ਮੋਗਾ ’ਚ ਪਹਿਲੀ ਵਾਰ ਹੋਵੇਗੀ ਭਾਰਤੀ ਫੌਜ ਲਈ ਭਰਤੀ ਰੈਲੀ, ਇਨ੍ਹਾਂ ਚਾਰ ਜ਼ਿਲ੍ਹਿਆਂ ਦੇ ਨੌਜਵਾਨ ਲੈ ਸਕਣਗੇ ਹਿੱਸਾ

Wednesday, Sep 29, 2021 - 05:02 PM (IST)

ਮੋਗਾ  (ਬਿਊਰੋ): ਡਿਪਟੀ ਕਮਿਸ਼ਨਰ ਸੰਦੀਪ ਹੰਸ ਵੱਲੋਂ ਜ਼ਿਲ੍ਹਾ ਮੋਗਾ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਨੌਕਰੀਆਂ ਦੇ ਮੌਕੇ ਮੁਹੱਈਆ ਕਰਾਉਣ ਲਈ ਵਿੱਢੇ ਉਪਰਾਲਿਆਂ ਨੂੰ ਉਸ ਵੇਲੇ ਬੂਰ ਪਿਆ ਜਦੋਂ ਭਾਰਤੀ ਫੌਜ ਨੇ ਪਹਿਲੀ ਵਾਰ ਜ਼ਿਲ੍ਹਾ ਮੋਗਾ ਦੀ ਧਰਤੀ 'ਤੇ ਭਰਤੀ ਰੈਲੀ ਰੱਖਣ ਲਈ ਹਾਮੀ ਭਰ ਦਿੱਤੀ। ਇਹ ਭਰਤੀ ਰੈਲੀ ਸ਼ਹਿਰ ਮੋਗਾ ਵਿੱਚ ਦਸੰਬਰ 2021 ਵਿੱਚ ਹੋਵੇਗੀ।

ਇਹ ਵੀ ਪੜ੍ਹੋ : ਕਿਉਂ ਦਿੱਤਾ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ, ਜਾਣੋ ਪੂਰਾ ਮਾਮਲਾ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਮੋਗਾ ਵਰਗੇ ਦਿਹਾਤੀ ਜ਼ਿਲ੍ਹੇ ਵਿੱਚ ਇੰਨੀ ਵੱਡੀ ਭਰਤੀ ਰੈਲੀ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿੱਚ ਚਾਰ ਜ਼ਿਲ੍ਹਿਆਂ ਮੋਗਾ, ਲੁਧਿਆਣਾ, ਰੂਪਨਗਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਨੌਜਵਾਨ ਭਾਗ ਲੈ ਸਕਣਗੇ। ਇਸ ਰੈਲੀ ਦੌਰਾਨ 1500 ਤੋਂ ਵਧੇਰੇ ਨੌਜਵਾਨਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਕੀਤਾ ਜਾਵੇਗਾ। ਇਸ ਰੈਲੀ ਦੀਆਂ ਤਰੀਕਾਂ ਦਾ ਐਲਾਨ ਜਲਦ ਕਰ ਦਿੱਤਾ ਜਾਵੇਗਾ। ਆਨਲਾਈਨ ਅਪਲਾਈ ਕਰਨ ਲਈ ਪੋਰਟਲ ਜਲਦ ਹੀ ਖੁੱਲ੍ਹੇਗਾ।ਸੰਦੀਪ ਹੰਸ ਨੇ ਦੱਸਿਆ ਕਿ ਹੁਣ ਤੱਕ ਅਜਿਹੀਆਂ ਭਰਤੀ ਰੈਲੀਆਂ ਵੱਡੇ ਜ਼ਿਲ੍ਹਿਆਂ ਵਿੱਚ ਹੀ ਹੁੰਦੀਆਂ ਆਈਆਂ ਹਨ, ਜਿਸ ਕਾਰਨ ਮੋਗਾ ਵਰਗੇ ਜ਼ਿਲ੍ਹੇ ਦੇ ਨੌਜਵਾਨ ਇਸ ਦਾ ਪੂਰਾ ਲਾਭ ਨਹੀਂ ਲੈ ਸਕਦੇ ਸਨ। ਇਸੇ ਕਰਕੇ ਹੀ ਇਹ ਰੈਲੀ ਜ਼ਿਲ੍ਹਾ ਮੋਗਾ ਵਿੱਚ ਕਰਾਉਣ ਲਈ ਭਾਰਤੀ ਫੌਜ ਨਾਲ ਰਾਬਤਾ ਕਾਇਮ ਕੀਤਾ ਗਿਆ ਸੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਰੈਲੀ ਨੂੰ ਸਫ਼ਲ ਕਰਨ ਲਈ ਭਾਰਤੀ ਫੌਜ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ’ਚ ਦਿਨ-ਦਿਹਾੜੇ ਹੋਈ ਗੈਂਗਵਾਰ, ਗੋਲੀਆਂ ਲੱਗਣ ਕਾਰਨ ਇਕ ਦੀ ਮੌਤ

ਉਨ੍ਹਾਂ ਜ਼ਿਲ੍ਹਾ ਮੋਗਾ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਰੈਲੀ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਹੁਣੇ ਤੋਂ ਹੀ ਤਿਆਰੀਆਂ ਖਿੱਚ ਲੈਣ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਲੁਹਾਰਾ ਸਥਿਤ ਫੱਕਰ ਬਾਬਾ ਦਾਮੂ ਸ਼ਾਹ ਆਰਮੀ ਟਰੇਨਿੰਗ ਅਕੈਡਮੀ ਵਿਖੇ ਸਿਖ਼ਲਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲਿਖ਼ਤੀ ਪ੍ਰੀਖਿਆ ਲਈ ਵੀ ਜਲਦ ਹੀ ਸਿਖ਼ਲਾਈ ਸ਼ੁਰੂ ਕਰਵਾ ਦਿੱਤੀ ਜਾਵੇ। ਉਨ੍ਹਾਂ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਖ਼ਲਾਈ ਲਈ ਲੁਹਾਰਾ ਅਕੈਡਮੀ ਜਾਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨਾਲ ਸੰਪਰਕ ਨੰਬਰ 6239266860 ਉਤੇ ਸੰਪਰਕ ਕਰ ਸਕਦੇ ਹਨ।

ਇਹ ਵੀ ਪੜ੍ਹੋ :  ਸਿੱਧੂ ਦੇ ਅਸਤੀਫ਼ੇ ’ਤੇ ਸੁਖਬੀਰ ਦਾ ਤੰਜ਼, ‘ਪਹਿਲਾਂ ਕੈਪਟਨ ਤੇ ਹੁਣ ਕਾਂਗਰਸ ’ਤੇ ਡਿੱਗੀ ਮਿਸਗਾਈਡ ਮਿਜ਼ਾਈਲ’


Shyna

Content Editor

Related News