ਮੋਦੀ ਸਰਕਾਰ ਨੇ ਦੇਸ਼ ਲਈ ਅਨਾਜ ਭੰਡਾਰ ਭਰਨ ਵਾਲੇ ਕਿਸਾਨਾਂ ਨਾਲ ਕਮਾਇਆ ਦਗ਼ਾ:ਪਰਨੀਤ ਕੌਰ
Saturday, Oct 03, 2020 - 10:32 PM (IST)
ਪਟਿਆਲਾ, (ਰਾਜੇਸ਼ ਪੰਜੌਲਾ)- ਲੋਕ ਸਭਾ ਮੈਂਬਰ ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਦੇਸ਼ ਦੇ ਅਨਾਜ ਭੰਡਾਰ ਨੂੰ ਭਰਨ ਵਾਲੇ ਪੰਜਾਬ ਦੇ ਉਨ੍ਹਾਂ ਕਿਸਾਨਾਂ ਨਾਲ ਦਗ਼ਾ ਕਮਾਇਆ ਹੈ, ਜਿਨ੍ਹਾਂ ਨੇ ਦੇਸ਼ ਨੂੰ ਅੰਨ ਦੀ ਤੋਟ ਦੇ ਔਖੇ ਵੇਲੇ ਕਿਸੇ ਬਾਹਰਲੇ ਮੁਲਕ ਅੱਗੇ ਭੀਖ ਨਹੀਂ ਮੰਗਣ ਦਿੱਤੀ। ਸ਼੍ਰੀਮਤੀ ਪਰਨੀਤ ਕੌਰ ਅੱਜ ਇੱਥੇ ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ ਸ਼ਹਿਰ ’ਚ ਡੇਂਗੂ ਵਿਰੁੱਧ ਜਾਗਰੂਕਤਾ ਲਈ ਰਾਘੋਮਾਜਰਾ ਤੋਂ ਕੱਢੀ ਗਈ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮਗਰੋਂ ਪੱਤਰਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ਕਰ ਰਹੇ ਸਨ। ਇਸ ਮੌਕੇ ਪੀ. ਆਰ. ਟੀ. ਸੀ. ਦੇ ਚੇਅਰਮੈਨ (ਮੰਤਰੀ ਰੈਂਕ) ਕੇ. ਕੇ. ਸ਼ਰਮਾ, ਜ਼ਿਲਾ ਕਾਂਗਰਸ ਪ੍ਰਧਾਨ ਕੇ. ਕੇ. ਮਲਹੋਤਰਾ ਤੇ ਹੋਰ ਆਗੂ ਹਾਜ਼ਰ ਸਨ।
ਲੋਕ ਸਭਾ ਮੈਂਬਰ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ‘ਖੇਤੀ ਸੁਧਾਰ ਕਾਨੂੰਨਾਂ’ ਨੂੰ ਕਿਸਾਨ ਵਿਰੋਧੀ ਅਤੇ ਦੂਰਅੰਦੇਸ਼ੀ ਸੋਚ ਤੋਂ ਹੀਣੇ ਦਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਕਾਨੂੰਨ ਪਾਸ ਕਰ ਕੇ ਇਕ ਗ਼ੈਰ-ਜ਼ਿੰਮੇਵਾਰਾਨਾ ਆਗੂ ਦੀ ਭੂਮਿਕਾ ਨਿਭਾਈ ਹੈ, ਜਿਸ ਦੇ ਭਿਆਨਕ ਸਿੱਟੇ ਨਿਕਲਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਨੂੰ ਪਾਸ ਕਰਨ ਤੋਂ ਪਹਿਲਾਂ ਇਸ ਦੇ ਪਿਛੋਕਡ਼ ਨੂੰ ਅੱਖੋਂ-ਪਰੋਖੇ ਕਰ ਕੇ ਕਿਸਾਨਾਂ ਦੀ ਬਰਬਾਦੀ ਦੀ ਨੀਂਹ ਰੱਖੀ ਹੈ।
ਸ਼੍ਰੀਮਤੀ ਪਰਨੀਤ ਕੌਰ ਨੇ ਅਕਾਲੀ ਦਲ ਵੱਲੋਂ ਅਪਣਾਈ ਰਣਨੀਤੀ ਅਤੇ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਆਖਿਆ ਕਿ ਰਾਹੁਲ ਗਾਂਧੀ ਦੀ ਟ੍ਰੈਕਟਰ ਰੈਲੀ ਰਾਹੀਂ ਪ੍ਰਸਾਤਵਿਤ ਪੰਜਾਬ ਫੇਰੀ ਕਿਸਾਨੀ ਦੇ ਅੰਦੋਲਨ ਦਾ ਸਾਥ ਦੇਣ ਵਾਲਾ ਇਕ ਗ਼ੈਰ-ਸਿਆਸੀ ਫੈਸਲਾ ਹੈ। ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਲੀਡਰਸ਼ਿਪ ਮੌਜੂਦ ਰਹੇਗੀ। ਜਦੋਂਕਿ ਹਰਸਿਮਰਤ ਕੌਰ ਵੱਲੋਂ ਕੇਂਦਰੀ ਮੰਤਰੀ ਮੰਡਲ ਤੋਂ ਦਿੱਤਾ ਗਿਆ ਅਸਤੀਫ਼ਾ ਬਹੁਤ ਸਮਾਂ ਪਹਿਲਾਂ ਦਿੱਤਾ ਜਾਣਾ ਚਾਹੀਦਾ ਸੀ।
ਇਸ ਮੌਕੇ ਡਿਪਟੀ ਵਿਨਤੀ ਸੰਗਰ, ਨਿਗਮ ਕਮਿਸ਼ਨਰ ਪੂਨਮਦੀਪ ਕੌਰ ਤੇ ਸੰਯੁਕਤ ਕਮਿਸ਼ਨਰ ਅਵਿਕੇਸ਼ ਗੁਪਤਾ, ਲਾਲ ਵਿਸ਼ਵਾਸ਼ ਤੋਂ ਇਲਾਵਾ ਮੁੱਖ ਮੰਤਰੀ ਦੇ ਓ. ਐੱਸ. ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਨਿੱਜੀ ਸਕੱਤਰ ਬਲਵਿੰਦਰ ਸਿੰਘ, ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ, ਜ਼ਿਲਾ ਯੋਜਨਾ ਕਮੇਟੀ ਚੇਅਰਮੈਨ ਸੰਤੋਖ ਸਿੰਘ, ਸੋਨੂੰ ਸੰਗਰ, ਪੰਜਾਬ ਲਾਰਜ ਇੰਡਸਟਰੀ ਵਿਕਾਸ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਕੇ. ਕੇ. ਸਹਿਗਲ, ਬਲਾਕ ਪ੍ਰਧਾਨ ਨਰੇਸ਼ ਦੁੱਗਲ, ਅਤੁਲ ਜੋਸ਼ੀ, ਜਤਵਿੰਦਰ ਗਰੇਵਾਲ ਸਮੇਤ ਵੱਡੀ ਗਿਣਤੀ ਸ਼ਹਿਰੀ ਅਤੇ ਸਾਈਕਲ ਚਾਲਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।