ਮੋਗਾ ਦੇ ਥਾਣਾ ਸਿਟੀ ਸਾਊਥ ਦੇ ਮੇਜ਼ ''ਤੇ ਸ਼ਰਾਬ ਦੀਆਂ ਬੋਤਲਾਂ ਦੀ ਵੀਡੀਓ ਵਾਇਰਲ ਹੋਣ ਮਗਰੋਂ ਪਿਆ ''ਰੱਫੜ''

Wednesday, Apr 29, 2020 - 10:04 AM (IST)

ਮੋਗਾ ਦੇ ਥਾਣਾ ਸਿਟੀ ਸਾਊਥ ਦੇ ਮੇਜ਼ ''ਤੇ ਸ਼ਰਾਬ ਦੀਆਂ ਬੋਤਲਾਂ ਦੀ ਵੀਡੀਓ ਵਾਇਰਲ ਹੋਣ ਮਗਰੋਂ ਪਿਆ ''ਰੱਫੜ''

ਮੋਗਾ (ਗੋਪੀ ਰਾਊਕੇ): ਮੋਗਾ ਦੇ ਥਾਣਾ ਸਿਟੀ ਸਾਊਥ ਦੇ ਪੁਲਸ ਮੁਲਾਜ਼ਮਾਂ ਵਲੋਂ ਕਥਿਤ ਤੌਰ 'ਤੇ ਸ਼ਰਾਬ ਦੇ ਨਜ਼ਾਰੇ ਲੈਣ ਦੀ ਵੀਡੀਓ ਵਾਇਰਲ ਹੋਈ ਹੈ, ਅਤਿ ਭਰੋਸੇਯੋਗ ਸੂਤਰਾਂ ਦਾ ਦੱਸਣਾ ਹੈ ਕਿ ਇਹ ਮਾਮਲਾ ਉਦੋਂ ਬੇਪਰਦ ਹੋਣ ਦਾ ਸ਼ੰਕਾ ਹੈ ਜਦੋਂ ਸ਼ਹਿਰ ਦਾ ਇਕ ਨੌਜਵਾਨ ਆਪਣੇ ਨਾਲ ਕਥਿਤ ਤੌਰ 'ਤੇ ਹੋਈ ਜਿਆਦਤੀ ਦੇ ਮਾਮਲੇ 'ਚ ਪੁਲਸ ਨੂੰ ਸ਼ਿਕਾਇਤ ਪੱਤਰ ਦੇਣ ਆਇਆ ਸੀ ਪਰ ਪੁਲਸ ਪ੍ਰਸ਼ਾਸਨ ਵਲੋਂ ਕਥਿਤ ਤੌਰ 'ਤੇ ਨੌਜਵਾਨ ਦੀ ਸ਼ਕਾਇਤ ਸੁਣਨ ਦੀ ਬਜਾਏ ਪਟਿਆਲਾ 'ਪੈਗ' ਲਗਾ ਕੇ ਮਸਤੀ ਕਰਨ ਨੂੰ ਹੀ ਤਰਜ਼ੀਹ ਦਿੱਤੀ। ਨੌਜਵਾਨ ਨਾਲ ਕਥਿਤ ਤੌਰ 'ਤੇ ਹੋ ਰਹੀ ਧੱਕੇਸ਼ਾਹੀ ਸਬੰਧੀ ਜਦੋਂ ਮੀਡੀਆ ਮਾਮਲੇ ਦੀ ਰਿਪੋਰਟ ਇਕੱਤਰ ਕਰਨ ਲਈ ਥਾਣੇ ਪੁੱਜਾ ਤਾਂ ਇਸ ਦੀ ਭਿਣਕ ਪੁਲਸ ਮੁਲਾਜ਼ਮਾ ਨੂੰ ਪੈ ਗਈ ਤਾਂ ਉਹ ਮੇਜ਼ 'ਤੇ ਹੀ ਸ਼ਰਾਬ ਦੀਆਂ ਬੋਤਲਾਂ ਛੱਡ ਕੇ ਪਾਸੇ ਹੋ ਗਏ।

ਦੱਸਣਾ ਬਣਦਾ ਹੈ ਕਿ ਸਿਹਤ ਵਿਭਾਗ ਵਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਪਹਿਲਾ ਹੀ ਲੋਕਾਂ ਨੂੰ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ, ਕਿਉਂਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਨਸ਼ੇ ਨਾਲ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸਰੀਰਕ ਸਮਰੱਥਾ ਘੱਟ ਹੁੰਦੀ ਹੈ। ਪਤਾ ਲੱਗਾ ਹੈ ਕਿ ਇਸ ਮਾਮਲੇ ਦੀ ਵੀਡੀਓ ਸਾਹਮਣੇ ਆਉਣ ਮਗਰੋ ਥਾਣਾ ਸਿਟੀ ਸਾਊਥ ਵਿਚ ਹੜਕੰਪ ਮੱਚ ਗਿਆ ਹੈ। ਇਸੇ ਦੌਰਾਨ ਹੀ ਦੌਰਾਨ ਰਾਤ ਵੇਲੇ ਡਿਊਟੀ 'ਤੇ ਤਾਇਨਾਤ ਸਹਾਇਕ ਥਾਣੇਦਾਰ ਨਿਰਮਲ ਸਿੰਘ ਦਾ ਕਹਿਣਾ ਸੀ ਕਿ ਉਹ ਰੋਟੀ ਖਾ ਰਹੇ ਸਨ ਉਨ੍ਹਾਂ ਨੂੰ ਨਹੀਂ ਪਤਾ ਕੌਣ ਸ਼ਰਾਬ ਪੀ ਰਿਹਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਕਈ ਵਾਰ ਮੁਲਾਜ਼ਮਾਂ ਨੂੰ ਕਿਹਾ ਹੈ ਕਿ ਮੇਰੇ ਡਿਊਟੀ ਵੇਲੇ ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਵੇਗੀ।


author

Shyna

Content Editor

Related News