ਮੋਗਾ ''ਚ ਵਰਤ ਵਾਲਾ ਆਟਾ ਖਾਣ ਨਾਲ 8 ਲੋਕ ਹੋਏ ਬਿਮਾਰ
Saturday, Oct 24, 2020 - 07:18 PM (IST)
ਮੋਗਾ, (ਗੋਪੀ ਰਾਊਕੇ)- ਮੋਗਾ 'ਚ ਨਵਰਾਤਿਆਂ ਕੁੱਟੂ ਦੇ ਆਟੇ ਦੀ ਰੋਟੀ ਖਾਣ ਨਾਲ ਅਚਾਨਕ ਲੰਘੀ ਰਾਤ 8 ਵਿਅਕਤੀ ਬਿਮਾਰ ਹੋ ਗਏ ਅਤੇ ਜਿਨ੍ਹਾਂ ਨੂੰ ਅਚਾਨਕ ਉਲਟੀਆਂ, ਘਬਰਾਹਟ, ਬਲੱਡ ਪ੍ਰੈਸ਼ਰ ਘਟਣ, ਟੱਟੀਆਂ ਅਤੇ ਸਿਰਦਰਦ ਸਮੇਤ ਹੋਰ ਸਮੱਸਿਆਵਾਂ ਆਉਣ ਕਰ ਕੇ ਤੁਰੰਤ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਉਣਾ ਪਿਆ। ਪਤਾ ਲੱਗਾ ਹੈ ਕਿ ਮੋਗਾ ਦੀ ਮਸ਼ਹੂਰ ਗਣੇਸ਼ ਭੋਗ ਫੈਕਟਰੀ ਦੁਆਰਾ ਤਿਅਰ ਵਰਤ ਵਾਲੇ ਆਟੇ ਦੀ ਰੋਟੀਆਂ ਖਾਣ ਮਗਰੋਂ ਹੀ ਇਹ ਲੋਕ ਅਚਾਨਕ ਬਿਮਾਰੀਆਂ ਦੀ ਲਪੇਟ ਵਿਚ ਆ ਗਏ। ਪੀੜਤ ਲੋਕਾਂ 'ਚ ਇਕ ਪੱਤਰਕਾਰ ਦੇ ਪਰਿਵਾਰ ਦੇ ਇਲਾਵਾ ਹੋਰ ਲੋਕ ਵੀ ਸ਼ਾਮਲ ਹਨ। ਇਹ ਮਾਮਲਾ ਸ਼ਹਿਰ ਵਿਚ ਬੇਪਰਦ ਹੋਣ ਮਗਰੋਂ ਅੱਜ ਜ਼ਿਲਾ ਫੂਡ ਸੈਫਟੀ ਵਿਭਾਗ ਦੀ ਟੀਮ ਵਲੋਂ ਫੈਕਟਰੀ ਵਿਚ ਛਾਪਾਮਾਰੀ ਕਰ ਕੇ ਉਸ ਵਿਚੋਂ ਆਟੇ ਦੇ ਸੈਂਪਲ ਵੀ ਲਏ ਗਏ ਹਨ। ਵਿਭਾਗ ਦੀ ਟੀਮ ਵਲੋਂ ਫੂਡ ਇੰਸਪੈਕਟਰ ਜਤਿੰਦਰ ਸਿੰਘ ਦੀ ਅਗਵਾਈ ਹੇਠ ਆਟਾ, ਚਨੇ ਦਾ ਆਟਾ, ਸੇਵੀਆਂ, ਦਲੀਆ ਆਦਿ ਦੇ ਨਮੂਨੇ ਲਏ ਗਏ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਨੂੰ ਸਿਕਾਇਤ ਮਿਲੀ ਸੀ ਕਿ ਵਰਤ ਵਾਲਾ ਆਟਾ ਖਾਣ ਨਾਲ ਲੋਕ ਬਿਮਾਰ ਹੋਏ ਹਨ ਅਤੇ ਇਸ ਲਈ ਹੀ ਖਾਣ ਪੀਣ ਵਾਲੀਆਂ ਵਸਤਾਂ ਦੇ ਸੈਂਪਲ ਲਏ ਗਏ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਚੰਡੀਗੜ ਲੈਬਾਰਟਰੀ ਵਿਚ ਸੈਂਪਲ ਭੇਜੇ ਜਾ ਰਹੇ ਹਨ। ਦੂਜੇ ਪਾਸੇ ਸਿਵਲ ਹਸਪਤਾਲ ਵਿਚ ਦਾਖਲ ਵਿਅਕਤੀਆਂ ਨੇ ਕਿਹਾ ਕਿ ਆਟਾ ਖਾਣ ਮਗਰੋਂ ਉਨ੍ਹਾਂ ਨੂੰ ਦਸਤ ਉਲਟੀਆਂ ਅਤੇ ਪੇਟ ਦਰਦ ਦੀ ਸ਼ਿਕਾਇਤ ਹੋ ਗਈ ਅਤੇ ਬਲੱਡ ਪ੍ਰੈਸ਼ਰ ਘਟਣ ਕਾਰਣ ਸਮੱਸਿਆ ਹੋਰ ਵੀ ਗੰਭੀਰ ਹੋ ਗਈ। ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਪੀੜਤਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਫੈਕਟਰੀ ਮਾਲਕ ਨੇ ਇਸ ਮਾਮਲੇ ਸਬੰਧੀ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਤੇ ਕੁਝ ਵੀ ਨਹੀਂ ਕਹਿਣਾ ਚਾਹੁੰਦੇ।
ਫੈਕਟਰੀ ਮਾਲਕਾਂ ਨੂੰ ਸਪਲਾਈ ਕੀਤਾ ਆਟਾ ਤੁਰੰਤ ਵਾਪਸ ਕਰਵਾਉਣ ਦੇ ਨਿਰਦੇਸ਼
ਸਿਹਤ ਵਿਭਾਗ ਦੀ ਟੀਮ ਨੇ ਫੈਕਟਰੀ ਮਾਲਕਾਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਸਪਲਾਈ ਕੀਤਾ ਗਿਆ ਆਟਾ ਵਾਪਸ ਮੰਗਵਾ ਲੈਣ ਤਾਂ ਜੋ ਇਸ ਆਟੇ ਦਾ ਸੇਵਨ ਕਰਨ ਨਾਲ ਕੋਈ ਵੀ ਵਿਅਕਤੀ ਬਿਮਾਰੀਆਂ ਦੀ ਲਪੇਟ ਵਿਚ ਨਾ ਆਵੇ।
ਰਸੂਖਵਾਨਾਂ ਤੇ ਸਿਹਤ ਵਿਭਾਗ ਦੀ ਨਹੀਂ ਹੁੰਦੀ ਕਾਰਵਾਈ, ਆਮ ਦੁਕਾਨਦਾਰਾਂ ਨੂੰ ਤਿਉਹਾਰੀ ਮੌਸਮ 'ਚ ਬਣਾਇਆ ਜਾਂਦਾ ਨਿਸ਼ਾਨਾ
ਮੋਗਾ ਸ਼ਹਿਰ ਵਿਚ ਇਹ ਮਾਮਲਾ ਚਰਚਾ ਵਿਚ ਹੈ ਕਿ ਸਿਹਤ ਵਿਭਾਗ ਵਲੋਂ ਖਾਨਾਪੂਰਤੀ ਕਰਨ ਦੇ ਮਨੋਰਥ ਨਾਲ ਮੋਗਾ ਸ਼ਹਿਰ ਦੇ ਵੱਡੇ ਹੋਟਲ ਅਤੇ ਹੋਰ ਖਾਣ ਪੀਣ ਵਾਲੀਆਂ ਵੱਡੀਆਂ ਦੁਕਾਨਾਂ ਤੋਂ ਕਦੇ ਵੀ ਗੁਣਵੱਤਾ ਸਬੰਧੀ ਨਮੂਨੇ ਨਹੀਂ ਲਏ ਜਾਂਦੇ ਅਤੇ ਤਿਉਹਾਰੀ ਮੌਸਮ ਦੌਰਾਨ ਆਮ ਦੁਕਾਨਦਾਰਾਂ ਨੂੰ ਹੀ ਨਿਸ਼ਾਨਾ ਬਣਾਇਆਜਾਂਦਾ ਹੈ। ਮੋਗਾ ਵਿਖੇ ਆਟਾ ਫੈਕਟਰੀ ਵਿਚੋਂ ਘਟਨਾ ਵਾਪਰਨ ਤੋਂ ਬਾਅਦ ਲਏ ਗਏ ਨਮੂਨੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਵਿਭਾਗ ਵਲੋਂ ਸਮੇਂ ਸਿਰ ਵੱਡੇ ਦੁਕਾਨਦਾਰਾਂ ਤੇ ਕਾਰਵਾਈ ਨਹੀਂ ਕੀਤੀ ਜਾਂਦੀ। ਹੁਣ ਦੇਖਣਾ ਹੈ ਕਿ ਸ਼ਹਿਰੀਆਂ ਨੂੰ ਬਚਾਉਣ ਲਈ ਵਿਭਾਗ ਨਿਰਪੱਖਤਾ ਨਾਲ ਕਾਰਵਾਈ ਕਰਦਾ ਹੈ ਜਾਂ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਵਰਤਾਰਾ ਇਸ ਤਰ੍ਹਾਂ ਚੱਲਦਾ ਰਹੇਗਾ।