ਦੀਨਾਨਗਰ ਤੇ ਪਠਾਨਕੋਟ ਵਰਗੀਆਂ ਘਟਨਾਵਾਂ ਨੂੰ ਮੁੜ ਵਾਪਰਨ ਤੋਂ ਰੋਕਣ ਲਈ ਕੀਤੀ ਸੀ ਮੌਕ ਡਰਿੱਲ
Sunday, Jun 24, 2018 - 04:57 AM (IST)
ਜਲੰਧਰ, (ਸੋਮਨਾਥ)— 19 ਜੂਨ ਨੂੰ ਰਾਤ ਲਗਭਗ 12 ਵਜੇ ਸਥਾਨਕ ਐੱਮ. ਬੀ. ਡੀ. ਮਾਲ ਵਿਚ ਅੱਤਵਾਦੀਆਂ ਦੇ ਦਾਖਲ ਹੋਣ ਦੀ ਸੂਚਨਾ 'ਤੇ ਪੰਜਾਬ ਪੁਲਸ ਨੇ ਚੌਕਸੀ ਵਿਖਾਉਂਦਿਆਂ ਮਾਲ ਨੂੰ ਚਾਰੇ ਪਾਸਿਓਂ ਘੇਰ ਲਿਆ ਸੀ। ਪੁਲਸ ਦੇ ਅਧਿਕਾਰੀਆਂ ਸਮੇਤ ਪੁਲਸ ਕਮਿਸ਼ਨਰ ਪੀ. ਕੇ. ਸਿਨ੍ਹਾ ਵੀ ਮੌਕੇ 'ਤੇ ਪਹੁੰਚ ਗਏ ਸਨ। ਲਗਭਗ 40 ਮਿੰਟ ਬਾਅਦ ਫੌਜ ਦੇ ਜਵਾਨਾਂ ਨੇ ਵੀ ਆ ਕੇ ਪੁਜ਼ੀਸ਼ਨਾਂ ਸੰਭਾਲ ਲਈਆਂ। ਸਭ ਰਸਤੇ ਬੰਦ ਕਰ ਦਿੱਤੇ ਗਏ। ਕਿਸੇ ਨੂੰ ਵੀ ਐੱਮ. ਬੀ. ਡੀ. ਮਾਲ ਵੱਲ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਲਗਭਗ 2 ਘੰਟਿਆਂ ਤੱਕ ਆਪ੍ਰੇਸ਼ਨ ਚੱਲਿਆ। ਫੌਜ ਨੇ 4 ਵਿਅਕਤੀਆਂ ਨੂੰ ਬੰਧਕ ਬਣਾ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਬਾਅਦ ਵਿਚ ਪਤਾ ਲੱਗਾ ਕਿ ਇਹ ਮੌਕ ਡਰਿੱਲ ਸੀ ਅਤੇ ਬੰਧਕ ਬਣਾਏ ਗਏ ਸ਼ੱਕੀ ਏ. ਸੀ. ਪੀ. ਸਮੀਰ ਵਰਮਾ, ਇੰਸ. ਓਂਕਾਰ ਸਿੰਘ ਬਰਾੜ ਅਤੇ ਉਨ੍ਹਾਂ ਦੇ ਦੋ ਸਾਥੀ ਸਨ। ਰਾਤ 2 ਵਜੇ ਪਿੱਛੋਂ ਪੁਲਸ ਕਮਿਸ਼ਨਰ ਪੀ. ਕੇ. ਸਿਨ੍ਹਾ ਨੇ ਸਪੱਸ਼ਟ ਕੀਤਾ ਕਿ ਇਹ ਮੌਕ ਡਰਿੱਲ ਸੀ।
ਇਸਦੇ ਬਾਵਜੂਦ ਸ਼ਹਿਰ ਵਾਸੀਆਂ ਦੇ ਮਨ ਵਿਚ ਇਹ ਸਵਾਲ ਉਠ ਰਿਹਾ ਹੈ ਕਿ ਕਿਤੇ ਸ਼ਹਿਰ ਵਿਚ ਸੱਚਮੁੱਚ ਅੱਤਵਾਦੀ ਤਾਂ ਨਹੀਂ ਆ ਗਏ। ਸ਼ਹਿਰ ਵਾਸੀਆਂ ਦੇ ਡਰ ਨੂੰ ਦੂਰ ਕਰਨ ਲਈ 'ਜਗ ਬਾਣੀ' ਨੇ ਪੁਲਸ ਕਮਿਸ਼ਨਰ ਪੀ. ਕੇ. ਸਿਨ੍ਹਾ ਕੋਲੋਂ ਸੱਚਣ ਜਾਣਨ ਦੀ ਕੋਸ਼ਿਸ਼ ਕੀਤੀ।
2 ਘੰਟੇ ਤੱਕ ਸ਼ਹਿਰ ਰਿਹਾ ਦਹਿਸ਼ਤ 'ਚ
ਇਕ ਵਾਰ ਤਾਂ ਇੰਝ ਲੱਗਾ ਕਿ ਸੱਚਮੁੱਚ ਸ਼ਹਿਰ ਵਿਚ ਅੱਤਵਾਦੀ ਦਾਖਲ ਹੋ ਗਏ ਹਨ। ਮਾਲ ਅੰਦਰ ਚੱਲ ਰਹੀਆਂ ਗੋਲੀਆਂ ਦੀ ਆਵਾਜ਼ ਇਹ ਜਾਣਨ ਲਈ ਮਜਬੂਰ ਕਰ ਰਹੀ ਸੀ ਕਿ ਅੱਤਵਾਦੀ ਕਿੰਨੇ ਹਨ? ਪੀ. ਵੀ. ਆਰ. ਵਿਚ ਫਿਲਮ ਵੇਖਣ ਆਏ ਲੋਕ ਸੁਰੱਖਿਅਤ ਹਨ? ਐੱਮ. ਬੀ. ਡੀ. ਮਾਲ ਵੱਲ ਕਿਸੇ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਸੀ। ਇਸ ਕਾਰਨ ਫਿਲਮ ਵੇਖਣ ਆਏ ਕਈ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਚਿੰਤਤ ਹੋਣ ਲੱਗ ਪਏ ਸਨ। ਪੁਲਸ ਕੁਝ ਵੀ ਨਹੀਂ ਦੱਸ ਰਹੀ ਸੀ। ਸਭ ਫੌਜ ਦੀ ਕਾਰਵਾਈ ਨੂੰ ਵੇਖ ਰਹੇ ਸਨ। ਲੋਕਾਂ ਦੇ ਸੁਰੱਖਿਅਤ ਬਾਹਰ ਆਉਣ ਦੀ ਉਹ ਉਡੀਕ ਕਰ ਰਹੇ ਸਨ।
ਸ਼ਾਂਤੀ 'ਚ ਪਸੀਨਾ ਵਹੇ ਤਾਂ ਖੂਨ ਵਹਾਉਣ ਦੀ ਲੋੜ ਨਹੀਂ ਪੈਂਦੀ
ਸਵਾਲ : ਮੰਗਲਵਾਰ ਦੀ ਰਾਤ ਜਲੰਧਰ ਦੇ ਐੱਮ. ਬੀ. ਡੀ. ਮਾਲ 'ਚ ਜੋ ਇੰਸੀਡੈਂਟ ਹੋਇਆ...
(ਸਵਾਲ ਵਿਚੋਂ ਕੱਟਦੇ ਹੋਏ)
ਵੇਖੋ, ਇਹ ਇੰਸੀਡੈਂਟ ਨਹੀਂ ਸੀ। ਪਹਿਲਾਂ ਹੀ ਕਲੀਅਰ ਕੀਤਾ ਜਾ ਚੁੱਕਾ ਹੈ ਕਿ ਇਹ ਮੌਕ ਡਰਿੱਲ ਸੀ।
ਸਵਾਲ ਜਾਰੀ
ਜੀ, ਪਰ ਲੋਕਾਂ ਦੇ ਮਨ ਵਿਚ ਸਵਾਲ ਉਠ ਰਹੇ ਹਨ ਕਿ ਪੁਲਸ ਨੂੰ ਅਜਿਹੀ ਮੌਕ ਡਰਿੱਲ ਕਰਨ ਦੀ ਲੋੜ ਕਿਉਂ ਪਈ?
ਜਵਾਬ : ਸਾਰਾ ਦਿਨ ਪੁਲਸ ਲੋਕਾਂ ਦੀ ਸੇਵਾ ਵਿਚ ਰਹਿੰਦੀ ਹੈ। ਬਿਜ਼ੀ ਸ਼ਡਿਊਲ ਹੋਣ ਕਾਰਨ ਅਜਿਹੀ ਪ੍ਰੈਕਟਿਸ ਕਰਨ ਦਾ ਪੁਲਸ ਨੂੰ ਸਮਾਂ ਨਹੀਂ ਮਿਲਦਾ। ਪੁਲਸ ਹਰ ਸਮੇਂ ਚੌਕਸ ਰਹੇ, ਇਸੇ ਲਈ ਦੇਰ ਰਾਤ ਮੌਕ ਡਰਿੱਲ ਕੀਤੀ ਗਈ।
ਸਵਾਲ : ਕੀ ਸੱਚਮੁੱਚ ਸ਼ਹਿਰ ਵਿਚ ਅੱਤਵਾਦੀ ਤਾਂ ਨਹੀਂ ਆ ਗਏ?
ਜਵਾਬ : ਨਹੀਂ, ਅਜਿਹੀ ਗੱਲ ਨਹੀਂ, ਇਹ ਸਿਰਫ ਮੌਕ ਡਰਿੱਲ ਸੀ। ਇਸਦੇ ਪਿੱਛੇ ਕਾਰਨ ਇਹ ਹੈ ਕਿ ਸ਼ਾਂਤੀ ਦੇ ਸਮੇਂ ਜਵਾਨ ਦਾ ਪਸੀਨਾ ਵਹੇ ਤਾਂ ਖੂਨ ਵਹਾਉਣ ਦੀ ਲੋੜ ਨਹੀਂ ਪੈਂਦੀ। ਬੀਤੇ ਸਮੇਂ ਵਿਚ ਪੰਜਾਬ ਵਿਚ ਦੀਨਾਨਗਰ ਅਤੇ ਪਠਾਨਕੋਟ ਵਿਖੇ ਅੱਤਵਾਦੀ ਘਟਨਾਵਾਂ ਵਾਪਰ ਚੁੱਕੀਆਂ ਹਨ। ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ, ਇਸੇ ਲਈ ਜਵਾਨਾਂ ਨੂੰ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਮੌਕ ਡਰਿੱਲ ਵੀ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਦਾ ਇਕ ਹਿੱਸਾ ਸੀ।
ਸਵਾਲ : ਤਾਂ ਫਿਰ ਮੌਕੇ 'ਤੇ ਫੌਜ ਕਿਵੇਂ ਪੁੱਜੀ? ਕੀ ਫੌਜ ਨੂੰ ਸੱਦਿਆ ਗਿਆ ਸੀ?
ਜਵਾਬ : ਇਹ ਸਾਂਝੀ ਮੁਹਿੰਮ ਸੀ। ਮੈਂ ਖੁਦ ਫੌਜੀ ਅਧਿਕਾਰੀਆਂ ਨੂੰ ਮਿਲਿਆ ਸੀ। ਘਟਨਾਵਾਂ ਨਾਲ ਨਜਿੱਠਣ ਲਈ ਸਾਂਝੀ ਕਾਰਵਾਈ ਹੁੰਦੀ ਹੈ। ਅਜਿਹੀ ਪ੍ਰੈਕਟਿਸ ਨਾਲ ਕਿਸੇ ਵਿਚ ਈਗੋ ਪ੍ਰਾਬਲਮ ਨਹੀਂ ਰਹਿੰਦੀ। ਉਂਝ ਵੀ ਪੁਲਸ ਅਤੇ ਫੌਜ ਨੂੰ ਸਾਂਝੇ ਤੌਰ 'ਤੇ ਪ੍ਰੈਕਟਿਸ ਕਰਨ ਦਾ ਮੌਕਾ ਨਹੀਂ ਮਿਲਦਾ। ਇਸ ਲਈ ਸਾਂਝਾ ਪ੍ਰੋਗਰਾਮ ਬਣਾਇਆ ਗਿਆ ਸੀ।
ਸਵਾਲ : ਕਿਤੇ ਕੋਈ ਅੱਤਵਾਦੀ ਇਨਪੁਟ ਤਾਂ ਨਹੀਂ?
ਜਵਾਬ : ਨਹੀਂ, ਅਜਿਹੀ ਕੋਈ ਇਨਪੁਟ ਨਹੀਂ। ਉਂਝ ਪੁਲਸ ਕਿਸੇ ਵੀ ਸੂਚਨਾ ਨੂੰ ਹਲਕੇ ਢੰਗ ਨਾਲ ਨਹੀਂ ਲੈਂਦੀ। ਸੂਚਨਾ ਦੀ ਤੈਅ ਤੱਕ ਜਾਣਾ ਜ਼ਰੂਰੀ ਹੁੰਦਾ ਹੈ।