ਫਿਰੋਜ਼ਪੁਰ ਜੇਲ੍ਹ ''ਚੋਂ ਸਰਚ ਮੁਹਿੰਮ ਦੌਰਾਨ ਮਿਲੇ 8 ਹੋਰ ਮੋਬਾਇਲ
Sunday, Sep 12, 2021 - 03:19 PM (IST)
ਫ਼ਿਰੋਜ਼ਪੁਰ (ਕੁਮਾਰ) : ਪਿਛਲੇ ਕੁੱਝ ਸਮੇਂ ਤੋਂ ਸਰਚ ਮੁਹਿੰਮ ਦੌਰਾਨ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚੋਂ ਜੇਲ੍ਹ ਪ੍ਰਸ਼ਾਸਨ ਨੂੰ ਵੱਡੀ ਗਿਣਤੀ ਵਿਚ ਮੋਬਾਇਲ ਫੋਨ ਮਿਲ ਰਹੇ ਹਨ। ਇਸ ਕੜੀ ਦੇ ਤਹਿਤ ਸਹਾਇਕ ਸੁਪਰੀਡੈਂਟ ਗੁਰਭੇਜ ਸਿੰਘ ਦੀ ਅਗਵਾਈ ਹੇਠ ਜੇਲ੍ਹ ਪ੍ਰਸ਼ਾਸਨ ਵੱਲੋਂ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਜੇਲ੍ਹ ਵਿੱਚੋਂ 8 ਹੋਰ ਮੋਬਾਇਲ ਫੋਨ ਬਰਾਮਦ ਹੋਏ ਹਨ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਏ. ਐਸ. ਆਈ. ਸ਼ਰਮਾ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਦੀ ਪੁਲਸ ਨੂੰ ਸਹਾਇਕ ਜੇਲ੍ਹ ਸੁਪਰੀਡੈਂਟ ਗੁਰਭੇਜ ਸਿੰਘ ਵੱਲੋਂ ਭੇਜੇ ਗਏ ਇਕ ਲਿਖਤੀ ਪੱਤਰ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਨੇ ਲੰਗਰ ਹਾਲ ਦੇ ਕੋਲ ਪਏ ਦੋ ਬੰਦ ਪੈਕੇਟ ਦੇਖੇ, ਜਿਨ੍ਹਾਂ ਨੂੰ ਖੋਲ੍ਹ ਕੇ ਚੈੱਕ ਕੀਤਾ ਤਾਂ ਇਕ ਪੈਕੇਟ ਵਿੱਚੋਂ ਇੱਕ ਨੋਕੀਆ (ਕੀ-ਪੈਡ) ਤੇ 5 ਸੈਮਸੰਗ ਕੰਪਨੀ ਦੇ ਅਤੇ ਦੂਸਰੇ ਪੈਕੇਟ ਵਿੱਚੋਂ ਦੋ ਮੋਬਾਇਲ ਫੋਨ ਰੈੱਡਮੀ ਟਚ ਸਕ੍ਰੀਨ ਬਿਨਾਂ ਸਿਮ ਕਾਰਡ ਦੇ ਬਰਾਮਦ ਹੋਏ।
ਉਨ੍ਹਾਂ ਨੇ ਦੱਸਿਆ ਕਿ ਇਸ ਲਿਖਤੀ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੂਜੇ ਪਾਸੇ ਸੰਪਰਕ ਕਰਨ ’ਤੇ ਡੀ. ਆਈ. ਜੀ. ਜੇਲ੍ਹ ਫਿਰੋਜ਼ਪੁਰ ਸ. ਜਤਿੰਦਰ ਸਿੰਘ ਮੌੜ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਰਿਹਾਇਸ਼ੀ ਇਲਾਕੇ ਵਿੱਚ ਹੋਣ ਕਰਕੇ ਜੇਲ੍ਹ ਵਿਚ ਬਾਹਰੋਂ ਥ੍ਰੋ ਦੀਆਂ ਘਟਨਾਵਾਂ ਹੋ ਰਹੀਆਂ ਹਨ ਅਤੇ ਪਿਛਲੇ ਕੁੱਝ ਸਮੇਂ ਤੋਂ ਜੇਲ੍ਹ ਦੇ ਆਸ-ਪਾਸ ਦੇ ਏਰੀਆ ਵਿਚੋਂ ਸ਼ਰਾਰਤੀ ਅਨਸਰ ਜੇਲ੍ਹ ਵਿੱਚ ਮੋਬਾਇਲ ਫੋਨ ਆਦਿ ਪੈਕੇਟ ਬਣਾ ਕੇ ਸੁੱਟ ਰਹੇ ਹਨ ਅਤੇ ਜੇਲ੍ਹ ਪ੍ਰਸ਼ਾਸਨ ਇਨ੍ਹਾਂ ਪੈਕੇਟਾਂ ਨੂੰ ਫੜ੍ਹਨ ਵਿੱਚ ਸਫ਼ਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਦੀ ਚੌਕਸੀ ਦੇ ਕਾਰਨ ਬਾਹਰੋਂ ਸੁੱਟੇ ਜਾ ਰਹੇ ਅਜਿਹੇ ਪੈਕੇਟ ਫੜ੍ਹੇ ਜਾ ਰਹੇ ਹਨ ਤੇ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਦੇ ਆਸ-ਪਾਸ ਦੇ ਬਾਹਰੀ ਏਰੀਆ ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ