ਮੋਦੀ ਸਰਕਾਰ ਦੇ ਅਚਾਨਕ ਲਏ ਫ਼ੈਸਲੇ ਨੇ ਹੈਰਾਨ ਕੀਤੇ ਸਾਰੇ, ਪੰਜਾਬ ’ਚ ਬਦਲੇਗਾ ਸਿਆਸੀ ਮਾਹੌਲ

Saturday, Nov 20, 2021 - 02:09 PM (IST)

ਮੋਦੀ ਸਰਕਾਰ ਦੇ ਅਚਾਨਕ ਲਏ ਫ਼ੈਸਲੇ ਨੇ ਹੈਰਾਨ ਕੀਤੇ ਸਾਰੇ, ਪੰਜਾਬ ’ਚ ਬਦਲੇਗਾ ਸਿਆਸੀ ਮਾਹੌਲ

ਜਲੰਧਰ (ਵਿਸ਼ੇਸ਼) : ਕੇਂਦਰ ਦੀ ਭਾਜਪਾ ਸਰਕਾਰ ਵਲੋਂ 3 ਖੇਤੀਬਾੜੀ ਕਾਨੂੰਨ ਵਾਪਸ ਲਏ ਜਾਣ ਦੇ ਫ਼ੈਸਲੇ ਪਿੱਛੋਂ ਪੰਜਾਬ ’ਚ ਸਿਆਸੀ ਮਾਹੌਲ ਬਦਲ ਜਾਵੇਗਾ। ਪਿਛਲੇ ਡੇਢ ਸਾਲ ਤੋਂ ਕਿਸਾਨ ਸਿਆਸਤ ਦੇ ਕੇਂਦਰ ’ਚ ਸਨ ਅਤੇ ਸਭ ਸਿਆਸੀ ਪਾਰਟੀਆਂ ਕਿਸਾਨਾਂ ਨੂੰ ਕੇਂਦਰ ’ਚ ਰੱਖ ਕੇ ਆਪਣੀ ਸਿਆਸਤ ਚਲਾ ਰਹੀਆਂ ਸਨ। ਹੁਣ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੇ ਐਲਾਨ ਪਿੱਛੋਂ ਸ਼ਹਿਰੀ ਵੋਟਰ ਵੀ ਸਿਆਸਤ ਦੇ ਕੇਂਦਰ ’ਚ ਆ ਜਾਵੇਗਾ। ਕਿਸਾਨ ਅੰਦੋਲਨ ਕਾਰਨ ਪੰਜਾਬ ਵਿਚ ਭਾਜਪਾ ਦੇ ਨੇਤਾ ਆਪਣੀ ਗੱਲ ਲੋਕਾਂ ਦੇ ਸਾਹਮਣੇ ਰੱਖਣ ’ਚ ਮੁਸ਼ਕਲ ਮਹਿਸੂਸ ਕਰ ਰਹੇ ਸਨ। ਉਨ੍ਹਾਂ ਦੀਆਂ ਸਿਆਸੀ ਬੈਠਕਾਂ ਦਾ ਹਰ ਥਾਂ ਵਿਰੋਧ ਹੋ ਰਿਹਾ ਸੀ। ਕਿਸਾਨ ਭਾਜਪਾ ਆਗੂਆਂ ਦਾ ਥਾਂ-ਥਾਂ ਘਿਰਾਓ ਕਰ ਰਹੇ ਸਨ।

ਇਹ ਵੀ ਪੜ੍ਹੋ : ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਕੁਝ ਹੋਰ ਵੱਡਾ ਕਰਨ ਦੀ ਤਿਆਰੀ ’ਚ ਮੋਦੀ ਸਰਕਾਰ

ਹੁਣ ਕਾਨੂੰਨ ਵਾਪਸ ਲਏ ਜਾਣ ਪਿੱਛੋਂ ਭਾਜਪਾ ਨੇਤਾ ਪੰਜਾਬ ਵਿਚ ਆਪਣੀ ਗੱਲ ਲੋਕਾਂ ਤਕ ਪਹੁੰਚਾਉਣ ਯੋਗ ਹੋ ਜਾਣਗੇ। ਖੇਤੀਬਾੜੀ ਕਾਨੂੰਨਾਂ ਪ੍ਰਤੀ ਗੁੱਸੇ ਕਾਰਨ ਹੀ ਭਾਜਪਾ ਸ਼ਹਿਰੀ ਵੋਟਰ, ਬਿਜ਼ਨੈੱਸਮੈਨ ਤੇ ਉਦਯੋਗਪਤੀ ਵਰਗ ਵਰਗੇ ਆਪਣੇ ਵੋਟਰਾਂ ਦੇ ਹੱਕ ’ਚ ਆਪਣੀ ਆਵਾਜ਼ ਬੁਲੰਦ ਕਰਨ ’ਚ ਔਖ ਮਹਿਸੂਸ ਕਰ ਰਹੀ ਸੀ। ਹੁਣ ਭਾਜਪਾ ਲਈ ਰਾਹ ਸੌਖਾ ਹੋ ਜਾਵੇਗਾ। ਖੇਤੀਬਾੜੀ ਕਾਨੂੰਨਾਂ ਕਾਰਨ ਕਿਸਾਨਾਂ ਤੋਂ ਲੈ ਕੇ ਸਭ ਵਿਰੋਧੀ ਪਾਰਟੀਆਂ ਦਾ ਹਮਲਾ ਭਾਜਪਾ ਵੱਲ ਸੀ। ਪੰਜਾਬ ’ਚ ਕਾਂਗਰਸ ਦੀ ਸਰਕਾਰ ਦੀ ਜਵਾਬਦੇਹੀ ਕੋਈ ਤੈਅ ਨਹੀਂ ਕਰ ਰਿਹਾ ਸੀ।

ਇਹ ਵੀ ਪੜ੍ਹੋ : ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ’ਤੇ ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ, ਮੋਰਚੇ ’ਤੇ ਲਿਆ ਇਹ ਫ਼ੈਸਲਾ

ਅਸਲ ’ਚ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜੇ ਮਜ਼ਦੂਰ ਸੰਗਠਨਾਂ ਨੇ ਖੇਤੀਬਾੜੀ ਕਾਨੂੰਨਾਂ ਦਾ ਮਸਲਾ ਉਠਾਇਆ ਸੀ। ਬਾਅਦ ’ਚ ਦੁਸਹਿਰੇ ਦੇ ਤਿਉਹਾਰ ਦੇ ਮੌਕੇ ’ਤੇ ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਨੇ ਵੀ ਇਸ ਮਸਲੇ ਦਾ ਹੱਲ ਕਰਨ ਦੀ ਵਕਾਲਤ ਕੀਤੀ ਸੀ। ਉਸ ਪਿੱਛੋਂ ਭਾਜਪਾ ਨੇ ਇਕ ਹਫਤੇ ’ਚ 2 ਵੱਡੇ ਫੈਸਲੇ ਕਰਕੇ ਪੰਜਾਬ ਦੇ ਵੋਟਰਾਂ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਸੂਬੇ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ : ਮੋਦੀ ਸਰਕਾਰ ਵਲੋਂ ਖੇਤੀ ਕਾਨੂੰਨ ਵਾਪਸ ਲੈਣ ’ਤੇ ਪ੍ਰਕਾਸ਼ ਸਿੰਘ ਬਾਦਲ ਨੇ ਆਖੀ ਵੱਡੀ ਗੱਲ

ਇਸੇ ਰਣਨੀਤੀ ਅਧੀਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ 2 ਦਿਨ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਲਾਂਘਾ ਖੋਲ੍ਹਿਆ ਗਿਆ। ਇਹ ਲਾਂਘਾ ਵੀ ਪੰਜਾਬ ਭਾਜਪਾ ਦੇ ਆਗੂਆਂ ਵਲੋਂ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨਾਲ ਮੁਲਾਕਾਤ ਪਿੱਛੋਂ ਹੀ ਖੁੱਲ੍ਹ ਸਕਿਆ। ਇਸ ਕਾਰਨ ਸਿੱਖ ਭਾਈਚਾਰੇ ’ਚ ਭਾਜਪਾ ਪ੍ਰਤੀ ਚੰਗਾ ਸੰਦੇਸ਼ ਗਿਆ। ਇਹ ਵੇਖਣ ਵਾਲੀ ਗੱਲ ਹੋਵੇਗੀ ਕਿ 29 ਨਵੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਸਮਾਗਮ ਦੌਰਾਨ ਭਾਜਪਾ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਤੋਂ ਇਲਾਵਾ ਇਸ ਖੇਤਰ ਲਈ ਹੋਰ ਕੀ ਕਦਮ ਚੁੱਕਣ ਦਾ ਐਲਾਨ ਕਰ ਸਕਦੀ ਹੈ। ਸੰਸਦ ’ਚ ਭਾਜਪਾ ਦੀ ਇਹ ਰਣਨੀਤੀ ਪੰਜਾਬ ’ਚ ਆਉਂਦੀਆਂ ਵਿਧਾਨ ਸਭਾ ਚੋਣਾਂ ਦੀ ਸਿਆਸਤ ਦੀ ਦਿਸ਼ਾ ਤੈਅ ਕਰ ਸਕਦੀ ਹੈ। ਇਸ ਲਈ ਹੁਣ ਸਭ ਸਿਆਸੀ ਵਿਸ਼ਲੇਸ਼ਕਾਂ ਦੀਆਂ ਨਜ਼ਰਾਂ ਸੰਸਦ ਦੇ ਆਉਂਦੇ ਸਮਾਗਮ ’ਤੇ ਟਿਕੀਆਂ ਹੋਈਆਂ ਹਨ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਵਲੋਂ ਖੇਤੀ ਕਾਨੂੰਨ ਵਾਪਸ ਲੈਣ ’ਤੇ ਮੁੱਖ ਮੰਤਰੀ ਚੰਨੀ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News