ਸਮੇਂ ਦੀਆਂ ਸਰਕਾਰਾਂ ਕਿਸਾਨੀ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੋਣ : ਦੀਨਾ

Friday, Feb 22, 2019 - 03:56 AM (IST)

ਸਮੇਂ ਦੀਆਂ ਸਰਕਾਰਾਂ ਕਿਸਾਨੀ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੋਣ : ਦੀਨਾ
ਮੋਗਾ (ਚਟਾਨੀ)-ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸਾਹਿਬ ਮੁਗਲੂ ਪੰਤੀ ਵਿਖੇ ਜ਼ਿਲਾ ਪ੍ਰਧਾਨ ਜਸਵੰਤ ਸਿੰਘ ਜੈਮਲਵਾਲਾ ਅਤੇ ਮੀਤ ਪ੍ਰਧਾਨ ਪੰਜਾਬ ਪ੍ਰੀਤਮ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਨੂੰ ਜ਼ਿਲਾ ਪ੍ਰੈੱਸ ਸਕੱਤਰ ਮੁਖਤਿਆਰ ਸਿੰਘ ਦੀਨਾਂ ਨੇ ਸੰਬੋਧਨ ਕੀਤਾ। ਮੁਖਤਿਆਰ ਸਿੰਘ ਦੀਨਾ ਨੇ ਕਿਹਾ ਕਿ ਪਹਿਲਾਂ ਕੈਪਟਨ ਸਰਕਾਰ ਨੇ ਕਿਸਾਨਾਂ ਨੂੰ ਸਮੁੱਚਾ ਕਰਜਾ ਮੁਆਫ ਕਰਨ ਦਾ ਲਾਰਾ ਲਾਇਆ, ਉਹ ਵੀ ਜ਼ਿਆਦਾ ਕਰ ਕੇ ਵੱਡੇ ਜਿੰਮੀਦਾਰਾਂ ਦੇ ਹਿੱਸੇ ਆਇਆ ਕਿਉਂਕਿ ਵੱਡੇ ਜਿੰਮੀਦਾਰਾਂ ਨੇ ਹੀ ਆਪਣੇ ਪੁੱਤਰਾਂ ਦੇ ਨਾਮ ਦੋ-ਦੋ, ਤਿੰਨ ਏਕਡ਼ ਜ਼ਮੀਨ ਕਰਵਾ ਛੱਡੀ ਸੀ। ਛੋਟੇ ਜਾਂ ਦਰਮਿਆਨੇ ਕਿਸਾਨਾਂ ਨੂੰ ਉਸਦਾ ਕੋਈ ਫਾਇਦਾ ਨਹੀਂ ਹੋਇਆ। ਹੁਣ ਇਸੇ ਤਰਜ ’ਤੇ ਮੋਦੀ ਸਰਕਾਰ ਦੇ ਦੋ ਹੈਕਟੇਅਰ ਦੀ ਮਾਲਕੀ ਦੇ ਕਿਸਾਨਾਂ ਦੇ ਖਾਤੇ 6000/ ਰੁਪਏ ਸਾਲਾਨਾ ਪਾਉਣ ਦਾ ਲਾਰਾ ਲਾ ਕੇ ਵੋਟਾਂ ਬਟੋਰਨ ਦੀ ਸਕੀਮ ਘਡ਼ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਇਸ ਨੂੰ ਮੁੱਢੋਂ ਨਕਾਰਦੇ ਹੋਏ ਸਮੁੱਚਾ ਕਰਜ਼ਾ ਮੁਆਫ ਕਰਨ ਦੀ ਮੰਗ ਕਰਦੀ ਹੈ। ਨਾਲ ਹੀ ਸਵਾਮੀਨਾਥਨ ਦੀ ਰਿਪੋਰਟ ਪੂਰਨ ਰੂਪ ’ਚ ਲਾਗੂ ਕਰਨ ਦੀ ਮੰਗ ਕਰਦੀ ਹੈ। ਸਾਰੀਆਂ ਫਸਲਾਂ ਦੇ ਭਾਅ ਸੂਚਕ ਅੰਕ ਨਾਲ ਜੋਡ਼ ਕੇ ਉਸੇ ਅਨੁਸਾਰ ਫਸਲਾਂ ਦੀ ਖਰੀਦ ਯਕੀਨੀ ਬਣਾਈ ਜਾਵੇ। ਦੂਜੇ ਮਤੇ ’ਚ ਪੰਜਾਬ ਸਰਕਾਰ ਨੂੰ ਬੇਸਹਾਰਾ ਗਊਆਂ ਅਤੇ ਆਵਾਰਾ ਕੁੱਤਿਆਂ ਦਾ ਠੋਸ ਹੱਲ ਕਰਨ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਗਿਆ। ਇਸ ਸਬੰਧੀ ਕਿਸਾਨ ਯੂਨੀਅਨ 4-4 ਜ਼ਿਲਿਆਂ ਦੀਆਂ ਇਕੱਠੀਆਂ ਮੀਟਿੰਗਾਂ ਕਰ ਕੇ ਕਿਸਾਨਾਂ ਨੂੰ ਲਾਮਬੰਦ ਕਰ ਰਿਹਾ ਹੈ ਤਾਂ ਕਿ ਮਸਲਾ ਹੱਲ ਨਾ ਹੋਣ ਦੀ ਸੂਰਤ ’ਚ ਬੇਸਹਾਰਾ ਗਊਆਂ ਅਤੇ ਅਵਾਰਾ ਕੁੱਤਿਆਂ ਨੂੰ ਇਕੱਠਾ ਕਰ ਕੇ ਮਾਰਚ ਮਹੀਨੇ ਚੰਡੀਗਡ਼੍ਹ ਵਿਖੇ ਮੁੱਖ ਮੰਤਰੀ ਦੀ ਕੋਠੀ ਅੱਗੇ ਛੱਡਿਆ ਜਾਵੇ। ਮੀਟਿੰਗ ’ਚ ਮਨਜੀਤ ਸਿੰਘ ਖੋਟੇ ਪ੍ਰਧਾਨ ਨਿਹਾਲ ਸਿੰਘ ਵਾਲਾ, ਸੇਵਕ ਸਿੰਘ, ਸੁਖਦੇਵ ਸਿੰਘ ਘੋਲੀਆ, ਚੰਦ ਸਿੰਘ, ਦਰਸ਼ਨ ਸਿੰਘ, ਮਹਿੰਦਰ ਸਿੰਘ, ਜਿੰਦਰ ਸਿੰਘ, ਬਲਵਿੰਦਰ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।

Related News