ਮੋਬਾਇਲ ਦੀਆਂ ਦੁਕਾਨਾਂ ''ਤੇ ਛਾਪੇਮਾਰੀ ਆਈਫੋਨ ਦਾ ਨਕਲੀ ਸਾਮਾਨ ਬਰਾਮਦ

11/25/2017 3:31:44 AM

ਬਠਿੰਡਾ(ਵਰਮਾ)-ਫਾਇਰ ਬ੍ਰਿਗੇਡ ਨਜ਼ਦੀਕ ਮੋਬਾਇਲ ਮਾਰਕੀਟ 'ਚ ਛਾਪੇਮਾਰੀ ਕਰ ਕੇ ਥਾਣਾ ਕੋਤਵਾਲੀ ਪੁਲਸ ਨੇ ਲੱਖਾਂ ਦਾ ਨਕਲੀ ਸਾਮਾਨ ਬਰਾਮਦ ਕੀਤਾ ਤੇ ਚਾਰ ਦੁਕਾਨਦਾਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ 'ਤੇ ਮਾਮਲਾ ਦਰਜ ਕੀਤਾ। ਪ੍ਰੋਟੈਕਟ ਆਈ. ਪੀ. ਸਲਿਊਸ਼ਨ ਨਾਮਕ ਕੰਪਨੀ ਦੇ ਅਧਿਕਾਰੀ ਬਲਵੀਰ ਸਿੰਘ ਅਤੇ ਤਫਤੀਸ਼ੀ ਅਧਿਕਾਰੀ ਅਰੁਣ ਕੁਮਾਰ ਨੂੰ ਨਾਲ ਲੈ ਕੇ ਪੁਲਸ ਨੇ ਮੋਬਾਇਲ ਮਾਰਕੀਟ ਵਿਚ ਛਾਪੇਮਾਰੀ ਕੀਤੀ ਪਰ ਸਟਾਫ ਦੀ ਘਾਟ ਹੋਣ ਕਾਰਨ ਸਿਰਫ ਚਾਰ ਦੁਕਾਨਦਾਰਾਂ 'ਤੇ ਹੀ ਦਬਿਸ਼ ਦਿੱਤੀ ਗਈ ਜਦਕਿ ਹੋਰ ਦੁਕਾਨਦਾਰ ਸ਼ਟਰ ਬੰਦ ਕਰ ਕੇ ਭੱਜ ਗਏ।
ਥਾਣਾ ਕੋਤਵਾਲੀ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਕੰਪਨੀ ਕੋਲ ਛਾਪੇਮਾਰੀ ਦੀ ਮਨਜ਼ੂਰੀ ਹੈ, ਜਿਨ੍ਹਾਂ ਨੇ ਅੱਜ ਪੁਲਸ ਨਾਲ ਰਾਬਤਾ ਕਾਇਮ ਕਰ ਕੇ ਮੋਬਾਇਲ ਦਾ ਨਕਲੀ ਸਾਮਾਨ ਬਰਾਮਦ ਕੀਤਾ। ਪੁਲਸ ਨੇ ਪ੍ਰਦੀਪ ਮੋਬਾਇਲ, ਸ਼ੈਂਟੀ ਮੋਬਾਇਲ, ਕਿਸ਼ਨ ਮੋਬਾਇਲ ਤੇ ਯੂਨੀਵਰਸਲ ਮੋਬਾਇਲ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਪੁਲਸ ਦੇ ਹੱਥ ਆਈਫੋਨ ਦੀਆਂ ਨਕਲੀ ਬੈਟਰੀਆਂ, ਟੱਚ ਸਕਰੀਨ, ਸਕਰੀਨ ਕਵਰ, ਮੋਬਾਇਲ ਕਵਰ, ਮੋਬਾਇਲ ਬਾਡੀ ਸਮੇਤ ਕਈ ਤਰ੍ਹਾਂ ਦਾ ਹੋਰ ਸਾਮਾਨ ਲੱਗਾ, ਜਿਨ੍ਹਾਂ ਦੀ ਕੀਮਤ ਲੱਖਾਂ 'ਚ ਹੈ। ਕੰਪਨੀ ਦੇ ਅਧਿਕਾਰੀ ਬਲਵੀਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਨ੍ਹਾਂ ਦੁਕਾਨਾਂ ਤੋਂ ਆਈਫੋਨ ਦਾ ਕੁਝ ਸਾਮਾਨ ਖਰੀਦਿਆ ਗਿਆ ਸੀ, ਜਿਸ ਦੀ ਲੈਬਾਰਟਰੀ ਵਿਚ ਜਾਂਚ ਕੀਤੀ ਗਈ ਤਾਂ ਉਹ ਨਕਲੀ ਨਿਕਲਿਆ। ਇਸੇ ਆਧਾਰ 'ਤੇ ਛਾਪੇਮਾਰੀ ਕੀਤੀ ਗਈ ਤੇ ਸਾਮਾਨ ਬਰਾਮਦ ਕੀਤਾ ਗਿਆ ਜੋ ਚਾਈਨਾ ਮੇਡ ਤੇ ਦਿੱਲੀ ਮੇਡ ਹੈ। ਇਹ ਦੁਕਾਨਦਾਰ ਨਕਲੀ ਮਾਲ ਨੂੰ ਅਸਲੀ ਕਹਿ ਕੇ ਗਾਹਕਾਂ ਨੂੰ ਵੇਚ ਰਹੇ ਸਨ। ਉਨ੍ਹਾਂ ਦੱਸਿਆ ਕਿ ਸਿਰਫ ਕੰਪਨੀ ਸਟੋਰ ਤੋਂ ਹੀ ਮੋਬਾਇਲ ਦਾ ਸਾਮਾਨ ਖਰੀਦਿਆ ਜਾਵੇ ਤਾਂ ਵਧੀਆ ਹੈ ਨਹੀ ਤਾਂ ਚਾਈਨਾ ਮੇਡ ਦੇ ਨਕਲੀ ਮਾਲ ਨੂੰ ਅਸਲੀ ਦੱਸ ਕੇ ਦੁਕਾਨਦਾਰ ਗਾਹਕਾਂ ਦੀ ਲੁੱਟ ਕਰ ਰਹੇ ਹਨ।


Related News