ਮੋਗਾ ਵਾਪਰੇ ਹਾਦਸਿਆਂ ਦੌਰਾਨ 9 ਸਾਲਾ ਲੜਕੀ ਸਮੇਤ ਦੋ ਦੀ ਮੌਤ

Tuesday, Jan 10, 2023 - 05:18 PM (IST)

ਮੋਗਾ (ਅਜ਼ਾਦ) : ਮੋਗਾ ਜ਼ਿਲ੍ਹੇ ਅੰਦਰ ਵਾਪਰੇ ਵੱਖ-ਵੱਖ ਹਾਦਸਿਆਂ ਵਿਚ 9 ਸਾਲਾ ਲੜਕੀ ਸਮੇਤ ਦੋ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਜਾਣਕਾਰੀ ਦਿੰਦਿਆਂ ਥਾਣਾ ਕੋਟ ਈਸੇ ਖਾਂ ਦੇ ਸਹਾਇਕ ਥਾਣੇਦਾਰ ਜਗਮੋਹਨ ਸਿੰਘ ਨੇ ਦੱਸਿਆ ਕਿ ਦੀਪਕ ਕੁਮਾਰ ਨਿਵਾਸੀ ਪਿੰਡ ਪੱਤੜੀ ਯੂ.ਪੀ. ਹਾਲ ਭੱਠਾ ਗਗੜਾ ਨੇ ਕਿਹਾ ਕਿ ਉਹ ਆਪਣੀ 9 ਸਾਲਾ ਬੇਟੀ ਨਾਲ ਆਟੋ ਰਿਕਸ਼ਾ ’ਤੇ ਮੋਗਾ ਤੋਂ ਵਾਪਸ ਪਿੰਡ ਗਗੜਾ ਭੱਠੇ ’ਤੇ ਜਾ ਰਿਹਾ ਸੀ, ਜਦੋਂ ਉਸਦੀ ਬੇਟੀ ਮਾਨਸੀ ਬੱਸ ਅੱਡਾ ਗਗੜਾ ਤੋਂ ਉਤਰ ਕੇ ਸੜਕ ਪਾਰ ਕਰਨ ਲੱਗੀ ਤਾਂ ਅਣਪਛਾਤੇ ਕਾਰ ਚਾਲਕ ਨੇ ਲਾਪ੍ਰਵਾਹੀ ਨਾਲ ਗੱਡੀ ਚਲਾਉਂਦਿਆਂ ਮੇਰੀ ਬੇਟੀ ਨੂੰ ਲਪੇਟ ਵਿਚ ਲੈ ਲਿਆ, ਜਿਸ ਨਾਲ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਕਿਹਾ ਕਿ ਅਣਪਛਾਤੇ ਕਾਰ ਚਾਲਕ ਖ਼ਿਲਾਫ ਥਾਣਾ ਕੋਟ ਈਸੇ ਖਾਂ ਵਿਚ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਦੀ ਤਲਾਸ਼ ਜਾਰੀ ਹੈ। ਮ੍ਰਿਤਕ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਸਾਂ ਦੇ ਹਵਾਲੇ ਕੀਤਾ ਗਿਆ।

ਇਸੇ ਤਰ੍ਹਾਂ ਮੋਗਾ-ਲੁਧਿਆਣਾ ਰੋਡ ’ਤੇ ਪਿੰਡ ਮਟਵਾਣੀ ਦੇ ਕੋਲ ਦੇਰ ਰਾਤ ਈ-ਰਿਕਸ਼ਾ ਅਤੇ ਅਣਪਛਾਤੇ ਵ੍ਹੀਕਲ ਵਿਚਕਾਰ ਹੋਈ ਜ਼ਬਰਦਸਤ ਟੱਕਰ ਵਿਚ ਜੱਗਾ ਸਿੰਘ (47) ਨਿਵਾਸੀ ਲਾਲ ਸਿੰਘ ਰੋਡ ਮੋਗਾ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ ਵਿਚ ਥਾਣਾ ਅਜੀਤਵਾਲ ਪੁਲਸ ਵਲੋਂ ਮ੍ਰਿਤਕ ਦੇ ਭਰਾ ਲਖਵੀਰ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵ੍ਹੀਕਲ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਫੈਲੀ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਲਖਵੀਰ ਸਿੰਘ ਨੇ ਕਿਹਾ ਕਿ ਉਸਦਾ ਭਰਾ ਜੱਗਾ ਸਿੰਘ ਅਤੇ ਨੰਦੂ ਸਿੰਘ ਨਿਵਾਸੀ ਚੌਕ ਸੇਖਾ ਈ ਰਿਕਸ਼ਾ ’ਤੇ ਸਵਾਰ ਹੋ ਕੇ ਮੋਗਾ ਨੂੰ ਆ ਰਹੇ ਸੀ ਤਾਂ ਪਿੰਡ ਮਟਵਾਣੀ ਦੇ ਕੋਲ ਅਣਪਛਾਤੇ ਵ੍ਹੀਕਲ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰੀ ਜਿਸ ਨਾਲ ਉਸਦਾ ਭਰਾ ਜੱਗਾ ਸਿੰਘ ਅਤੇ ਨੰਦੂ ਸਿੰਘ ਜ਼ਖਮੀ ਹੋ ਗਏ, ਜੱਗਾ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦਾਖਲ ਕਰਵਾਇਆ ਸੀ, ਜਿੱਥੇ ਇਲਾਜ ਦੌਰਾਨ ਮੌਤ ਹੋ ਗਈ। ਸਹਾਇਕ ਥਾਣੇਦਾਰ ਫੈਲੀ ਸਿੰਘ ਨੇ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਗਿਆ।

 


Gurminder Singh

Content Editor

Related News