ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਪਤੀ ਨੇ ਕਰਵਾਇਆ ਦੂਜਾ ਵਿਆਹ

09/01/2019 4:40:25 PM

ਮੋਗਾ (ਆਜ਼ਾਦ) - ਮੋਗਾ ਦੇ ਪਿੰਡ ਰੱਜੀਵਾਲਾ ਨਿਵਾਸੀ ਇਕ ਔਰਤ ਨੇ ਆਪਣੇ ਪਤੀ ’ਤੇ ਉਸ ਨੂੰ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾਉਣ ਅਤੇ ਦਾਜ ਲਈ ਕੁੱਟ-ਮਾਰ ਕਰ ਕੇ ਘਰੋਂ ਕੱਢਣ ਦਾ ਦੋਸ਼ ਲਾਏ ਹਨ। ਕੋਟ ਈਸੇ ਖਾਂ ਦੀ ਪੁਲਸ ਨੇ ਪੀਡ਼ਤਾ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਬੂਟਾ ਸਿੰਘ ਪੁੱਤਰ ਪ੍ਰੀਤਮ ਸਿੰਘ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ, ਜਿਸ ਦੀ ਅਗੇਲੇਰੀ ਜਾਂਚ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ। ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਪੀਡ਼ਤਾ ਨੇ ਕਿਹਾ ਕਿ ਉਸ ਦਾ ਵਿਆਹ ਕਰੀਬ 10 ਸਾਲ ਪਹਿਲਾਂ ਬੂਟਾ ਸਿੰਘ, ਜੋ ਅਕੈਡਮੀ ਚਲਾਉਂਦਾ ਸੀ, ਨਾਲ ਹੋਇਆ ਸੀ। ਵਿਆਹ ਸਮੇਂ ਮੇਰੇ ਮਾਪਿਆਂ ਨੇ ਹੈਸੀਅਤ ਅਨੁਸਾਰ ਦਾਜ ਦਿੱਤਾ ਪਰ ਮੇਰਾ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰ ਦਾਜ ਤੋਂ ਖੁਸ਼ ਨਹੀਂ ਸਨ। ਮੇਰਾ 10 ਸਾਲ ਦਾ ਇਕ ਬੇਟਾ ਹੈ।

ਪੀਡ਼ਤਾ ਨੇ ਦੋਸ਼ ਲਾਇਆ ਕਿ ਕਰੀਬ ਦੋ ਸਾਲ ਤੋਂ ਮੇਰੇ ਪਤੀ ਨੇ ਮੈਨੂੰ ਖਰਚਾ ਦੇਣਾ ਬੰਦ ਕਰ ਦਿੱਤਾ ਹੈ ਅਤੇ ਮਾਪਿਆਂ ਤੋਂ ਪੈਸੇ ਅਤੇ ਹੋਰ ਦਾਜ ਲਿਆਉਣ ਲਈ ਤੰਗ-ਪ੍ਰੇਸ਼ਾਨ ਕੀਤਾ ਜਾਂਦਾ। ਮੇਰੇ ਮਾਪਿਆਂ ਨੇ ਉਸ ਨੂੰ ਕਈ ਵਾਰ ਸਮਝਾਉਣ ਦਾ ਯਤਨ ਕੀਤਾ ਪਰ ਉਸ ਨੇ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਅਤੇ ਮੈਨੂੰ ਬੁਰੀ ਤਰ੍ਹਾਂ ਕੁੱਟ-ਮਾਰ ਕਰ ਕੇ ਘਰੋਂ ਕੱਢ ਦਿੱਤਾ। ਪੀਡ਼ਤਾ ਨੇ ਕਿਹਾ ਕਿ ਮੇਰੇ ਪਤੀ ਨੇ ਮੈਨੂੰ ਬਗੈਰ ਤਲਾਕ ਦਿੱਤੇ ਮੈਨੂੰ ਘਰੋਂ ਕੱਢਣ ਤੋਂ ਬਾਅਦ ਇਕ ਹੋਰ ਵਿਆਹ ਕਰਵਾ ਲਿਆ ਅਤੇ ਮੈਂ ਆਪਣੇ ਬੱਚੇ ਸਣੇ ਆਪਣੇ ਮਾਪਿਆਂ ਕੋਲ ਰਹਿਣ ਲਈ ਮਜਬੂਰ ਹਾਂ।

ਪਤੀ ਖਿਲਾਫ ਮਾਮਲਾ ਦਰਜ - ਜ਼ਿਲਾ ਪੁਲਸ ਮੁਖੀ ਦੇ ਹੁਕਮਾਂ ’ਤੇ ਇਸ ਦੀ ਜਾਂਚ ਡੀ.ਐੱਸ.ਪੀ. ਮੋਗਾ ਵੱਲੋਂ ਕੀਤੀ ਗਈ। ਜਾਂਚ ਸਮੇਂ ਜਾਂਚ ਅਧਿਕਾਰੀ ਨੇ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਦੇ ਬਾਅਦ ਪੀਡ਼ਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਉਸ ਦੇ ਪਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।


rajwinder kaur

Content Editor

Related News