ਸੈਂਟਰਲ ਜੇਲ੍ਹ ’ਚ ਨਹੀਂ ਸੁਰੱਖਿਆ ਦੇ ਠੋਸ ਪ੍ਰਬੰਧ, ਕੈਦੀਆਂ ਤੋਂ ਫਿਰ ਮਿਲੇ 16 ਮੋਬਾਇਲ
Thursday, Jan 11, 2024 - 12:10 PM (IST)
ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ’ਚ ਸੁਰੱਖਿਆ ਦੇ ਠੋਸ ਪ੍ਰਬੰਧ ਨਹੀਂ ਹਨ, ਬੰਦੀਆਂ ਤੋਂ ਮੋਬਾਇਲ ਬਰਾਮਦ ਹੋ ਰਹੇ ਹਨ। ਇਸੇ ਕੜੀ ਤਹਿਤ ਹਵਾਲਾਤੀਆਂ ਤੋਂ 13 ਅਤੇ 3 ਲਾਵਾਰਸ ਮੋਬਾਇਲ ਸਰਚ ਦੌਰਾਨ ਬਰਾਮਦ ਹੋਣ ’ਤੇ ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਨੇ ਸਹਾਇਕ ਸੁਪਰੀਡੈਂਟਾਂ ਹਰਬੰਸ ਸਿੰਘ, ਅਵਤਾਰ ਸਿੰਘ ਅਤੇ ਇੰਦਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਖ਼ਿਲਾਫ਼ ਪ੍ਰਿਜ਼ਨ ਐਕਟ ਦਾ ਕੇਸ ਦਰਜ ਕੀਤਾ ਹੈ। ਪੁਲਸ ਜਾਂਚ ਅਧਿਕਾਰੀ ਬਿੰਦਰ ਸਿੰਘ ਅਤੇ ਜਨਕ ਰਾਜ ਨੇ ਦੱਸਿਆ ਕਿ ਕੈਦੀਆਂ ’ਤੇ ਉਕਤ ਕਾਰਵਾਈ ਪੱਤਰ ਦੇ ਆਧਾਰ ’ਤੇ ਕੀਤੀ ਗਈ ਹੈ। ਨਾਮਜ਼ਦ ਕੀਤੇ ਗਏ ਹਵਾਲਾਤੀਆਂ ਦੀ ਪਛਾਣ ਸੋਹੇਲ ਅਲੀ, ਗਗਨਦੀਪ ਸਿੰਘ, ਜੈਦੇਵ ਜਟਵੀ, ਸੋਨੂੰ ਸਿੰਘ, ਬਿੰਦਰਜੀਤ ਸਿੰਘ ਨਿੱਕੂ, ਗੁਰਸਰਨ ਸਿੰਘ, ਮੋਹਿਤ ਅਰੋੜਾ ਉਰਫ ਮੋਨੂ, ਗੁਰਪ੍ਰੀਤ ਸਿੰਘ ਗੋਪੀ, ਸਾਹਿਲ ਕੁਮਾਰ, ਵੈਨਸ ਕੁਮਾਰ, ਉਮਰ ਅੰਸਾਰੀ, ਗੁਰਲਾਲ ਸਿੰਘ, ਓਂਕਾਰ ਸਿੰਘ ਊਮਰ ਵਜੋਂ ਹੋਈ ਹੈ।
ਪੁਲਸ ਨੂੰ ਪੱਤਰ ਭੇਜ ਕੇ ਭੱਲਾ ਝਾੜ ਲੈਂਦਾ ਹੈ ਜੇਲ੍ਹ ਪ੍ਰਸ਼ਾਸਨ
ਜੇਲ੍ਹ ’ਚ ਮੋਬਾਇਲ ਦੀ ਵਰਤੋਂ ਕਰਨ ਵਾਲੇ ਕੈਦੀਆਂ ’ਚ ਡਰ ਖ਼ਤਮ ਹੋ ਗਿਆ ਹੈ ਕਿਉਂਕਿ ਜਦੋਂ ਵੀ ਕਿਸੇ ਕੈਦੀ ਜਾਂ ਹਵਾਲਾਤੀ ਤੋਂ ਮੋਬਾਈਲ ਮਿਲਦਾ ਹੈ, ਜੇਲ ਪ੍ਰਸ਼ਾਸਨ ਕਾਰਵਾਈ ਲਈ ਪੁਲਸ ਨੂੰ ਪੱਤਰ ਭੇਜ ਕੇ ਆਪਣਾ ਪੱਲਾ ਝਾੜ ਲੈਂਦਾ ਹੈ, ਜਿਸ ਉਪਰੰਤ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ, ਜਿਸ ਕਾਰਨ ਜੇਲ ਤੋਂ ਆਮ ਕਰ ਕੇ ਮੋਬਾਈਲ ਬਰਾਮਦ ਹੋਣ ਦੇ ਮਾਮਲੇ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ।