ਮੋਦੀ ਸਰਕਾਰ ਨੇ ਬਜਟ ''ਚੋਂ ਕਿਸਾਨ, ਮਜ਼ਦੂਰ ਤੇ ਗਰੀਬ ਵਰਗ ਨੂੰ ਵਿਸਾਰਿਆ : ਸੁਨੀਲ ਜਾਖੜ

Monday, Feb 03, 2020 - 01:20 AM (IST)

ਮੋਦੀ ਸਰਕਾਰ ਨੇ ਬਜਟ ''ਚੋਂ ਕਿਸਾਨ, ਮਜ਼ਦੂਰ ਤੇ ਗਰੀਬ ਵਰਗ ਨੂੰ ਵਿਸਾਰਿਆ : ਸੁਨੀਲ ਜਾਖੜ

ਚੰਡੀਗੜ੍ਹ, (ਅਸ਼ਵਨੀ)— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰੀ ਬਜਟ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਹੈ ਕਿ ਇਸ ਬਜਟ ਰਾਹੀਂ ਮੋਦੀ ਸਰਕਾਰ ਦਾ ਪੰਜਾਬ ਵਿਰੋਧੀ ਚਿਹਰਾ ਇਕ ਵਾਰ ਫਿਰ ਬੇਨਕਾਬ ਹੋ ਗਿਆ ਹੈ, ਜਦਕਿ ਇਸ ਸਰਕਾਰ 'ਚ ਪੰਜਾਬ ਤੋਂ ਤਿੰਨ ਮੰਤਰੀ ਵੀ ਸ਼ਾਮਲ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦ ਬਜਟ ਤਿਆਰ ਹੋ ਰਿਹਾ ਸੀ, ਉਸ ਸਮੇਂ ਪੰਜਾਬ ਨਾਲ ਸਬੰਧਤ ਮੰਤਰੀਆਂ ਨੇ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾਈ। ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੰਗ ਕੀਤੇ ਜਾਣ ਦੇ ਬਾਵਜੂਦ ਕੇਂਦਰ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਗੁਰਪੁਰਬ ਮਨਾਉਣ ਲਈ ਰਕਮ ਦਾ ਕੋਈ ਪ੍ਰਬੰਧ ਨਹੀਂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਵੀ ਕੇਂਦਰ ਨੇ ਪੰਜਾਬ ਦੀ ਕੋਈ ਮਦਦ ਨਹੀਂ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਬਜਟ 'ਚ ਪੰਜਾਬ ਦੀ ਅਣਦੇਖੀ ਤੇ ਕੇਂਦਰੀ ਵਜਾਰਤ ਵਿਚ ਸ਼ਾਮਿਲ ਪੰਜਾਬ ਤੋਂ ਤਿੰਨਾਂ ਮੰਤਰੀਆਂ ਦੀ ਚੁੱਪੀ ਵੀ ਉਨ੍ਹਾਂ ਦੇ ਪੰਜਾਬ ਪ੍ਰਤੀ ਨਜ਼ਰੀਏ ਨੂੰ ਪ੍ਰਗਟ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸੂਬੇ ਨੂੰ ਤਾਂ ਉਕਾ ਹੀ ਭੁਲਾ ਦਿੱਤਾ ਗਿਆ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਮੋਦੀ ਸਰਕਾਰ ਵਲੋਂ ਪੇਸ਼ ਬਜਟ ਨੂੰ ਦਿਸ਼ਾਹੀਣ ਦੱਸਦਿਆਂ ਕਿਹਾ ਹੈ ਕਿ ਇਸ ਬਜਟ 'ਚ ਕਿਸਾਨ, ਮਜ਼ਦੂਰ, ਗਰੀਬ ਦੀ ਦਸ਼ਾ ਸੁਧਾਰਨ ਲਈ ਸਰਕਾਰ ਨੇ ਕੋਈ ਯੋਜਨਾ ਪੇਸ਼ ਨਹੀਂ ਕੀਤੀ ਹੈ ਅਤੇ ਇਸ ਵਿਚ ਆਰਥਿਕ ਮੰਦੀ ਦੂਰ ਕਰਨ ਲਈ ਵੀ ਕੋਈ ਉਪਰਾਲਾ ਨਹੀਂ ਕੀਤਾ ਗਿਆ ਹੈ।


author

KamalJeet Singh

Content Editor

Related News