ਕਿਸ ਤਰ੍ਹਾਂ ਤੇ ਕਿੰਨੇ ਵਿਦਿਆਰਥੀਆਂ ਨੂੰ ਦਿਖਾਈ ਮੋਦੀ ਦੀ ''ਪ੍ਰੀਖਿਆ ''ਤੇ ਚਰਚਾ''

02/17/2018 6:47:19 AM

ਲੁਧਿਆਣਾ (ਵਿੱਕੀ) - ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਪ੍ਰੀਖਿਆ 'ਤੇ ਚਰਚਾ' ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਸਕੂਲਾਂ ਨੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਦਿਖਾਇਆ ਹੈ। ਇਸ ਦੀ ਰਿਪੋਰਟ ਸੀ. ਬੀ. ਐੱਸ. ਈ. ਨੇ ਮੰਗ ਲਈ ਹੈ। ਇਸ ਦੇ ਲਈ ਬਾਕਾਇਦਾ ਬੋਰਡ ਨੇ ਵੈੱਬਸਾਈਟ 'ਤੇ ਸਾਰੇ ਸਕੂਲਾਂ ਨੂੰ ਇਕ ਸਰਕੂਲਰ ਵੀ ਜਾਰੀ ਕਰ ਦਿੱਤਾ ਹੈ। ਦੱਸ ਦੇਈਏ ਕਿ ਸੀ. ਬੀ. ਐੱਸ. ਈ. ਨੇ ਕਿਹਾ ਸੀ ਕਿ ਸਕੂਲ ਇਸ ਚਰਚਾ ਦਾ ਟੈਲੀਕਾਸਟ ਕਰੇ ਤਾਂ ਕਿ ਵਿਦਿਆਰਥੀ ਸੁਣ ਸਕਣ। ਇਸ ਦੇ ਲਈ ਬਾਕਾਇਦਾ 6ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਚਰਚਾ ਵਿਚ ਸ਼ਾਮਲ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਸਨ।
ਜਾਣਕਾਰੀ ਮੁਤਾਬਕ ਸੀ. ਬੀ. ਐੱਸ. ਈ. ਨੇ ਸਕੂਲਾਂ ਨੂੰ ਇਕ ਪਾਰਟੀ ਫਾਰਮੈਟ ਜਾਰੀ ਕਰਦੇ ਹੋਏ ਉਸ ਵਿਚ ਪੂਰੀ ਡਿਟੇਲ ਭਰ ਕੇ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਫਾਰਮੈਟ 'ਚ ਪ੍ਰੋਗਰਾਮ ਦੌਰਾਨ ਮੌਜੂਦ ਕਲਾਸਾਂ, ਵਿਦਿਆਰਥੀਆਂ ਦੀ ਗਿਣਤੀ, ਟੈਲੀਕਾਸਟ ਦਾ ਤਰੀਕਾ (ਦੂਰਦਰਸ਼ਨ, ਪੀ. ਐੱਮ. ਓ., ਵੈੱਬਸਾਈਟ, ਯੂ-ਟਿਊਬ, ਫੇਸਬੁੱਕ) ਵੀ ਦੱਸਣਾ ਹੋਵੇਗਾ। ਇਹੀ ਨਹੀਂ ਮੌਕੇ 'ਤੇ ਮੌਜੂਦ ਅਧਿਆਪਕਾਂ ਦੀ ਜਾਣਕਾਰੀ ਤੋਂ ਇਲਾਵਾ ਵਿਦਿਆਰਥੀਆਂ ਦੀਆਂ 5 ਤੋਂ 6 ਤਸਵੀਰਾਂ ਵੀ ਭੇਜਣੀਆਂ ਹੋਣਗੀਆਂ, ਜਿਨ੍ਹਾਂ ਵਿਚ ਇਹ ਦਿਖਾਈ ਦੇਵੇ ਕਿ ਵਿਦਿਆਰਥੀ ਅਸਲ ਵਿਚ 'ਪ੍ਰੀਖਿਆ 'ਤੇ ਚਰਚਾ' ਪ੍ਰੋਗਰਾਮ ਵਿਚ ਹਿੱਸਾ ਲੈ ਰਹੇ ਹਨ।
ਇਸ ਤੋਂ ਇਲਾਵਾ ਬੋਰਡ ਨੇ ਸਕੂਲਾਂ ਤੋਂ ਪੁੱਛਿਆ ਹੈ ਕਿ ਕੀ ਉਨ੍ਹਾਂ ਨੇ ਐਗਜ਼ਾਮ ਕਾਊਂਸਲਿੰਗ ਅਤੇ ਸੀ. ਬੀ. ਐੱਸ. ਈ. ਹੈਲਪਲਾਈਨ ਸਬੰਧੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਹੈ ਜਾਂ ਨਹੀਂ।
ਕੀ ਦੱਸਣਾ ਹੋਵੇਗਾ ਫਾਰਮੈਟ ਵਿਚ
* ਕੈਟਾਗਰੀ ਆਫ ਸਕੂਲ।
* ਚਰਚਾ ਵਿਚ ਹਾਜ਼ਰ ਕਲਾਸਾਂ ਦੀ ਗਿਣਤੀ।
* ਚਰਚਾ ਵਿਚ ਹਾਜ਼ਰ ਵਿਦਿਆਰਥੀਆਂ ਦੀ ਗਿਣਤੀ।
* ਅਧਿਆਪਕਾਂ ਦੀ ਕਲਾਸ ਸਮੇਤ ਗਿਣਤੀ।
* ਪ੍ਰੋਗਰਾਮ ਵਿਚ ਸੱਦੇ ਗਏ ਮਾਤਾ-ਪਿਤਾ ਅਤੇ ਟਰੱਸਟਾਂ ਦੀ ਡਿਟੇਲ
* ਵਿਦਿਆਰਥੀਆਂ ਵੱਲੋਂ ਮਾਯ ਗਰਵਨਮੈਂਟ ਪੋਰਟਲ 'ਤੇ ਅਪਲੋਡ ਕੀਤੇ ਸਵਾਲਾਂ ਦੀ ਗਿਣਤੀ।
* ਪ੍ਰੋਗਰਾਮ ਦੀ ਬਣਾਈ ਗਈ ਵੀਡੀਓ।


Related News