ਸੁਰੱਖਿਆ ’ਤੇ ਸਵਾਲ : ਬੁੜੈਲ ਜੇਲ੍ਹ ’ਚ ਸਜ਼ਾਯਾਫ਼ਤਾ ਕੈਦੀ ਕੋਲੋਂ ਮੋਬਾਇਲ ਤੇ ਬੈਟਰੀ ਬਰਾਮਦ

Sunday, Oct 02, 2022 - 02:30 PM (IST)

ਸੁਰੱਖਿਆ ’ਤੇ ਸਵਾਲ : ਬੁੜੈਲ ਜੇਲ੍ਹ ’ਚ ਸਜ਼ਾਯਾਫ਼ਤਾ ਕੈਦੀ ਕੋਲੋਂ ਮੋਬਾਇਲ ਤੇ ਬੈਟਰੀ ਬਰਾਮਦ

ਚੰਡੀਗੜ੍ਹ (ਸੁਸ਼ੀਲ ਰਾਜ) : ਬੁੜੈਲ ਜੇਲ੍ਹ ਵਿਚ ਹਰ ਰੋਜ਼ ਕੈਦੀਆਂ ਤੋਂ ਮੋਬਾਇਲ ਫ਼ੋਨ ਮਿਲ ਰਹੇ ਹਨ, ਜਿਸ ਕਾਰਨ ਜੇਲ੍ਹ ਪ੍ਰਸ਼ਾਸਨ ਦੀ ਸੁਰੱਖਿਆ ਅਤੇ ਚੈਕਿੰਗ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਕ ਵਾਰ ਫਿਰ ਸ਼ੁੱਕਰਵਾਰ ਰਾਤ ਨੂੰ ਬੁੜੈਲ ਜੇਲ੍ਹ ਵਿਚ ਚੈਕਿੰਗ ਦੌਰਾਨ ਸਜ਼ਾਯਾਫ਼ਤਾ ਕੈਦੀ ਸੋਨੂੰ ਉਰਫ਼ ਬੱਕਰੀ ਦੀ ਜੇਬ ਵਿਚੋਂ ਮੋਬਾਇਲ ਫ਼ੋਨ ਅਤੇ ਬੈਟਰੀ ਬਰਾਮਦ ਹੋਈ ਹੈ। ਜੇਲ੍ਹ ਦੇ ਵਧੀਕ ਸੁਪਰੀਡੈਂਟ ਅਮਨਦੀਪ ਸਿੰਘ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-49 ਥਾਣੇ ਦੀ ਪੁਲਸ ਨੇ ਮੋਬਾਇਲ ਜ਼ਬਤ ਕਰ ਕੇ ਕੈਦੀ ਸੋਨੂੰ ਉਰਫ਼ ਬੱਕਰੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਰਾਤ ਨੂੰ ਕਰਦਾ ਸੀ ਫੋਨ ’ਤੇ ਗੱਲ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਬੁੜੈਲ ਜੇਲ੍ਹ ਦੇ ਵਧੀਕ ਸੁਪਰੀਡੈਂਟ ਅਮਨਦੀਪ ਸਿੰਘ ਨੇ ਦੱਸਿਆ ਕਿ ਵੈੱਲਫੇਅਰ ਅਫ਼ਸਰ ਦੀਪ ਸਿੰਘ ਨੂੰ ਸੂਚਨਾ ਮਿਲੀ ਕਿ ਵਾਰਡ ਨੰ. 12 ਵਿਚ ਸਜ਼ਾਯਾਫ਼ਤਾ ਕੈਦੀ ਸੋਨੂੰ ਉਰਫ਼ ਬੱਕਰੀ ਕੋਲ ਮੋਬਾਇਲ ਫ਼ੋਨ ਹੈ। ਉਹ ਰਾਤ ਨੂੰ ਫੋਨ ’ਤੇ ਗੱਲ ਕਰਦਾ ਹੈ। ਸੂਚਨਾ ਮਿਲਦਿਆਂ ਹੀ ਫੋਨ ਦੀ ਬਰਾਮਦਗੀ ਲਈ ਟੀਮ ਬਣਾਈ ਗਈ। ਵੈੱਲਫੇਅਰ ਅਫ਼ਸਰ ਦੀਪ ਸਿੰਘ, ਵਾਰਡਨ ਵਿਸ਼ਾਲ, ਧਰਮਪਾਲ ਅਤੇ ਜੇਲ੍ਹ ਦੇ ਹੋਰ ਸਟਾਫ਼ ਮੈਂਬਰ ਸੈੱਲ ਨੰ. 12 ਵਿਚ ਪਹੁੰਚੇ ਅਤੇ ਕੈਦੀ ਸੋਨੂੰ ਉਰਫ਼ ਬੱਕਰੀ ਨੂੰ ਫੜ੍ਹ ਲਿਆ। ਟੀਮ ਨੇ ਜਦੋਂ ਬੱਕਰੀ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ਵਿਚੋਂ ਮੋਬਾਇਲ ਫ਼ੋਨ ਅਤੇ ਬੈਟਰੀ ਬਰਾਮਦ ਹੋਈ।

ਜਦੋਂ ਸੋਨੂੰ ਉਰਫ਼ ਬੱਕਰੀ ਨੂੰ ਜੇਲ੍ਹ ਅੰਦਰ ਮੋਬਾਇਲ ਫ਼ੋਨ ਲਿਆਉਣ ਸਬੰਧੀ ਪੁੱਛਿਆ ਗਿਆ ਤਾਂ ਉਸ ਨੇ ਕੁਝ ਨਹੀਂ ਦੱਸਿਆ। ਕਈ ਮਹੀਨਿਆਂ ਤੋਂ ਮੋਬਾਇਲ ਮਿਲਣ ਦੇ ਬਾਵਜੂਦ ਜੇਲ੍ਹ ਪ੍ਰਸ਼ਾਸਨ ਕੋਈ ਠੋਸ ਕਦਮ ਨਹੀਂ ਚੁੱਕ ਰਿਹਾ। ਇਸ ਦਾ ਫ਼ਾਇਦਾ ਜੇਲ੍ਹ ਵਿਚ ਬੰਦ ਕੈਦੀ ਚੁੱਕ ਰਹੇ ਹਨ। ਬੁੜੈਲ ਜੇਲ੍ਹਾ ਵਿਚ ਕੈਦੀਆਂ ਦੀ ਕੀਤੀ ਚੈਕਿੰਗ ਦੌਰਾਨ ਨਸ਼ੇ ਵਾਲੇ ਪਦਾਰਥਾਂ ਤੋਂ ਲੈ ਕੇ ਮੋਬਾਇਲ ਫ਼ੋਨ ਤੱਕ ਬਰਾਮਦ ਹੋਏ ਹਨ। ਜੇਲ੍ਹ ਸੁਪਰੀਡੈਂਟ ਹਰ ਵਾਰ ਕੈਦੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਪੱਲਾ ਝਾੜ ਲੈਂਦੇ ਹਨ ਪਰ ਮੋਬਾਇਲਾਂ ਨੂੰ ਜੇਲ੍ਹ ਵਿਚ ਦਾਖ਼ਲ ਹੋਣ ਤੋਂ ਰੋਕਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ। ਸੈਕਟਰ-49 ਥਾਣੇ ਦੀ ਪੁਲਸ ਹਰ ਵਾਰ ਵਾਂਗ ਕੈਦੀਆਂ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕਰ ਕੇ ਗਲਤੀ ਕਰ ਦਿੰਦੀ ਹੈ ਪਰ ਇਸ ਗੱਲ ਦੀ ਤੈਅ ਤੱਕ ਨਹੀਂ ਪਹੁੰਚ ਰਹੀ ਕਿ ਮੋਬਾਇਲ ਅੰਦਰ ਕਿਵੇਂ ਲਿਜਾਏ ਜਾਂਦੇ ਹਨ। 
 


author

Babita

Content Editor

Related News