ਮਾਮਲਾ ਬੈਂਕਾਂ ਤੋਂ ਖਾਲੀ ਚੈੱਕ ਵਾਪਸ ਲੈਣ ਦਾ
Thursday, Mar 28, 2019 - 03:27 AM (IST)
ਮੋਗਾ (ਗੋਪੀ ਰਾਊਕੇ)-ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਐਂਡ ਸਿੰਧ ਬੈਂਕ ਜੀ. ਟੀ. ਰੋਡ ਬ੍ਰਾਂਚ ਮੋਗਾ ਦੇ ਬਾਹਰ ਕਿਸਾਨਾਂ ਤੋਂ ਕਰਜ਼ਾ ਦੇਣ ਸਮੇਂ ਲਏ ਹੋਏ ਖਾਲੀ ਚੈੱਕ ਤੇ ਬੈਂਕ ਵੱਲੋਂ ਕੀਤੇ ਹੋਏ ਕੇਸ ਵਾਪਸ ਕਰਵਾਉਣ ਲਈ ਰੋਸ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਛਿੰਦਰ ਸਿੰਘ ਝੰਡੇਆਣਾ ਨੇ ਕਿਹਾ ਕਿ ਬੈਂਕਾਂ ਵੱਲੋਂ ਖਾਲੀ ਚੈੱਕ ਕਿਸਾਨਾਂ ਤੋਂ ਗੈਰ-ਕਾਨੂੰਨੀ ਲਏ ਗਏ ਹਨ ਪਰ ਹਾਈ ਕੋਰਟ ਨੇ ਬੈਂਕਾਂ ਨੂੰ ਹਦਾਇਤ ਦਿੱਤੀ ਹੈ ਕਿ ਸਾਰੇ ਚੈੱਕ ਵਾਪਸ ਕੀਤੇ ਜਾਣ ਅਤੇ ਕੀਤੇ ਹੋਏ ਕੇਸ ਵਾਪਸ ਲਏ ਜਾਣ। ਹਾਈ ਕੋਰਟ ਦੀ ਹਦਾਇਤ ਦੇ ਬਾਵਜੂਦ ਬੈਂਕਾਂ ਚੈੱਕ ਵਾਪਸ ਕਰਨ ਤੋਂ ਆਨਾਕਾਨੀ ਕਰਦੀਆਂ ਹਨ, ਜਿਸ ਕਾਰਨ ਕਿਸਾਨਾਂ ਨੂੰ ਮਜਬੂਰੀਵੱਸ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਮੌਕੇ ਜ਼ਿਲਾ ਆਗੂ ਬਲਕਰਨ ਸਿੰਘ ਵੈਰੋਕੇ, ਪ੍ਰਗਟ ਸਿੰਘ ਸਾਫੁੂਵਾਲਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰ ਸੱਤਾ ’ਚ ਆ ਕੇ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਸਿਰਫ 100 ਕਰੋਡ਼ ਦਾ ਕਰਜ਼ਾ ਮੁਆਫ ਕੀਤਾ ਹੈ, ਜੋ ਕਿ ਕਿਸਾਨਾਂ ਦਾ ਸਮੁੱਚਾ ਕਰਜ਼ਾ 90 ਕਰੋਡ਼ ਹੈ। ਇਸ ਗੱਲ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਨੇ ਫਾਈਲਾਂ ਤੋਂ ਮਿੱਟੀ ਝਾਡ਼ਨ ਦਾ ਕੰਮ ਕੀਤਾ ਹੈ, ਜੇਕਰ ਜਲਦੀ ਚੈੱਕ ਵਾਪਸ ਨਾ ਕੀਤੇ ਤਾਂ ਕਿਸਾਨ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ। ਇਸ ਸਮੇਂ ਮੋਹਨ ਸਿੰਘ ਡਾਲਾ, ਬਿੰਦਰ ਸਿੰਘ ਤਖਾਣਵੱਧ, ਲਖਬੀਰ ਸਿੰਘ ਹਰੀਏਵਾਲਾ, ਨਛੱਤਰ ਸਿੰਘ ਸਮਾਲਸਰ, ਕੁਲਦੀਪ ਸਿੰਘ ਰੋਡੇ ਖੁਰਦ, ਬਲਜੀਤ ਸਿੰਘ ਡਗਰੂ, ਰਾਮ ਸਿੰਘ ਮਾਹਲਾ ਕਲਾਂ, ਅਮਰਜੀਤ ਸਿੰਘ, ਸੁਰਜੀਤ ਸਿੰਘ, ਨੇਤਰਪਾਲ ਸਿੰਘ ਆਦਿ ਹਾਜ਼ਰ ਸਨ।
