ਪੰਜਾਬ ਸਰਕਾਰ ਵਲੋਂ ਮੋਬਾਇਲ ਫ਼ੋਨਾਂ ਦੀ ਸਫ਼ਾਈ ਤੇ ਸੰਭਾਲ ਸਬੰਧੀ ਐਡਵਾਇਜ਼ਰੀ ਜਾਰੀ
Thursday, May 21, 2020 - 04:39 PM (IST)

ਚੰਡੀਗੜ੍ਹ (ਸ਼ਰਮਾ) : ਪੰਜਾਬ ਸਰਕਾਰ ਵਲੋਂ ਕੋਵਿਡ-19 ਮਹਾਮਾਰੀ ਤੋਂ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੋਬਾਇਲ ਫੋਨਾਂ ਦੀ ਸਫ਼ਾਈ ਅਤੇ ਸੰਭਾਲ ਸਬੰਧੀ ਵਿਸਥਾਰਤ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਸੂਬਾ ਸਰਕਾਰ ਦੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੋਰੋਨਾ ਵਾਇਰਸ (ਕੋਵਿਡ-19) ਇਕ ਅਜਿਹੀ ਬੀਮਾਰੀ ਹੈ, ਜੋ ਜ਼ਿਆਦਾਤਰ ਛਿੱਕ ਅਤੇ ਖੰਘ ਸਮੇਂ ਥੁੱਕ ਦੇ ਕਣਾਂ ਰਾਹੀਂ ਸਾਹ ਜ਼ਰੀਏ ਅੰਦਰ ਜਾਣ ਨਾਲ, ਪੀੜਿਤ ਵਿਅਕਤੀ ਦੇ ਸੰਪਰਕ 'ਚ ਆਉਣ ਨਾਲ ਅਤੇ ਸੰਕ੍ਰਮਿਤ ਚੀਜ਼ਾਂ/ਵਸਤੂਆਂ ਨੂੰ ਛੂਹਣ ਨਾਲ ਫ਼ੈਲਦੀ ਹੈ। ਹਾਲਾਂਕਿ ਇਹ ਵਾਇਰਸ ਵੱਖ-ਵੱਖ ਚੀਜ਼ਾਂ ਦੇ ਉੱਪਰ ਵੱਖ-ਵੱਖ ਸਮੇਂ ਤੱਕ ਜਿਉਂਦਾ ਰਹਿੰਦਾ ਹੈ ਪਰ ਕੈਮੀਕਲ ਡਿਸਇਨਫੈਕਟੈਂਟ ਨਾਲ ਇਹ ਆਸਾਨੀ ਨਾਲ ਖ਼ਤਮ ਹੋ ਜਾਂਦਾ ਹੈ। ਇਸ ਲਈ ਜੇਕਰ ਸਹੀ ਅਤੇ ਸਮੇਂ ਸਿਰ ਜਾਣਕਾਰੀ ਹੋਵੇ ਤਾਂ ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਿਆ ਜਾ ਸਕਦਾ ਹੈ। ਬੁਲਾਰੇ ਨੇ ਕਿਹਾ ਮੋਬਾਈਲ ਫੋਨ ਦੇ ਨਾਲ-ਨਾਲ ਰਿਸੈਪਸ਼ਨ ਕਾਊਂਟਰ, ਮੇਜ਼ ਦੀ ਉੱਪਰਲੀ ਸਤਿਹ, ਦਰਵਾਜ਼ੇ ਦੇ ਹੈਂਡਲ, ਟਾਇਲਟ, ਕੀ-ਬੋਰਡ, ਮਾਊਸ, ਟੈਬਲੈਟਸ ਅਤੇ ਮੇਜ਼ ਸਭ ਤੋਂ ਵੱਧ ਛੂਹੀਆਂ ਜਾਣ ਵਾਲੀਆਂ ਵਸਤੂਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਇਸ ਮਹਾਮਾਰੀ ਨੂੰ ਰੋਕਣ ਲਈ ਕੰਮ ਵਾਲੇ ਸਥਾਨਾਂ/ਦਫ਼ਤਰਾਂ ਦੀ ਸਫ਼ਾਈ ਅਤੇ ਚਿਹਰਾ/ਮੂੰਹ ਨਾ ਛੂਹਣ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੋਬਾਇਲ ਫੋਨ ਵਾਇਰਸ ਦੇ ਫੈਲਾਅ ਦਾ ਸੰਭਾਵੀ ਕਾਰਨ ਹੋ ਸਕਦਾ ਹੈ, ਜੋ ਸਿੱਧੇ ਹੀ ਵਰਤੋਂ ਕਰਨ ਵਾਲੇ ਵਿਅਕਤੀ ਦੇ ਚਿਹਰੇ ਅਤੇ ਮੂੰਹ ਦੇ ਸੰਪਰਕ 'ਚ ਆਉਂਦਾ ਹੈ। ਭਾਵੇਂ ਹੱਥ ਨਿਯਮਿਤ ਤਰੀਕੇ ਨਾਲ ਧੋਤੇ ਅਤੇ ਸਾਫ਼ ਕੀਤੇ ਹੋਣ ਪਰ ਇਹ ਸੰਕ੍ਰਮਣ ਦਾ ਇਕ ਸੰਭਾਵਿਤ ਸਰੋਤ ਹੋ ਸਕਦਾ ਹੈ। ਐਡਵਾਇਜ਼ਰੀ 'ਚ ਕਿਹਾ ਗਿਆ ਹੈ ਕਿ ਮੋਬਾਇਲ 'ਤੇ ਜੇਕਰ ਬਹੁਤ ਜ਼ਰੂਰੀ ਗੱਲਬਾਤ ਕਰਨੀ ਪੈਂਦੀ ਹੈ ਤਾਂ ਫੇਰ ਉਸ ਤੋਂ ਬਾਅਦ ਹੱਥਾਂ ਨੂੰ ਨਿਯਮਿਤ ਤਰੀਕੇ ਨਾਲ ਸਾਬਣ ਅਤੇ ਪਾਣੀ ਨਾਲ ਧੋਵੋ ਜਾਂ 70 ਫੀਸਦੀ ਆਈਸੋਪ੍ਰੋਪਾਈਲ ਐਲਕੋਹਲ ਯੁਕਤ ਸੈਨੀਟਾਈਜ਼ਰ ਨਾਲ ਸੈਨੇਟਾਈਜ਼ ਕਰੋ। ਮੋਬਾਇਲ ਫੋਨ ਨੂੰ ਕਿਸੇ ਹੋਰ ਸਤਹਿ 'ਤੇ ਰੱਖਣ ਤੋਂ ਪਰਹੇਜ਼ ਕਰੋ। ਮੋਬਾਇਲ ਫੋਨ ਅਤੇ ਆਪਣੇ ਚਿਹਰੇ/ਮੂੰਹ ਵਿਚਕਾਰ ਸਿੱਧਾ ਸੰਪਰਕ ਹੋਣ ਤੋਂ ਰੋਕਣ ਲਈ ਹੈੱਡਫੋਨ/ਹੈੱਡਸੈੱਟ (ਤਾਰ ਵਾਲੇ/ਬਿਨਾਂ ਤਾਰ ਵਾਲੇ) ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਸੰਭਵ ਹੋਵੇ ਤਾਂ ਮੋਬਾਇਲ ਫੋਨ ਦੀ ਸਪੀਕਰ ਫੋਨ 'ਤੇ ਵਰਤੋਂ ਕਰੋ। ਜੇਕਰ ਹੈੱਡਫੋਨ/ਹੈੱਡਸੈੱਟ ਉਪਲੱਬਧ ਨਹੀਂ ਹਨ ਤਾਂ ਸਪੀਕਰ ਫੋਨ ਦੀ ਵਰਤੋਂ ਉਨ੍ਹਾਂ ਦੇ ਬਦਲ ਵਜੋਂ ਕੀਤੀ ਜਾ ਸਕਦੀ ਹੈ। ਆਪਣਾ ਮੋਬਾਇਲ ਫੋਨ/ਹੈੱਡਫੋਨ/ਹੈੱਡਸੈੱਟ ਕਿਸੇ ਹੋਰ ਨਾਲ ਸਾਂਝਾ ਨਾ ਕਰੋ।
ਇਹ ਵੀ ਪੜ੍ਹੋ ► ਕੋਰੋਨਾ ਪੀੜਤਾਂ ਦੀ ਗਿਣਤੀ ਨਾ ਵਧੀ ਤਾਂ 31 ਤੋਂ ਬਾਅਦ ਕੌਮਾਂਤਰੀ ਸਰਹੱਦਾਂ ਖੁੱਲ੍ਹਣ ਦੇ ਆਸਾਰ
ਇੰਟਰਕਾਮ ਦੀ ਸੁਵਿਧਾ ਨੂੰ ਦਿਓ ਪਹਿਲ
ਬੁਲਾਰੇ ਨੇ ਅੱਗੇ ਕਿਹਾ ਕਿ ਦਫ਼ਤਰਾਂ 'ਚ ਮੋਬਾਇਲ ਫੋਨ ਦੀ ਵਰਤੋਂ ਦੀ ਬਜਾਏ ਇੰਟਰਕਾਮ ਦੀ ਸੁਵਿਧਾ ਨੂੰ ਪਹਿਲ ਦਿੱਤੀ ਜਾਵੇ। ਹਾਲਾਂਕਿ ਇੰਟਰਕਾਮ ਨੂੰ ਰੋਜ਼ਾਨਾ ਡਿਸਇਨਫੈਕਟ ਕੀਤਾ ਜਾਵੇ। ਇਹ ਸਲਾਹ ਦਿੱਤੀ ਜਾਂਦੀ ਹੈ ਕਿ ਮੋਬਾਇਲ ਨਾਲ ਸਬੰਧਤ ਯੂਜ਼ਰ ਸੁਪੋਰਟ ਗਾਈਡਲਾਈਨਜ਼ ਨੂੰ ਧਿਆਨ ਨਾਲ ਪੜ੍ਹਿਆ ਜਾਵੇ ਅਤੇ ਸਬੰਧਤ ਮੋਬਾਇਲ ਕੰਪਨੀ ਦੀ ਵੈਬਸਾਈਟ 'ਤੇ ਜਾ ਕੇ ਇਨ੍ਹਾਂ ਗਾਈਡਲਾਈਨਜ਼ (ਦਿਸ਼ਾ-ਨਿਰਦੇਸ਼ਾਂ) ਦਾ ਅਪਡੇਟਡ ਵਰਜ਼ਨ ਦੇਖਿਆ ਜਾਵੇ। ਐਪਲ ਅਤੇ ਸੈਮਸੰਗ ਦੋਵਾਂ ਕੰਪਨੀਆਂ ਨੇ ਆਪਣੀ ਯੂਜ਼ਰ ਗਾਈਡਲਾਈਨ ਨੂੰ ਅਪਡੇਟ ਕੀਤਾ ਹੈ, ਜਿਸ ਅਨੁਸਾਰ 70 ਫੀਸਦੀ ਆਈਸੋਪ੍ਰੋਪਾਈਲ ਐਲਕੋਹਲ ਜਾਂ ਕਲੋਰੌਕਸ ਡਿਸਇਨਫੈਕਟਿੰਗ ਵਾਈਪਸ ਨਾਲ ਸਵਿੱਚ ਆਫ਼ ਮੋਡ 'ਤੇ ਮੋਬਾਇਲ ਫੋਨ ਦੀ ਸਤਿਹ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਮੋਬਾਇਲ ਫ਼ੋਨ ਦੀ ਸਤਿਹ ਸਾਫ਼ ਕਰਨ ਲਈ ਲੜੀਵਾਰ ਪ੍ਰਕਿਰਿਆ ਬਾਰੇ ਦੱਸਦਿਆਂ ਬੁਲਾਰੇ ਨੇ ਕਿਹਾ ਕਿ ਸਫ਼ਾਈ ਤੋਂ ਪਹਿਲਾਂ ਫੋਨ ਨੂੰ ਬੰਦ ਕਰੋ ਅਤੇ ਜੇਕਰ ਇਸ ਨਾਲ ਕੋਈ ਕਵਰ, ਸਾਮਾਨ ਅਤੇ ਤਾਰਾਂ ਹਨ ਤਾਂ ਉਨ੍ਹਾਂ ਨੂੰ ਉਤਾਰ ਦਿਉ। ਡਿਵਾਇਸ ਦੀ ਸਤਿਹ ਸਾਫ਼ ਕਰਨ ਲਈ ਇਕ ਨਰਮ, ਬਿਨ੍ਹਾਂ ਬੁਰ ਤੋਂ, ਵਾਟਰ ਪਰੂਫ਼ ਵਾਈਪ ਦੀ ਵਰਤੋਂ ਕਰੋ (ਜਿਵੇਂ ਕਿ ਕੈਮਰਾ ਲੈਂਸ ਵਾਈਪ ਆਦਿ)। ਸਫ਼ਾਈ ਵਾਲੇ ਕੱਪੜੇ ਦੇ ਕੋਨੇ ਨੂੰ ਆਈਸੋਪ੍ਰੋਪਾਈਲ ਐਲਕੋਹਲ ਜਾਂ ਕਲੋਰੌਕਸ ਡਿਸਇਨਫੈਕਟ ਦੀ ਥੋੜ੍ਹੀ ਮਾਤਰਾ ਨਾਲ ਗਿੱਲਾ ਕਰੋ ਅਤੇ ਫ਼ੋਨ ਦੇ ਅਗਲੇ ਅਤੇ ਪਿਛਲੇ ਹਿੱਸੇ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਇਸ ਦੌਰਾਨ ਬਲੀਚ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਕਿਸੇ ਵੀ ਖੁੱਲ੍ਹੀ ਜਗ੍ਹਾ ਤੋਂ ਨਮੀ ਨੂੰ ਅੰਦਰ ਜਾਣ ਤੋਂ ਰੋਕਿਆ ਜਾਵੇ। ਕੋਈ ਵੀ ਸਖ਼ਤ ਕੈਮੀਕਲ ਓਲੀਓਫੋਬਿਕ ਸਕ੍ਰੀਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜੋ ਕਿ ਅੱਗੇ ਫੋਨ ਦੀ ਟੱਚ ਸਕ੍ਰੀਨ ਦੀ ਸੈਂਸਟੀਵਿਟੀ ਨੂੰ ਖ਼ਰਾਬ ਕਰ ਸਕਦੀ ਹੈ। ਫ਼ੋਨ ਦੀ ਸਕ੍ਰੀਨ ਉਪਰ ਕੰਪਰੈਸਰ ਜਾਂ ਬਲੀਚ ਦੀ ਸਿੱਧੇ ਤੌਰ 'ਤੇ ਵਰਤੋਂ ਨਾ ਕਰੋ।
ਇਹ ਵੀ ਪੜ੍ਹੋ ► ਚੀਫ਼ ਸੈਕਟਰੀ ਵਿਵਾਦ 'ਚ ਆਇਆ ਨਵਾਂ ਮੋੜ, ਮੁੱਖ ਮੰਤਰੀ ਅਮਰਿੰਦਰ ਸਿੰਘ ਦੀ 'ਲੰਚ ਡਿਪਲੋਮੈਸੀ' ਫਲਾਪ