ਮੋਦੀ ਸਰਕਾਰ ਦੀ ਕਿਸਾਨਾਂ ਨੂੰ ਵੱਡੀ ਰਾਹਤ, 500 ਦੀ ਥਾਂ ਹੁਣ 1200 ਰੁਪਏ ਮਿਲੇਗੀ ਸਬਸਿਡੀ
Wednesday, May 19, 2021 - 08:36 PM (IST)
ਨਵੀਂ ਦਿੱਲੀ (ਬਿਊਰੋ)- ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ, ਜਿਸ 'ਚ ਕਿਹਾ ਗਿਆ ਕਿ ਡੀ.ਏ.ਪੀ. ਦੀ ਵੱਧੀ ਕੀਮਤ ਦਾ ਅਸਰ ਕਿਸਾਨਾਂ 'ਤੇ ਨਹੀਂ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਉੱਚ ਲੈਵਲ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ । ਸਰਕਾਰ ਨੇ ਅੱਜ ਕਿਸਾਨਾਂ ਦੇ ਹੱਕ 'ਚ ਵੱਡਾ ਫੈਸਲਾ ਲੈਂਦੇ ਹੋਏ ਡੀ.ਏ.ਪੀ. 'ਤੇ ਮਿਲਣ ਵਾਲੀ ਸਬਸਿਡੀ 'ਚ 140 ਫੀਸਦੀ ਵਾਧਾ ਕਰ ਦਿੱਤਾ ਹੈ। ਪ੍ਰਤੀ ਬੈਗ 500 ਰੁਪਏ ਸਬਸਿਡੀ ਨੂੰ ਵਧਾ ਕੇ ਹੁਣ 1200 ਰੁਪਏ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਡਾ.ਓਬਰਾਏ ਦੇ ਯਤਨਾਂ ਸਦਕਾ ਇਕ ਹੋਰ ਨੌਜਵਾਨ ਦਾ ਮ੍ਰਿਤਕ ਸਰੀਰ ਦੁਬਈ ਤੋਂ ਵਤਨ ਪੁੱਜਿਆ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਿਸਾਨਾਂ 'ਤੇ ਨਹੀਂ ਪੈਣਾ ਚਾਹੀਦਾ ਬੋਝ
ਪ੍ਰਧਾਨ ਮੰਤਰੀ ਮੋਦੀ ਵਲੋਂ ਬੁੱਧਵਾਰ ਨੂੰ ਖਾਦ ਕੀਮਤਾਂ ਦੇ ਮੁੱਦੇ 'ਤੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੂੰ ਖਾਦ ਕੀਮਤਾਂ 'ਚ ਹੋਏ ਵਾਧੇ ਦੀ ਜਾਣਕਾਰੀ ਪੂਰੇ ਵਿਸਥਾਰ 'ਚ ਦਿੱਤੀ ਗਈ। ਮੀਟਿੰਗ 'ਚ ਇਹ ਚਰਚਾ ਹੋਈ ਕਿ ਅੰਤਰਾਸ਼ਟਰੀ ਪੱਧਰ 'ਤੇ ਫਾਸਫੋਰਿਕ ਐਸਿਡ, ਅਮੋਨੀਆ ਆਦਿ ਦੀਆਂ ਵਧਦੀਆਂ ਕੀਮਤਾਂ ਦੇ ਕਾਰਨ ਖਾਦ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ, ਪਰ ਪ੍ਰਧਾਨ ਮੰਤਰੀ ਵਲੋਂ ਜ਼ੋਰ ਦੇ ਕੇ ਇਹ ਕਿਹਾ ਗਿਆ ਕਿ ਵਾਧੇ ਦੇ ਬਾਵਜੂਦ ਕਿਸਾਨਾਂ ਨੂੰ ਪੁਰਾਣੇ ਰੇਟ 'ਤੇ ਹੀ ਖਾਦ ਮਿਲਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ 'ਤੇ ਡੀ.ਏ.ਪੀ. 'ਚ ਆਏ ਵਾਧੇ ਦਾ ਕੋਈ ਬੋਝ ਨਾ ਪਵੇ।
ਇਹ ਵੀ ਪੜ੍ਹੋ- ਦਿੱਲੀ 'ਚ 'ਬਲੈਕ ਫੰਗਸ' ਦਾ ਕਹਿਰ, ਮੈਕਸ ਹਸਪਤਾਲ-ਏਮਜ਼ 'ਚ 45 ਮਾਮਲੇ, ਇੱਕ ਦੀ ਮੌਤ
2400 ਰੁਪਏ ਬੈਗ ਦੀ ਕੀਮਤ ਹੋਣ ਦੇ ਬਾਵਜੂਦ 1200 'ਚ ਖਰੀਦਣਗੇ ਕਿਸਾਨ
ਪਿਛਲੇ ਸਾਲ ਡੀ.ਏ.ਪੀ. ਦੀ ਅਸਲ ਕੀਮਤ 1700 ਰੁਪਏ ਪ੍ਰਤੀ ਬੈਗ ਸੀ ਅਤੇ ਕੇਂਦਰ ਸਰਕਾਰ ਪ੍ਰਤੀ ਬੈਗ 500 ਰੁਪਏ ਦੀ ਸਬਸਿਡੀ ਦੇ ਰਹੀ ਸੀ। ਇਸ ਲਈ ਕੰਪਨੀਆਂ ਕਿਸਾਨਾਂ ਨੂੰ 1200 ਰੁਪਏ ਪ੍ਰਤੀ ਬੈਗ ਦੇ ਹਿਸਾਬ ਨਾਲ ਖਾਦ ਵੇਚ ਰਹੀਆਂ ਸਨ ਪਰ ਹੁਣ ਡੀ.ਏ.ਪੀ. ਦੀ ਕੀਮਤ 2400 ਰੁਪਏ ਕਰ ਦਿੱਤੀ ਗਈ ਹੈ। ਇਸ ਲਈ ਕਿਸਾਨਾਂ ਨੂੰ 1900 ਰੁਪਏ ਅਦਾ ਕਰਨੇ ਪੈਣੇ ਸੀ ਪਰ ਕੇਂਦਰ ਸਰਕਾਰ ਵਲੋਂ ਡੀ.ਏ.ਪੀ. ਦੀ ਸਬਸਿਡੀ ਵਧਾਉਣ ਦਾ ਜੋ ਫੈਸਲਾ ਲਿਆ ਗਿਆ ਹੈ ਉਸ ਕਾਰਨ ਕਿਸਾਨਾਂ ਨੂੰ ਪੁਰਾਣੀ ਕੀਮਤ 'ਤੇ ਹੀ ਪ੍ਰਤੀ ਬੈਗ ਪਵੇਗਾ।