ਮੋਦੀ ਸਰਕਾਰ ਦਾ ਬਜਟ ਕਿਸਾਨਾਂ ਲਈ ਨਿਰਾਸ਼ਾਜਨਕ : ਲੱਖੋਵਾਲ

Friday, Jul 05, 2019 - 07:47 PM (IST)

ਮੋਦੀ ਸਰਕਾਰ ਦਾ ਬਜਟ ਕਿਸਾਨਾਂ ਲਈ ਨਿਰਾਸ਼ਾਜਨਕ : ਲੱਖੋਵਾਲ

ਮਾਛੀਵਾੜਾ,(ਟੱਕਰ) : ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਜੋ ਬਜਟ ਪੇਸ਼ ਕੀਤਾ ਗਿਆ ਹੈ ਉਹ ਬਹੁਤ ਹੀ ਨਿਰਾਸ਼ਾਜਨਕ ਰਿਹਾ ਕਿਉਂਕਿ ਇਸ 'ਚ ਕਿਸਾਨਾਂ ਨੂੰ ਨਾ ਹੀ ਕੋਈ ਰਾਹਤ, ਨਾ ਕੋਈ ਸਹੂਲਤ ਤੇ ਨਾ ਹੀ ਫਸਲਾਂ ਦੇ ਭਾਅ ਵਧਾਏ ਗਏ। 

ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਤਾਂ ਨਰਿੰਦਰ ਮੋਦੀ ਨੇ ਕਿਸਾਨਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ। ਜਿਸ ਤੋਂ ਉਮੀਦ ਸੀ ਕਿ ਕਿਸਾਨਾਂ ਨੂੰ ਆਉਣ ਵਾਲੇ ਸਮੇਂ 'ਚ ਡਾ. ਸਵਾਮੀਨਾਥਨ ਰਿਪੋਰਟ ਮੁਤਾਬਕ ਭਾਅ ਮਿਲਣਗੇ, ਸਾਰਾ ਕਰਜ਼ਾ ਮੁਆਫ਼ ਹੋਵੇਗਾ ਪਰ ਬਜਟ 'ਚ ਇਨ੍ਹਾਂ ਮੰਗਾਂ ਬਾਰੇ ਕੋਈ ਜ਼ਿਕਰ ਨਾ ਹੋਇਆ ਜਿਸ ਤੋਂ ਦੇਸ਼ ਦਾ ਕਿਸਾਨ ਮੋਦੀ ਸਰਕਾਰ ਦੇ ਇਸ ਬਜਟ ਤੋਂ ਕਾਫ਼ੀ ਮਾਯੂਸ ਹੈ। ਫਸਲ ਬੀਮਾ ਯੋਜਨਾ ਵੀ ਪੂਰਨ ਤੌਰ 'ਤੇ ਲਾਗੂ ਕਰਨ ਬਾਰੇ ਮੋਦੀ ਨੇ ਦੇਸ਼ ਦੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਸੀ ਉਸ 'ਤੇ ਵੀ ਇਸ ਸਰਕਾਰ ਖ਼ਰਾ ਨਾ ਉਤਰੀ। ਲੱਖੋਵਾਲ ਨੇ ਕਿਹਾ ਕਿ ਕਿਸਾਨ ਇਹ ਮੰਗ ਕਰਦੇ ਆ ਰਹੇ ਹਨ ਉਨ੍ਹਾਂ ਦਾ ਫਸਲ 'ਤੇ ਜੋ ਖਰਚਾ ਆਉਂਦਾ ਹੈ ਉਸ ਤੋਂ ਇਲਾਵਾ 50 ਫੀਸਦੀ ਲਾਭ ਦੇਣਾ ਚਾਹੀਦਾ ਹੈ ਉਸ ਬਾਰੇ ਵੀ ਬਜਟ ਵਿਚ ਕੋਈ ਵਿਚਾਰ ਨਹੀਂ ਹੋਇਆ ਬਲਕਿ 65 ਰੁਪਏ ਕੁਇੰਟਲ ਝੋਨੇ ਦੇ ਨਿਗੁਣਾ ਵਾਧਾ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ 'ਤੇ 20 ਫੀਸਦੀ ਖਰਚਾ ਵਧ ਗਿਆ ਹੈ ਜਦਕਿ ਭਾਅ ਕੇਵਲ 4 ਫੀਸਦੀ ਵਧਾਇਆ ਹੈ ਜੋ ਕਿਸਾਨਾਂ ਨਾਲ ਕੇਂਦਰ ਸਰਕਾਰ ਨੇ ਸਿੱਧੇ ਤੌਰ 'ਤੇ ਧੋਖਾ ਕੀਤਾ ਹੈ। ਲੱਖੋਵਾਲ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਮੰਗ ਕਰਦੀ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰੇ ਅਤੇ ਜੋ ਫਸਲਾਂ ਦੇ ਭਾਅ ਹਨ ਉਹ ਸਵਾਮੀਨਾਥਨ ਰਿਪੋਰਟ ਅਨੁਸਾਰ ਦਿੱਤੇ ਜਾਣ ਤਾਂ ਹੀ ਅੱਜ ਦੇਸ਼ ਦੀ ਡੁੱਬਦੀ ਕਿਸਾਨੀ ਨੂੰ ਕੁੱਝ ਰਾਹਤ ਮਿਲੇਗੀ।


Related News