ਮੋਗਾ ਦੇ ਨੌਜਵਾਨ ਨੇ ਆਪਣੇ ਅਨੋਖੇ ਹੁਨਰ ਸਦਕਾ ਗਿੰਨੀਜ਼ ਬੁੱਕ ’ਚ ਦਰਜ ਕਰਵਾਇਆ ਨਾਂ (ਵੀਡੀਓ)

Sunday, Mar 15, 2020 - 05:40 PM (IST)

ਮੋਗਾ (ਵਿਪਨ) - ਜੇਕਰ ਲਗਨ ਅਤੇ  ਜਜ਼ਬਾ ਹੋਵੇ ਤਾਂ ਕੋਈ ਵੀ ਇਨਸਾਨ ਕੁਝ ਵੀ ਕਰ ਸਕਦਾ ਹੈ। ਅਜਿਹਾ ਹੀ ਕੁਝ ਕਰਕੇ ਦਿਖਾਇਆ ਹੈ ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਬੱਦੂਵਾਲ ਦੇ ਨੌਜਵਾਨ ਨੇ। ਬਾਸਕਟਬਾਲ ਨਾਲ ਵੱਖ-ਵੱਖ ਤਰ੍ਹਾਂ ਦੀਆਂ ਕਲਾਬਾਜ਼ੀਆਂ ਕਰਕੇ ਸਭ ਨੂੰ ਹੈਰਾਨ ਕਰ ਦੇਣ ਵਾਲੇ ਇਸ ਨੌਜਵਾਨ ਦਾ ਨਾਂ ਅਰਸ਼ਦੀਪ ਹੈ। ਆਪਣੀਆਂ ਇਸੇ ਕਲਾਬਾਜ਼ੀਆਂ ਦੇ ਸਦਕਾ ਮਹਿਜ਼ 16 ਸਾਲ ਦੀ ਉਮਰ ਵਿਚ ਅਰਸ਼ਦੀਪ ਨੇ ਆਪਣਾ ਨਾਂ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ’ਚ ਦਰਜ ਕਰਵਾ ਲਿਆ ਹੈ। ਦੱਸ ਦੇਈਏ ਕਿ ਅਰਸ਼ਦੀਪ ਨੇ ਆਪਣੀ ਬਾਂਹ ਦੀ ਕੂਹਣੀ ’ਤੇ 16.72 ਸਕਿੰਟ ਤੱਕ ਬਾਸਕਟਬਾਲ ਨੂੰ ਘੁੰਮਾ ਕੇ ਰੱਖਣ ਦਾ ਵਰਲਡ ਰਿਕਾਰਡ ਬਣਾਇਆ ਹੈ, ਜਿਸ ਕਾਰਨ ਉਸ ਦਾ ਨਾਂ ਦਰਜ ਹੋਇਆ। ਇਸ ਤੋਂ ਪਹਿਲਾਂ ਇਹ ਰਿਕਾਰਡ ਨੇਪਾਲ ਦੇ ਇਕ ਵਿਅਕਤੀ ਦੇ ਨਾਂ ਸੀ ,ਜੋ ਹੁਣ ਅਰਸ਼ਦੀਪ ਨੇ ਆਪਣੇ ਨਾਮ ਕਰ ਲਿਆ ਹੈ। 

ਜਾਣਕਾਰੀ ਅਨੁਸਾਰ ਇਸੇ ਪਿੰਡ ਦੇ ਇਕ ਸੰਦੀਪ ਨਾਂ ਦੇ ਨੌਜਵਾਨ ਨੇ ਵੀ ਟੂਥ ਬੁਰਸ਼ ’ਤੇ ਬਾਸਕਟਬਾਲ ਨੂੰ ਇਕ ਮਿੰਟ ਤੱਕ ਘੁਮਾ ਕੇ ਵਰਲਡ ਰਿਕਾਰਡ ਬਣਾਇਆ ਸੀ, ਜਿਸ ਨੂੰ ਵੇਖ ਕੇ ਅਰਸ਼ਦੀਪ ਅੰਦਰ ਵੀ ਕੁਝ ਵੱਖਰਾ ਕਰਨ ਦੀ ਤਾਂਘ ਜਾਗੀ। ਇਸੇ ਤਾਂਘ ਦੇ ਤਹਿਤ ਉਸ ਨੇ ਅੱਜ ਅਜਿਹਾ ਕਾਰਨਾਮਾ ਕਰਦੇ ਆਪਣਾ ਵਰਲਡ ਰਿਕਾਰਡ ਕਾਇਮ ਕਰ ਲਿਆ। ਉਸ ਨੇ ਆਪਣੀ ਇਸ ਕਾਮਯਾਬੀ ਦੇ ਸਦਕਾ ਆਪਣੇ ਪਰਿਵਾਰ ਦੇ ਨਾਲ-ਨਾਲ ਇਕ ਵਾਰੀ ਫਿਰ ਤੋਂ ਪਿੰਡ ਦਾ ਨਾਂ ਚਮਕਾ ਦਿੱਤਾ ਹੈ।ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਅਰਸ਼ਦੀਪ ਨੇ ਕਿਹਾ ਕਿ ਉਸਨੇ ਕਰੀਬ ਤਿੰਨ ਮਹੀਨੇ ਪਹਿਲਾਂ ਇਸ ਰਿਕਾਰਡ ਵਾਸਤੇ ਅਪਲਾਈ ਕੀਤਾ ਸੀ। ਲਗਾਤਾਰ ਮਿਹਨਤ ਕਰਨ ਤੋਂ ਬਾਅਦ ਅੱਜ ਉਸ ਦੀ ਮਿਹਨਤ ਰੰਗ ਲੈ ਆਈ ਹੈ। ਉਸ ਨੇ ਵਰਲਡ ਰਿਕਾਰਡ ਬਣਾ ਕੇ ਆਪਣਾ ਨਾਂ ਦੁਨੀਆ ਵਿਚ ਚਮਕਾ ਲਿਆ ਹੈ।

ਅਰਸ਼ਦੀਪ ਨੇ ਕਿਹਾ ਕਿ ਉਹ ਭਵਿੱਖ ’ਚ ਹੋਰ ਵੀ ਕਈ ਰਿਕਾਰਡ ਆਪਣੇ ਨਾਮ ਕਰਨਾ ਚਾਹੁੰਦਾ ਹੈ। ਦੱਸ ਦੇਈਏ ਕਿ ਅਰਸ਼ਦੀਪ ਦੇ ਇਸ ਕਲਾ ਪ੍ਰਦਰਸ਼ਨ ਦੀ ਪਿੰਡ ਵਾਸੀਆਂ ਵਲੋਂ ਵੱਡੇ ਪੱਧਰ ’ਤੇ ਸ਼ਲਾਂਘਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਰਸ਼ਦੀਪ ਨੇ ਆਪਣੀ ਸਖਤ ਮਿਹਨਤ ਸਦਕਾ ਹੀ ਅੱਜ ਇਹ ਮੁਕਾਮ ਹਾਸਲ ਕੀਤਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਬੱਚਿਆਂ ਦੀ ਸਭ ਤੋਂ ਵੱਧ ਸਹਾਇਤਾ ਕਰਨ ਤਾਂ ਜੋ ਉਹ ਭਾਰਤ ਦਾ ਨਾਂ ਇਸੇ ਤਰ੍ਹਾਂ ਚਮਕਾਉਂਦੇ ਰਹਿਣ। 

 


author

rajwinder kaur

Content Editor

Related News