ਚੋਣ ਪ੍ਰਚਾਰ ਲਈ ਪੰਜਾਬ ਆਉਣਗੇ ਮੋਦੀ, ਯੋਗੀ ਤੇ ਸ਼ਾਹ; ਇਨ੍ਹਾਂ ਸੀਟਾਂ ''ਤੇ ਰਹੇਗੀ ਵਿਸ਼ੇਸ਼ ਨਜ਼ਰ

05/04/2024 6:57:22 PM

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਵੱਲੋਂ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰੇ ਹੋ ਕੇ ਲੋਕ ਸਭਾ ਦੀ ਚੋਣ ਲੜੀ ਜਾ ਰਹੀ ਹੈ। ਭਾਜਪਾ ਸੂਬੇ ਵਿਚ ਪੂਰੀ ਤਾਕਤ ਲਗਾਉਣ ਦੀ ਤਿਆਰੀ ਹੈ, ਕਿਉਂਕਿ ਪਾਰਟੀ ਲੋਕ ਸਭਾ ਚੋਣਾਂ ਦੇ ਨਾਲ-ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਵੀ ਧਿਆਨ ਵਿਚ ਰੱਖ ਕੇ ਚੱਲ ਰਹੀ ਹੈ ਤੇ ਉਸੇ ਮੁਤਾਬਕ ਰਣਨੀਤੀ ਬਣਾਈ ਜਾ ਰਹੀ ਹੈ। ਇਸੇ ਰਣਨੀਤੀ ਤਹਿਤ ਇਨ੍ਹਾਂ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਸਮੇਤ ਕਈ ਵੱਡੇ ਲੀਡਰ ਪੰਜਾਬ ਵਿਚ ਚੋਣ ਪ੍ਰਚਾਰ ਕਰਨ ਲਈ ਆਉਣਗੇ। ਇਸ ਮਹੀਨੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਘੱਟੋ-ਘੱਟ 4 ਰੈਲੀਆਂ ਪੰਜਾਬ ਵਿਚ ਹੋ ਸਕਦੀਆਂ ਹਨ। 

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ ਲਈ ਪੰਜਾਬ ਭਾਜਪਾ ਨੇ ਪੁਰਾਣੇ ਕੱਦਾਵਰਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਕੇ ਮੈਦਾਨ ’ਚ ਉਤਾਰਿਆ

ਮੀਡੀਆ ਰਿਪੋਰਟਾਂ ਮੁਤਾਬਕ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਇਸ ਵਾਰ ਲੁਧਿਆਣਾ ਵਿਚ ਚੋਣ ਰੈਲੀ ਕਰਨਗੇ। ਉਹ ਲੁਧਿਆਣਾ ਵਿਚ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਲਈ ਵੋਟਾਂ ਮੰਗਣਗੇ। ਯੋਗੀ ਦੀ ਇਹ ਰੈਲੀ 16 ਮਈ ਦੇ ਨੇੜੇ ਕਰਵਾਏ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਵਿਚ ਘੱਟੋ-ਘੱਟ 4 ਰੈਲੀਆਂ ਕਰਨਗੇ। PM ਮੋਦੀ ਮਾਲਵੇ 'ਚ 2 ਅਤੇ ਦੋਆਬੇ ਤੇ ਮਾਝੇ ਵਿਚ 1-1 ਚੋਣ ਰੈਲੀ ਕਰ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਚੰਡੀਗੜ੍ਹ ਵਿਚ ਵੀ ਰੈਲੀ ਕੀਤੀ ਜਾ ਸਕਦੀ ਹੈ। ਸੂਬੇ ਵਿਚ 17 ਮਈ ਨੂੰ ਨਾਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਤਾਰੀਖ਼ ਹੈ ਤੇ ਉਸ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੀਆਂ ਰੈਲੀਆਂ ਹੋਣ ਦੀ ਸੰਭਾਵਨਾ ਹੈ। 

ਇਹ ਖ਼ਬਰ ਵੀ ਪੜ੍ਹੋ - ਕੈਨੇਡੀਅਨ ਪੁਲਸ ਵੱਲੋਂ ਹਰਦੀਪ ਸਿੰਘ ਨਿੱਝਰ ਦੇ ਕਾਤਲਾਂ ਦੀਆਂ ਤਸਵੀਰਾਂ ਜਾਰੀ, ਕੀਤੇ ਵੱਡੇ ਖ਼ੁਲਾਸੇ

ਮਾਲਵੇ 'ਤੇ ਰਹੇਗਾ ਵਿਸ਼ੇਸ਼ ਧਿਆਨ

ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਮਾਲਵੇ ਵਿਚ ਲੋਕ ਸਭਾ ਦੀ ਚੋਣ ਲੜਣ ਜਾ ਰਹੀ ਹੈ। ਪੰਜਾਬ ਦੀਆਂ 13 ਸੀਟਾਂ ਵਿਚੋਂ 7 ਮਾਲਵੇ ਵਿਚ ਹਨ ਤੇ ਇਨ੍ਹਾਂ ਸਾਰੀਆਂ ਸੀਟਾਂ 'ਤੇ ਭਾਜਪਾ ਕਦੀ ਵੀ ਲੋਕ ਸਭਾ ਦੀ ਚੋਣ ਨਹੀਂ ਲੜੀ। ਗੱਠਜੋੜ ਦੌਰਾਨ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਸੀਟਾਂ 'ਤੇ ਚੋਣ ਲੜਦਾ ਰਿਹਾ ਹੈ। ਮਾਲਵੇ ਦੇ ਅਧੀਨ ਆਉਂਦੇ 67 ਵਿਧਾਨ ਸਭਾ ਹਲਕਿਆਂ ਵਿਚੋਂ ਵੀ ਭਾਜਪਾ ਮਹਿਜ਼ 6 ਸੀਟਾਂ 'ਤੇ ਹੀ ਚੋਣ ਲੜਦੀ ਸੀ। ਹੁਣ ਜਦੋਂ ਭਾਜਪਾ ਦਾ ਅਕਾਲੀ ਦਲ ਨਾਲ ਗੱਠਜੋੜ ਨਹੀਂ ਹੈ ਤੇ ਉਸ ਨੂੰ ਮਾਲਵੇ 'ਤੇ ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਦੀ ਲੋੜ ਪਵੇਗੀ। ਇਸ ਲਈ ਇੱਥੇ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਨਾਲ ਮਾਹੌਲ ਭਾਜਪਾ ਦੇ ਹੱਕ ਵਿਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। 

ਇਹ ਖ਼ਬਰ ਵੀ ਪੜ੍ਹੋ - ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਸਤਿਸੰਗ ਲਈ ਚਲਾਈਆਂ ਜਾਣਗੀਆਂ ਵਿਸ਼ੇਸ਼ ਰੇਲਗੱਡੀਆਂ

ਫਿਰੋਜ਼ਪੁਰ ਰੈਲੀ ਰੱਦ ਕਰਕੇ ਪਰਤੇ ਸੀ ਮੋਦੀ

ਮਾਲਵੇ ਵਿਚ ਕਿਸਾਨ ਸੰਗਠਨ ਜ਼ਿਆਦਾ ਮਜ਼ਬੂਤ ਤੇ ਸਰਗਰਮ ਹਨ। ਪਾਰਟੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਇੱਥੇ ਕਰਵਾ ਕੇ ਕੇਂਦਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਕੀਤੇ ਗਏ ਉਪਰਾਲਿਆਂ ਬਾਰੇ ਜਾਗਰੂਕ ਕਰ ਕੇ ਕਿਸਾਨਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਰਹੇਗੀ। ਹਾਲਾਂਕਿ ਇਸ ਤੋਂ ਪਹਿਲਾਂ ਜਨਵਰੀ 2022 ਵਿਚ ਭਾਜਪਾ ਨੇ ਫ਼ਿਰੋਜ਼ਪੁਰ ਵਿਚ ਇਕ ਵੱਡੀ ਰੈਲੀ ਕਰ ਕੇ ਅਜਿਹੀ ਹੀ ਕੋਸ਼ਿਸ਼ ਕੀਤੀ ਸੀ। ਪਰ ਉਸ ਵੇਲੇ ਕਿਸਾਨਾਂ ਦੇ ਵਿਰੋਧ ਕਾਰਨ ਪ੍ਰਧਾਨ ਮੰਤਰੀ ਮੋਦੀ ਰੈਲੀ ਵਾਲੀ ਜਗ੍ਹਾ ਵੀ ਨਹੀਂ ਸੀ ਜਾ ਸਕੇ ਤੇ ਰਾਹ ਵਿਚੋਂ ਵੀ ਵਾਪਸ ਪਰਤ ਗਏ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News