ਮੋਗਾ ’ਚ ਵੱਡੀ ਵਾਰਦਾਤ, ਪ੍ਰਾਈਵੇਟ ਸਕੂਲ ਦੇ ਅਧਿਆਪਕ ਦਾ ਦਿਨ-ਦਿਹਾੜੇ ਬੇਰਹਿਮੀ ਨਾਲ ਕਤਲ

07/28/2022 7:18:26 PM

ਮੋਗਾ (ਗੋਪੀ, ਆਜ਼ਾਦ) : ਅੱਜ ਦਿਨ-ਦਿਹਾੜੇ ਮੋਗਾ-ਚੜਿੱਕ ਰੋਡ ’ਤੇ ਪਿੰਡ ਬੁੱਧ ਸਿੰਘ ਵਾਲਾ ਦੇ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਮੋਗਾ ਦੇ ਇਕ ਪ੍ਰਾਈਵੇਟ ਸਕੂਲ ’ਚ ਡੀ. ਪੀ. ਅਧਿਆਪਕ ਬੂਟਾ ਸਿੰਘ (55) ਨਿਵਾਸੀ ਚੜਿੱਕ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਡੀ.ਐੱਸ.ਪੀ. ਸਿਟੀ ਦਮਨਵੀਰ ਸਿੰਘ, ਥਾਣਾ ਚੜਿੱਕ ਦੇ ਮੁੱਖ ਅਫਸਰ ਅਮਨਦੀਪ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਫੋਰੈਂਸਿਕ ਟੀਮ ਤੋਂ ਇਲਾਵਾ ਫਿੰਗਰ ਪ੍ਰਿੰਟ ਮਾਹਿਰਾਂ ਨੂੰ ਵੀ ਬੁਲਾਇਆ ਗਿਆ। ਜਾਣਕਾਰੀ ਅਨੁਸਾਰ ਬੂਟਾ ਸਿੰਘ, ਜੋ ਸਾਬਕਾ ਫੌਜੀ ਸੀ ਅਤੇ ਕਰੀਬ 20 ਸਾਲ ਤੋਂ ਮੋਗਾ ਦੇ ਇਕ ਪ੍ਰਾਈਵੇਟ ਸਕੂਲ ’ਚ ਡੀ.ਪੀ. ਤਾਇਨਾਤ ਸੀ।

ਇਹ ਖ਼ਬਰ ਵੀ ਪੜ੍ਹੋ : ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਜਗਮੀਤ ਬਰਾੜ ਨੇ ਸੁਖਬੀਰ ਬਾਦਲ ਨੂੰ ਦਿੱਤੇ 7 ਅਹਿਮ ਸੁਝਾਅ

PunjabKesari

ਅੱਜ ਜਦੋਂ ਛੁੱਟੀ ਹੋਣ ਉਪਰੰਤ ਆਪਣੀ ਐਕਟਿਵਾ ਸਕੂਟਰੀ ’ਤੇ ਪਿੰਡ ਵਾਪਸ ਜਾ ਰਿਹਾ ਸੀ ਤੇ ਜਦੋਂ ਪਿੰਡ ਬੁੱਧ ਸਿੰਘ ਵਾਲਾ ਕੋਲ ਪੁੱਜਾ ਤਾਂ ਕੁਝ ਹਥਿਆਰਬੰਦ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ, ਜਿਸ ਕਾਰਨ ਉਹ ਸਕੂਟਰੀ ਸਮੇਤ ਡਿੱਗ ਪਿਆ। ਹਥਿਆਰਬੰਦ ਵਿਅਕਤੀਆਂ ਨੇ  ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਜਿਸ ’ਤੇ ਕੁਝ ਲੋਕ ਇਕੱਠੇ ਹੋ ਗਏ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਬੂਟਾ ਸਿੰਘ ਨੇ ਰਸਤੇ ’ਚ ਹੀ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : ਵੱਖ-ਵੱਖ ਕੋਰਸਾਂ ਦੇ ਦਾਖ਼ਲਾ ਟੈਸਟਾਂ ਦੀ ਤਾਰੀਖ਼ ਇਕੋ ਦਿਨ ਹੋਣ ਕਾਰਨ ਉਲਝੇ ਵਿਦਿਆਰਥੀ, ਕੀਤੀ ਇਹ ਮੰਗ

PunjabKesari

ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਬੂਟਾ ਸਿੰਘ ਦਾ ਤਕਰੀਬਨ 5 ਸਾਲ ਪਹਿਲਾਂ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਸੀ ਅਤੇ ਉਹ ਆਪਣੀ ਬੇਟੀ ਨਾਲ ਪਿੰਡ ਚੜਿੱਕ ਵਿਖੇ ਰਹਿ ਰਿਹਾ ਸੀ। ਉਸ ਦੀ ਬੇਟੀ ਕੈਨੇਡਾ ’ਚ ਹੈ, ਜਦਕਿ ਉਸ ਦਾ ਇਕ ਬੇਟਾ ਆਪਣੀ ਮਾਂ ਨਾਲ ਰਹਿ ਰਿਹਾ ਹੈ। ਜਦੋਂ ਇਸ ਸਬੰਧ ’ਚ ਡੀ.ਐੱਸ.ਪੀ. ਸਿਟੀ ਦਮਨਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣ ਤੋਂ ਇਲਾਵਾ ਮੋਬਾਈਲ ਫੋਨ ਲੋਕੇਸ਼ਨਾਂ ਦੀ ਵੀ ਜਾਂਚ ਕਰ ਰਹੇ ਹਨ ਅਤੇ ਫਿੰਗਰ ਪ੍ਰਿੰਟ ਮਾਹਿਰ ਵੀ ਆਪਣੇ ਕੰਮ ’ਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸਾਨੂੰ ਕਈ ਜਾਣਕਾਰੀਆਂ ਮਿਲ ਰਹੀਆਂ ਹਨ, ਜਿਨ੍ਹਾਂ ਦੇ ਆਧਾਰ ’ਤੇ ਪੁਲਸ ਕਾਤਲਾਂ ਤੱਕ ਪਹੁੰਚਣ ਦਾ ਯਤਨ ਕਰ ਰਹੀ ਹੈ, ਜਲਦ ਹੀ ਕਤਲ ਦਾ ਮਾਮਲਾ ਬੇਨਕਾਬ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਬੂਟਾ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ।


Manoj

Content Editor

Related News