ਕਰੀਬ 43 ਲੱਖ ਰੁਪਏ ਦੀ ਲਾਗਤ ਨਾਲ ਜ਼ਿਲੇ ਦੀਆਂ 5 ਡਰੇਨਾਂ ਦੀ ਕਰਵਾਈ ਜਾਵੇਗੀ ਸਾਫ-ਸਫਾਈ : ਏ. ਡੀ. ਸੀ

Friday, Jan 18, 2019 - 09:26 AM (IST)

ਕਰੀਬ 43 ਲੱਖ ਰੁਪਏ ਦੀ ਲਾਗਤ ਨਾਲ ਜ਼ਿਲੇ ਦੀਆਂ 5 ਡਰੇਨਾਂ ਦੀ ਕਰਵਾਈ ਜਾਵੇਗੀ ਸਾਫ-ਸਫਾਈ : ਏ. ਡੀ. ਸੀ
ਮੋਗਾ (ਚਟਾਨੀ, ਅਜੈ)-ਡਿਪਟੀ ਕਮਿਸ਼ਨਰ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਉਣ ਵਾਲੇ ਬਰਸਾਤਾਂ ਦੇ ਮੌਸਮ ਨੂੰ ਮੁੱਖ ਰੱਖਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਜੇ ਸੂਦ ਵੱਲੋਂ ਦੌਰਾ ਕਰ ਕੇ ਜ਼ਿਲੇ ਦੇ ਪਿੰਡਾਂ ਕਾਲੇਕੇ, ਘੋਲੀਆ, ਲੰਗੇਆਣਾ ਅਤੇ ਮਾਹਲਾ ਖੁਰਦ ਕੋਲੋਂ ਲੰਘਦੀਆਂ ਪੰਜ ਡਰੇਨਾਂ ਦਾ ਜਾਇਜ਼ਾ ਲਿਆ ਗਿਆ। ਅਜੇ ਸੂਦ ਨੇ ਦੱਸਿਆ ਕਿ ਇਨ੍ਹਾਂ 43.07 ਕਿਲੋਮੀਟਰ ਦੀ ਲੰਬਾਈ ਵਾਲੀਆਂ 5 ਡਰੇਨਾਂ ਦੀ ਸਾਫ-ਸਫਾਈ ਕਰਵਾਉਣ ’ਤੇ 43 ਲੱਖ 24 ਹਜ਼ਾਰ 983 ਰੁਪਏ ਖਰਚ ਆਉਣਗੇ। ਇਸ ਮੌਕੇ ਉਨ੍ਹਾਂ ਨਾਲ ਉਪ ਮੰਡਲ ਮੈਜਿਸਟ੍ਰੇਟ ਬਾਘਾਪੁਰਾਣਾ ਸਵਰਨਜੀਤ ਕੌਰ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਬਾਘਾਪੁਰਾਣਾ ਅਮਿਤ ਕੁਮਾਰ, ਡਰੇਨਜ਼ ਵਿਭਾਗ ਦੇ ਐੱਸ. ਡੀ. ਓ. ਬਿਪਨਦੀਪ ਸਿੰਘ ਤੇ ਜਗਸੀਰ ਸਿੰਘ ਅਤੇ ਜੂਨੀਅਰ ਇੰਜੀਨੀਅਰ ਕਰਮਵੀਰ ਸਿੰਘ ਵੀ ਮੌਜੂਦ ਸਨ।ਸ੍ਰੀ ਅਜੇ ਸੂਦ ਨੇ ਦੱਸਿਆ ਕਿ ਜ਼ਿਲੇ ਦੇ ਪਿੰਡਾਂ ਕਾਲੇਕੇ, ਘੋਲੀਆ, ਲੰਗੇਆਣਾ ਅਤੇ ਮਾਹਲਾ ਖੁਰਦ ਕੋਲੋਂ ਲੰਘਦੀਆਂ ਇਨ੍ਹਾਂ ਡਰੇਨਾਂ ਦੀ ਸਫਾਈ ਨਾ ਹੋਣ ਕਾਰਨ ਬਰਸਾਤੀ ਮੌਸਮ ਦੌਰਾਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਉਨ੍ਹਾਂ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਉਣ ਵਾਲੇ ਬਰਸਾਤ ਦੇ ਮੌਸਮ ਨੂੰ ਮੱਦੇਨਜ਼ਰ ਰੱਖਦਿਆਂ ਡਰੇਨਾਂ ਦੀ ਸਫਾਈ ’ਚ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤੀ ਜਾਵੇ ਤੇ ਸਫਾਈ ਦੇ ਕੰਮ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਜਿਥੇ ਕਿਤੇ ਡਰੇਨਾਂ ਦੇ ਕਿਨਾਰਿਆਂ ’ਤੇ ਮਿੱਟੀ ਆਦਿ ਪਾਉਣ ਦੀ ਲੋਡ਼ ਹੈ, ਉਥੇ ਵੀ ਪਹਿਲ ਦੇ ਆਧਾਰ ’ਤੇ ਮਿੱਟੀ ਪਾਈ ਜਾਵੇ ਤੇ ਲੋਡ਼ੀਂਦੇ ਸੁਚੱਜੇ ਅਗਾਊ ਪ੍ਰਬੰਧ ਕੀਤੇ ਜਾਣ। ਇਸ ਮੌਕੇ ਡਰੇਨਜ਼ ਵਿਭਾਗ ਦੇ ਐੱਸ. ਡੀ. ਓ. ਬਿਪਨਦੀਪ ਸਿੰਘ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਆਉਣ ਵਾਲੇ ਬਰਸਾਤੀ ਸੀਜ਼ਨ ਤੋਂ ਪਹਿਲਾਂ ਮਗਨਰੇਗਾ ਅਤੇ ਪੋਕਲੇਨ ਮਸ਼ੀਨਾਂ ਰਾਹੀ ਇਨ੍ਹਾਂ ਡਰੇਨਾਂ ਦੀ ਸਾਫ-ਸਫਾਈ ਕਰਵਾਉਣ ਦਾ ਯਕੀਨ ਦਿਵਾਇਆ, ਤਾਂ ਜੋ ਇਲਾਕੇ ਦੇ ਲੋਕਾਂ ਨੂੰ ਪਾਣੀ ਦੀ ਨਿਕਾਸੀ ਸਬੰਧੀ ਕੋਈ ਸਮੱਸਿਆ ਨਾ ਆਵੇ।

Related News