂਚ ਮੁਹਿੰਮ ਤਹਿਤ ਪੁਲਸ ਨੇ ਸ਼ਿਵਾਲਿਕ ਵਿਹਾਰ ਸਥਿਤ ਹੋਟਲ ਸੁਪਰ ਸੈਵਨ ’ਚ ਛਾਪੇਮਾਰੀ ਕਰਕੇ ਦੇਹ ਵਪਾਰ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਹੋਟਲ ਮੈਨੇਜਰ ਸਮੇਤ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ 4 ਕੁੜੀਆਂ ਨੂੰ ਸੁਰੱਖਿਅਤ ਛੁਡਵਾਇਆ ਗਿਆ। ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ।
ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਕੀਤੀ ਜਾ ਰਹੀ ਜਾਂਚ
ਜਾਣਕਾਰੀ ਮੁਤਾਬਕ ਤਿਉਹਾਰਾਂ ਦੌਰਾਨ ਸ਼ਹਿਰ ’ਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਤੇ ਨਾਜਾਇਜ਼ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਪੁਲਸ ਵੱਲੋਂ ਹੋਟਲਾਂ, ਸਪਾ ਸੈਂਟਰਾਂ ਤੇ ਹੋਰ ਕਾਰੋਬਾਰੀ ਅਦਾਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁਹਿੰਮ ਦੌਰਾਨ ਪੁਲਸ ਟੀਮ ਨੇ ਸ਼ਿਵਾਲਿਕ ਵਿਹਾਰ ਦੇ ਹੋਟਲ ਸੁਪਰ ਸੈਵਨ ’ਚ ਛਾਪਾ ਮਾਰਿਆ। ਜਾਂਚ ਦੌਰਾਨ ਹੋਟਲ ’ਚ ਦੇਹ ਵਪਾਰ ਨਾਲ ਸਬੰਧਿਤ ਗਤੀਵਿਧੀਆਂ ਸਾਹਮਣੇ ਆਉਣ ’ਤੇ ਮੈਨੇਜਰ ਤੇ ਚਾਰ ਹੋਰ ਵਿਅਕਤੀਆਂ ਨੂੰ ਮੌਕੇ ਤੋਂ ਕਾਬੂ ਕਰ ਲਿਆ। ਦੂਜੇ ਪਾਸੇ ਲੋਕਾਂ ਨੇ ਮੰਗ ਕੀਤੀ ਕਿ ਰਿਹਾਇਸ਼ੀ ਖੇਤਰਾਂ ’ਚ ਚੱਲ ਰਹੇ ਹੋਟਲਾਂ ਦੇ ਲਾਈਸੈਂਸ, ਮਹਿਮਾਨਾਂ ਦੇ ਰਜਿਸਟਰ, ਪਛਾਣ ਪੱਤਰਾਂ ਦੇ ਰਿਕਾਰਡ ਤੇ ਨਿਯਮਾਂ ਦੀ ਪਾਲਣਾ ਦੀ ਜਾਂਚ ਕੀਤੀ ਜਾਵੇ।
ਲੋਕਾਂ ਦਾ ਕਹਿਣਾ ਹੈ ਕਿ ਹੋਟਲਾਂ ਦੀ ਆੜ ਹੇਠ ਨਾਜਾਇਜ਼ ਧੰਦੇ ਚੱਲਣਾ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਹੈ, ਸਗੋਂ ਰਿਹਾਇਸ਼ੀ ਖੇਤਰਾਂ ਦੀ ਸੁਰੱਖਿਆ ਲਈ ਵੀ ਚਿੰਤਾ ਦਾ ਵਿਸ਼ਾ ਹੈ। ਏ. ਐੱਸ. ਪੀ. ਗਜ਼ਲਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਪੁਲਸ ਵੱਲੋਂ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਹੋਟਲ ਸੁਪਰ ਸੈਵਨ ’ਚ ਕੀਤੀ ਛਾਪੇਮਾਰੀ ਦੌਰਾਨ ਚਾਰ ਕੁੜੀਆਂ ਨੂੰ ਛੁਡਵਾਇਆ ਗਿਆ ਹੈ ਅਤੇ ਹੋਟਲ ਮੈਨੇਜਰ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਨਾਜਾਇਜ਼ ਗਤੀਵਿਧੀਆਂ ’ਚ ਸ਼ਾਮਲ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ।
